ਦੁਬਈ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ (79 ) ਦਾ ਲੰਮੀ ਬਿਮਾਰੀ ਤੋਂ ਬਾਅਦ ਦੁਬਈ ‘ਚ ਦੇਹਾਂਤ ਹੋ ਗਿਆ | ਉਨ੍ਹਾ ਦਾ ਅਮਰੀਕੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ | ਉਹ 20 ਜੂਨ 2001 ਤੋਂ 18 ਅਗਸਤ 2008 ਤੱਕ ਰਾਸ਼ਟਰਪਤੀ ਰਹੇ | ਮਈ 2016 ਵਿਚ ਅਦਾਲਤ ਵੱਲੋਂ ਦੇਸ਼ਧ੍ਰੋਹ ਦੇ ਦੋਸ਼ ਤੈਅ ਕਰਨ ਤੋਂ ਬਾਅਦ ਉਹ ਦੁਬਈ ਚਲੇ ਗਏ ਸਨ ਤੇ ਉਨ੍ਹਾ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ |
ਜੂਨ 2022 ਵਿਚ ਉਨ੍ਹਾ ਦੇ ਪਰਵਾਰ ਨੇ ਕਿਹਾ ਸੀ ਕਿ ਉਹ ਅਮਾਈਲਾਇਡੋਸਿਸ ਨਾਂਅ ਦੀ ਬੀਮਾਰੀ ਨਾਲ ਜੂਝ ਰਹੇ ਹਨ | ਇਸ ਨਾਲ ਉਨ੍ਹਾ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ | ਇਸ ਬਿਮਾਰੀ ਨਾਲ ਇਨਸਾਨ ਦੇ ਸਰੀਰ ‘ਚ ਅਮਾਈਲਾਇਡ ਨਾਂਅ ਦਾ ਪ੍ਰੋਟੀਨ ਬਣਨ ਲੱਗਦਾ ਹੈ, ਜਿਹੜਾ ਦਿਲ, ਕਿਡਨੀ, ਲਿਵਰ, ਨਰਵਸ ਸਿਸਟਮ ਤੇ ਦਿਮਾਗ ਆਦਿ ਵਿਚ ਜਮ੍ਹਾਂ ਹੋਣ ਲੱਗਦਾ ਹੈ, ਜਿਸ ਕਰਕੇ ਇਨ੍ਹਾਂ ਅੰਗਾਂ ਦੇ ਟਿਸ਼ੂ ਕੰਮ ਨਹੀਂ ਕਰ ਪਾਉਂਦੇ | ਕਾਲਜ ਦੀ ਪੜ੍ਹਾਈ ਖਤਮ ਕਰਨ ਦੇ ਬਾਅਦ 21 ਸਾਲ ਦੀ ਉਮਰ ‘ਚ ਉਹ ਜੂਨੀਅਰ ਅਫਸਰ ਵਜੋਂ ਫੌਜ ‘ਚ ਭਰਤੀ ਹੋਏ | 1965 ਵਿਚ ਉਹ ਭਾਰਤ ਖਿਲਾਫ ਜੰਗ ਲੜੇ | ਪਾਕਿਸਤਾਨ ਹਾਰ ਗਿਆ ਸੀ, ਪਰ ਫਿਰ ਵੀ ਮੁਸ਼ੱਰਫ ਨੂੰ ਮੈਡਲ ਦਿੱਤਾ ਗਿਆ ਸੀ | 1971 ਦੀ ਭਾਰਤ ਵਿਰੁੱਧ ਜੰਗ ਵਿਚ ਉਨ੍ਹਾ ਦੀ ਅਹਿਮ ਭੂਮਿਕਾ ਰਹੀ | ਸਰਕਾਰ ਨੇ ਉਨ੍ਹਾ ਨੂੰ ਕਈ ਵਾਰ ਤਰੱਕੀ ਦਿੱਤੀ ਤੇ 1998 ਵਿਚ ਜਨਰਲ ਬਣਾ ਦਿੱਤਾ | ਉਨ੍ਹਾ ਭਾਰਤ ਖਿਲਾਫ ਕਾਗਗਿਲ ਜੰਗ ਦੀ ਸਾਜ਼ਿਸ਼ ਰਚੀ | ਉਨ੍ਹਾ ਆਪਣੀ ਪੁਸਤਕ ‘ਇਨ ਦੀ ਲਾਈਨ ਆਫ ਫਾਇਰ—ਏ ਮੇਮਾਇਰ’ ਵਿਚ ਮੁਸ਼ੱਰਫ ਨੇ ਲਿਖਿਆ ਸੀ ਕਿ ਉਨ੍ਹਾ ਕਾਗਗਿਲ ‘ਤੇ ਕਬਜ਼ਾ ਕਰਨ ਦੀ ਸਹੁੰ ਖਾਧੀ ਸੀ, ਪਰ ਵੇਲੇ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕਰਕੇ ਅਜਿਹਾ ਨਹੀਂ ਕਰ ਸਕੇ |
ਨਵਾਜ਼ ਸ਼ਰੀਫ ਨੇ 1998 ਵਿਚ ਉਨ੍ਹਾ ਨੂੰ ਜਨਰਲ ਬਣਾਇਆ ਸੀ ਤੇ ਮੁਸ਼ੱਰਫ ਨੇ 1999 ਵਿਚ ਉਨ੍ਹਾ ਦਾ ਤਖਤਾ ਪਲਟ ਦਿੱਤਾ ਸੀ | ਨਵਾਜ਼ ਸ਼ਰੀਫ ਨੂੰ ਪਰਵਾਰ ਸਣੇ ਦੇਸ਼ ਛੱਡਣਾ ਪਿਆ ਸੀ |
ਸੱਤਾ ਵਿਚ ਰਹਿੰਦਿਆਂ ਮੁਸ਼ੱਰਫ ਨੇ ਬਲੋਚਿਸਤਾਨ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਸੈਂਕੜੇ ਲੋਕ ਮਾਰ ਦਿੱਤੇ ਸਨ |
ਮੁਸ਼ੱਰਫ ਦਾ ਜਨਮ 1943 ਵਿਚ ਦਿੱਲੀ ‘ਚ ਹੋਇਆ ਸੀ | ਉਨ੍ਹਾ ਦੇ ਦਾਦਾ ਟੈਕਸ ਕੁਲੈਕਟਰ ਤੇ ਪਿਤਾ ਬਿ੍ਟਿਸ਼ ਹਕੂਮਤ ਦੇ ਵੱਡੇ ਅਫਸਰ ਰਹੇ | ਮੁਸ਼ੱਰਫ ਪਰਵਾਰ ਦੀ ਪੁਰਾਣੀ ਦਿੱਲੀ ਵਿਚ ਵੱਡੀ ਹਵੇਲੀ ਸੀ |