ਸਾਡੇ ਹਾਕਮ ਇਸ ਸਮੇਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੇ ਹਨ | ਅਸਲ ਵਿੱਚ ਮੌਜੂਦਾ ਸੱਤਾ ਹੀ ਧਰਮ ਤੇ ਆਸਥਾ ਦੇ ਸਹਾਰੇ ਟਿਕੀ ਹੋਈ ਹੈ | ਸੱਤਾ ਹਮੇਸ਼ਾ ਧਰਮ ਨੂੰ ਹਥਿਆਰ ਵਜੋਂ ਵਰਤਦੀ ਰਹੀ ਹੈ | ਇਸ ਸਮੇਂ ਇਹ ਹਥਿਆਰ ਏਨਾ ਖ਼ਤਰਨਾਕ ਹੋ ਚੁੱਕਾ ਹੈ ਕਿ ਇਹ ਸੱਤਾ ਦੇ ਹਰ ਵਿਰੋਧੀ ਨੂੰ ਮੌਤ ਦੇ ਘਾਟ ਉਤਾਰਨ ਲਈ ਬੇਤਾਬ ਰਹਿੰਦਾ ਹੈ | ਧਰਮ ਅਜਿਹੇ ਅੰਧ-ਵਿਸ਼ਵਾਸੀ ਲੋਕਾਂ ਦੀ ਭੀੜ ਤਿਆਰ ਕਰਦਾ ਰਹਿੰਦਾ ਹੈ, ਜਿਹੜੀ ਬੇਰਹਿਮ ਤੇ ਸਮਾਜ ਲਈ ਨੁਕਸਾਨਦੇਹ ਹੁੰਦੀ ਹੈ |
ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਵਿਗਿਆਨ ਸਭ ਰੋਕਾਂ ਨੂੰ ਤੋੜਦਾ ਹੋਇਆ ਅੱਗੇ ਵਧਦਾ ਰਹਿੰਦਾ ਹੈ | ਆਪਣੇ ਆਪ ਰੱਬ ਬਣੇ ਸਾਧਾਂ, ਬਾਬਿਆਂ, ਪੁਜਾਰੀਆਂ ਤੇ ਗੁਰੂਆਂ ਦੇ ਪ੍ਰਪੰਚ ਤਰਕਸ਼ੀਲਤਾ ਅੱਗੇ ਆਖਰ ਹਾਰ ਹੀ ਜਾਂਦੇ ਹਨ | ਇਸੇ ਕਾਰਨ ਦੁਨੀਆ ਪੱਧਰ ‘ਤੇ ਨਾਸਤਿਕਾਂ ਤੇ ਧਰਮ ਨਾ ਮੰਨਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ |
ਬੀਤੇ ਦਸੰਬਰ ਮਹੀਨੇ ਇੰਗਲੈਂਡ ਵਿੱਚ ਹੋਈ ਮਰਦਸ਼ੁਮਾਰੀ ਦੇ ਅੰਕੜੇ ਇਹ ਦੱਸਦੇ ਹਨ ਕਿ ਅੰਧ-ਵਿਸ਼ਵਾਸਾਂ ਉੱਤੇ ਵਿਗਿਆਨ ਦੀ ਜਿੱਤ ਹੁਣ ਰੋਕੀ ਨਹੀਂ ਜਾ ਸਕਦੀ | ਇਨ੍ਹਾਂ ਅੰਕੜਿਆਂ ਅਨੁਸਾਰ ਇੰਗਲੈਂਡ ਤੇ ਵੇਲਜ਼ ਦੇ 40 ਸਾਲ ਤੱਕ ਦੀ ਉਮਰ ਵਾਲੇ 50 ਫ਼ੀਸਦੀ ਲੋਕ ਕਿਸੇ ਧਰਮ ਨੂੰ ਨਹੀਂ ਮੰਨਦੇ | ਦਸ ਸਾਲ ਪਹਿਲਾਂ ਹੋਈ ਮਰਦਮਸ਼ੁਮਾਰੀ ਵਿੱਚ ਧਰਮ ਨਾ ਮੰਨਣ ਵਾਲੇ 37 ਫ਼ੀਸਦੀ ਸਨ | ਬਰਤਾਨੀਆ ਵਿੱਚ 40 ਸਾਲ ਉੱਪਰ ਤੋਂ ਉਮਰ ਵਾਲੇ ਲੋਕਾਂ ਵਿੱਚ ਈਸਾਈ 98 ਲੱਖ ਹਨ, ਜਦੋਂ ਕਿ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ 1 ਕਰੋੜ 36 ਲੱਖ ਹੈ | ਉਮਰ ਦੇ ਹਿਸਾਬ ਨਾਲ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਔਸਤ ਉਮਰ 45 ਸਾਲ, ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ 37 ਸਾਲ, ਯਹੂਦੀਆਂ ਦੀ 41 ਸਾਲ, ਬੁੱਧ ਧਰਮ ਵਾਲਿਆਂ ਦੀ 43 ਸਾਲ ਤੇ ਮੁਸਲਿਮ ਧਰਮ ਵਾਲਿਆਂ ਦੀ 27 ਸਾਲ ਹੈ | ਧਰਮ ਨਾ ਮੰਨਣ ਵਾਲਿਆਂ ਦੀ ਔਸਤ ਉਮਰ 32 ਸਾਲ ਹੈ | ਇਸ ਤੋਂ ਸਾਫ਼ ਹੁੰਦਾ ਹੈ ਕਿ ਈਸਾਈ, ਬੁੱਧ ਤੇ ਯਹੂਦੀ ਧਰਮ ਨੂੰ ਮੰਨਣ ਵਾਲੇ ਲੋਕਾਂ ਵਿੱਚ ਬਹੁਤੇ ਵੱਡੀ ਉਮਰ ਦੇ ਹਨ ਤੇ ਇਨ੍ਹਾਂ ਵਿਚਲੇ ਨੌਜਵਾਨ ਨਾਸਤਿਕਤਾ ਵੱਲ ਵਧ ਰਹੇ ਹਨ |
ਅਮਰੀਕਾ ਵਿੱਚ 2021 ਵਿੱਚ ਹੋਏ ਇੱਕ ਸਰਵੇ ਵਿੱਚ ਸਾਹਮਣੇ ਆਇਆ ਸੀ ਕਿ ਉੱਥੇ 30 ਫ਼ੀਸਦੀ ਤੋਂ ਵੱਧ ਬਾਲਗ ਕੋਈ ਧਰਮ ਨਹੀਂ ਮੰਨਦੇ | ਸੰਨ 2007 ਵਿੱਚ ਇਹ ਗਿਣਤੀ 16 ਫੀਸਦੀ ਸੀ | ਅਮਰੀਕਾ ਵਿੱਚ 2007 ਵਿੱਚ 80 ਫ਼ੀਸਦੀ ਅਬਾਦੀ ਈਸਾਈ ਸੀ, ਜੋ 2021 ਵਿੱਚ 50 ਫ਼ੀਸਦੀ ਰਹਿ ਗਈ ਹੈ | ਈਸਾਈ ਹੋਣ ਦੇ ਬਾਵਜੂਦ 2007 ਵਿੱਚ 18 ਫ਼ੀਸਦੀ ਅਬਾਦੀ ਚਰਚ ਨਹੀਂ ਸੀ ਜਾਂਦੀ, ਹੁਣ 2021 ਵਿੱਚ ਚਰਚ ਨਾ ਜਾਣ ਵਾਲਿਆਂ ਦੀ ਗਿਣਤੀ 32 ਫ਼ੀਸਦੀ ਹੈ |
ਸੰਨ 2015 ਵਿੱਚ ਦੁਨੀਆ ਦੀ ਅਬਾਦੀ 7.3 ਅਰਬ ਸੀ | ਇਨ੍ਹਾਂ ਵਿੱਚੋਂ 2.3 ਅਰਬ ਈਸਾਈ, 1.8 ਅਰਬ ਮੁਸਲਿਮ, ਧਰਮ ਨਾ ਮੰਨਣ ਵਾਲੇ 1.2 ਅਰਬ, ਹਿੰਦੂ 1.1 ਅਰਬ ਤੇ ਬੋਧੀ 50 ਕਰੋੜ ਸਨ | ਜੇਕਰ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ਦੇ ਮੁੱਖ ਦੇਸ਼ਾਂ ਦੀ ਗੱਲ ਕਰੀਏ ਤਾਂ ਚੀਨ ਦੀ 74 ਫ਼ੀਸਦੀ ਅਬਾਦੀ, ਸਵੀਡਨ ਦੀ 73 ਫੀਸਦੀ, ਚੈਕ ਗਣਰਾਜ ਦੀ 72 ਫੀਸਦੀ, ਹਾਲੈਂਡ ਦੀ 66 ਫ਼ੀਸਦੀ, ਜਰਮਨੀ ਦੀ 34 ਫ਼ੀਸਦੀ, ਇਟਲੀ ਦੀ 25 ਫ਼ੀਸਦੀ, ਰੂਸ ਦੀ 22 ਫ਼ੀਸਦੀ, ਬਰਾਜ਼ੀਲ ਦੀ 17 ਫ਼ੀਸਦੀ, ਦੱਖਣੀ ਅਫ਼ਰੀਕਾ ਦੀ 9 ਫ਼ੀਸਦੀ ਤੇ ਭਾਰਤ ਦੀ 2 ਫ਼ੀਸਦੀ ਅਬਾਦੀ ਧਰਮ ਨੂੰ ਨਾ ਮੰਨਣ ਵਾਲਿਆਂ ਦੀ ਹੈ |
ਕੱਟੜ ਇਸਲਾਮੀ ਦੇਸ਼ ਈਰਾਨ ਅੰਦਰ 2020 ਵਿੱਚ ਕੀਤੇ ਗਏ ਸਰਵੇਖਣ ਅਨੁਸਾਰ ਉੱਥੇ ਵੀ 9 ਫ਼ੀਸਦੀ ਲੋਕ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ | ਇਸ ਮੁਤਾਬਕ ਈਰਾਨ ਦੇ ਲੋਕ ਵੀ ਸਾਥੋਂ ਵੱਧ ਵਿਗਿਆਨਕ ਤੇ ਜਾਗਰੂਕ ਹਨ | ਸੰਨ 2017 ਦੇ ਵਿਨ ਗੈਲਪ ਸਰਵੇ ਅਨੁਸਾਰ ਦੁਨੀਆ ਦੀ 62 ਫ਼ੀਸਦੀ ਅਬਾਦੀ ਕਿਸੇ ਨਾ ਕਿਸੇ ਧਰਮ ਨੂੰ ਮੰਨਦੀ ਹੈ | ਇਸ ਮੁਤਾਬਕ ਚੀਨ ਦੇ 16 ਫ਼ੀਸਦੀ, ਸਵੀਡਨ ਦੇ 22 ਫ਼ੀਸਦੀ ਤੇ ਜਪਾਨ ਦੇ 29 ਫ਼ੀਸਦੀ ਲੋਕ ਧਰਮ ਨੂੰ ਨਹੀਂ ਮੰਨਦੇ ਪਰ ਰੱਬ ਦੀ ਹੋਂਦ ਉੱਤੇ ਭਰੋਸਾ ਕਰਦੇ ਹਨ | ਦੁਨੀਆ ਦੇ ਪੱਧਰ ਉੱਤੇ ਵਾਪਰ ਰਿਹਾ ਇਹ ਵਰਤਾਰਾ ਹੀ ਸੱਤਾਧਾਰੀਆਂ ਨੂੰ ਡਰਾ ਰਿਹਾ ਹੈ | ਇਸੇ ਲਈ ਕਦੇ ਉਹ ਧਰਮ ਨੂੰ ਖ਼ਤਰੇ ਦੀ ਦੁਹਾਈ ਦਿੰਦੇ ਹਨ ਤੇ ਕਦੇ ਧਰਮ ਤਬਦੀਲੀ ਦਾ ਸ਼ੋਰ ਮਚਾ ਕੇ ਲੋਕਾਂ ਦੀ ਆਸਥਾ ਨੂੰ ਥੰਮ੍ਹੀਆਂ ਦੇਣ ਦੀ ਕੋਸ਼ਿਸ਼ ਕਰਦੇ ਹਨ, ਪਰ ਵਿਗਿਆਨ ਏਨਾ ਸ਼ਕਤੀਸ਼ਾਲੀ ਹੈ ਕਿ ਉਹ ਆਪਣੇ ਰਸਤੇ ਵਿੱਚ ਆਉਂਦੀ ਹਰ ਅੜਚਣ ਨੂੰ ਤਬਾਹ ਕਰਦਾ ਹੋਇਆ ਅੱਗੇ ਵਧਦਾ ਰਹਿੰਦਾ ਹੈ |