ਸ਼ਿਮਲਾ : ਭਾਰੀ ਬਰਫਬਾਰੀ ਨਾਲ ਸ਼ਿਮਲਾ ‘ਚ ਸਰਦੀਆਂ ਦਸੰਬਰ ਵਿਚ ਹੀ ਸ਼ੁਰੂ ਹੋ ਜਾਂਦੀਆਂ ਸਨ ਅਤੇ ਮਾਰਚ ਦੇ ਅੰਤ ਤੇ ਇੱਥੋਂ ਤੱਕ ਕਿ ਅਪ੍ਰੈਲ ਦੀ ਸ਼ੁਰੂਆਤ ਤੱਕ ਇਹ ਬਰਫ ਨਾਲ ਕੱਜਿਆ ਰਹਿੰਦਾ ਸੀ, ਪਰ ਹੁਣ ਬੀਤੇ ਦੀ ਗੱਲ ਹੋ ਗਈ ਹੈ | ਹਿਮਾਚਲ ਦੀ ਰਾਜਧਾਨੀ ਅੱਜਕੱਲ੍ਹ ਪਹਾੜਾਂ ‘ਤੇ ਸੁੱਕੇ ਘਾਹ ਨਾਲ ਭੂਰੀ ਨਜ਼ਰ ਆਉਂਦੀ ਹੈ |
ਸਥਾਨਕ ਲੋਕ ਤੇ ਕੁਦਰਤਵਾਦੀ ਵਧਦੇ ਤਾਪਮਾਨ ਤੇ ਘਟਦੀ ਬਰਫਬਾਰੀ ਬਾਰੇ ਚਿੰਤਤ ਹਨ, ਕਿਉਂਕਿ ਸੈਲਾਨੀਆਂ ਨੂੰ ਖਿੱਚ ਪਾਉਣ ਵਾਲੀ ਪਹਾੜਾਂ ਦੀ ਰਾਣੀ ਆਪਣੀ ਕਸ਼ਿਸ਼ ਗੁਆ ਰਹੀ ਹੈ |
ਜਲਵਾਯੂ ਮਾਹਰਾਂ ਮੁਤਾਬਕ ਨਾ ਸਿਰਫ ਸ਼ਿਮਲਾ, ਸਗੋਂ ਨਾਲ ਲੱਗਦੇ ਪ੍ਰਸਿੱਧ ਸਕੀਇੰਗ ਟਿਕਾਣਿਆਂ ਕੁਫਰੀ ਤੇ ਨਾਰਕੰਡਾ ਵਿਚ ਵੀ ਬਹੁਤ ਘੱਟ ਬਰਫ ਪੈਂਦੀ ਹੈ | ਟੂਰਿਜ਼ਮ ਇੰਡਸਟਰੀ ਸਟਾਕ ਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐੱਮ ਕੇ ਸੇਠ ਦਾ ਕਹਿਣਾ ਹੈ ਕਿ ਬਰਫ ਨਾ ਪੈਣ ਕਾਰਨ ਸੈਲਾਨੀ ਘੱਟ ਆਉਣ ਕਰਕੇ ਟੂਰਿਜ਼ਮ ਇੰਡਸਟਰੀ ਨੂੰ ਢਾਹ ਲੱਗ ਰਹੀ ਹੈ | ਸਰਕਾਰ ਨੂੰ ਸ਼ਹਿਰ ਦੇ ਉਦਾਲੇ ਹੋਰ ਸੈਲਾਨੀ ਸਥੱਲ ਵਿਕਸਤ ਕਰਨੇ ਚਾਹੀਦੇ ਹਨ |
ਪਹਾੜੀ ਸੂਬੇ ਦੇ ਕੁਲ ਘਰੇਲੂ ਉਤਪਾਦਨ ਨਾਲ ਇਕੱਠੇ ਹੁੰਦੇ ਮਾਲੀਏ ਵਿਚ ਟੂਰਿਜ਼ਮ ਦਾ ਹਿੱਸਾ ਕਰੀਬ ਸਾਢੇ ਸੱਤ ਫੀਸਦੀ ਹੈ | ਬਰਫ ਸਿਰਫ ਸੈਲਾਨੀ ਹੀ ਨਹੀਂ ਖਿੱਚਦੀ, ਸਗੋਂ ਨਦੀ-ਨਾਲਿਆਂ ਨੂੰ ਵੀ ਭਰਦੀ ਹੈ, ਜਿਹੜੇ ਸ਼ਹਿਰ ਦੀ ਪਾਣੀ ਦੀ ਮੰਗ ਪੂਰੀ ਕਰਦੇ ਹਨ | 2018 ਦੀਆਂ ਗਰਮੀਆਂ ਵਿਚ ਪਾਣੀ ਪੰਜਵੇਂ-ਛੇਵੇਂ ਦਿਨ ਮਿਲਿਆ ਸੀ | ਨਤੀਜੇ ਵਜੋਂ ਭਰ ਗਰਮੀਆਂ ਵਿਚ ਸੈਲਾਨੀਆਂ ਦੀ ਆਮਦ ਕਾਫੀ ਘਟ ਗਈ ਸੀ | ਮੌਸਮ ਵਿਭਾਗ ਮੁਤਾਬਕ 1989-90 ਦੇ ਨਵੰਬਰ ਤੋਂ ਮਾਰਚ ਤੱਕ ਸ਼ਿਮਲਾ ਵਿਚ 556.7 ਸੈਂਟੀਮੀਟਰ ਬਰਫ ਪਈ ਸੀ, ਜਿਹੜੀ 2008-09 ਦੇ ਏਸੇ ਸਮੇਂ ਵਿਚ ਘਟ ਕੇ 105.2 ਸੈਂਟੀਮੀਟਰ ਰਹਿ ਗਈ ਸੀ | ਪੁਰਾਣੇ ਲੋਕ ਦੱਸਦੇ ਹਨ ਕਿ 1945 ਵਿਚ ਸ਼ਿਮਲਾ ਵਿਚ 360 ਤੋਂ 450 ਸੈਂਟੀਮੀਟਰ ਤੱਕ ਬਰਫ ਪੈ ਗਈ ਸੀ | ਇੱਥੋਂ ਤੱਕ ਕਿ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਢਕਿਆ ਗਿਆ ਸੀ | ਸਥਾਨਕ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਕਿਤੇ ਲੋੜੋਂ ਵੱਧ ਬਰਫ ਪੈ ਜਾਂਦੀ ਹੈ ਤੇ ਕਿਤੇ ਲੋੜੋਂ ਕਿਤੇ ਘੱਟ, ਸਭ ਗਲੋਬਲ ਵਾਰਮਿੰਗ ਦਾ ਨਤੀਜਾ ਹੈ | ਮਾਹਰਾਂ ਦਾ ਕਹਿਣਾ ਹੈ ਕਿ ਪਹਾੜਾਂ ਦੀ ਅੰਨੇ੍ਹਵਾਹ ਕਟਾਈ, ਬਹੁਮੰਜ਼ਲਾ ਇਮਾਰਤਾਂ ਦੀ ਉਸਾਰੀ ਤੇ ਆਬਾਦੀ ਵਿਚ ਕਈ ਗੁਣਾ ਵਾਧਾ ਤੇ ਵਧਦੀ ਮਨੁੱਖੀ ਸਰਗਰਮੀ ਸ਼ਿਮਲਾ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ | ਹਾਲਤ ਇਹ ਹੋ ਗਈ ਹੈ ਕਿ ਹੁਣ ਇਹ ਸਿਆਲਾਂ ਵਿਚ ਮੈਦਾਨੀ ਇਲਾਕਿਆਂ ਨਾਲੋਂ ਗਰਮ ਹੋਣ ਲੱਗ ਪਿਆ ਹੈ | ਜਲਵਾਯੂ ਤਬਦੀਲੀ ਬਾਰੇ ਸੂਬਾਈ ਕੇਂਦਰ ਤੇ ਅਹਿਮਦਾਬਾਦ ਦੇ ਇਸਰੋ ਦੇ ਸਪੇਸ ਐਪਲੀਕੇਸ਼ਨਜ਼ ਸੈਂਟਰ ਵੱਲੋਂ ਮਿਲ ਕੇ ਕੀਤੇ ਗਏ ਸਰਵੇ ਮੁਤਾਬਕ 2020-21 ਵਿਚ ਸੂਬੇ ਵਿਚ ਬਰਫ ਦੀ ਚਾਦਰ ਸਾਢੇ 18 ਫੀਸਦੀ ਸੁੰਗੜ ਗਈ ਸੀ | ਬਰਫ ਦੀ ਘਾਟ ਕਾਰਨ ਸੂਬੇ ਦੀ ਪੰਜ ਹਜ਼ਾਰ ਕਰੋੜ ਦੀ ਸੇਬ ਆਰਥਿਕਤਾ ਨੂੰ ਵੀ ਮਾਰ ਪੈ ਰਹੀ ਹੈ |