ਅੰਕਾਰਾ : ਤੁਰਕੀ ਅਤੇ ਸੀਰੀਆ ‘ਚ ਸੋਮਵਾਰ ਆਏ ਭੁਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 5151 ਹੋ ਗਈ ਹੈ | ਹਜ਼ਾਰਾਂ ਲੋਕ ਹਾਲੇ ਵੀ ਲਾਪਤਾ ਹਨ | ਇਸ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰਿਸੇਪ ਤੈਯਪ ਏਦਰੋਆਨ ਨੇ 10 ਸੂਬਿਆਂ ‘ਚ ਤਿੰਨ ਮਹੀਨਆਂ ਲਈ ਐਮਰਜੈਂਸੀ ਲਾ ਦਿੱਤੀ ਹੈ | ਇਹ ਇਲਾਕੇ ਭੁਚਾਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ | ਏਦਰੋਆਨ ਨੇ ਕਿਹਾ ਕਿ ਤੁਰਕੀ ‘ਚ 70 ਦੇਸ਼ਾਂ ਨੇ ਮਦਦ ਭੇਜਣ ਦਾ ਐਲਾਨ ਕੀਤਾ ਹੈ | ਏਧਰ ਭਾਰਤ ਨੇ ਵੀ ਤੁਰਕੀ ਨੂੰ ਮਦਦ ਭੇਜੀ ਹੈ | ਇੰਡੀਅਨ ਏਅਰ ਫੋਰਸ ਦਾ ਸੀ-17 ਜਹਾਜ਼ ਐੱਨ ਡੀ ਆਰ ਐੱਫ ਦੀਆਂ ਟੀਮਾਂ, ਡਾਕਟਰਾਂ ਤੇ ਰਾਹਤ ਸਮਗਰੀ ਨਾਲ ਉਥੇ ਪਹੁੰਚ ਚੁੱਕਾ ਹੈ |
ਡਬਲਯੂ ਐੱਚ ਓ ਨੇ ਕਿਹਾ ਕਿ ਇਸ ਭੁਚਾਲ ਨਾਲ ਪ੍ਰਭਾਵਤ ਹੋਣ ਵਾਲਿਆਂ ਦੀ ਗਿਣਤੀ 2 ਕਰੋੜ ਤੱਕ ਜਾ ਸਕਦੀ ਹੈ | ਉਥੇ ਹੀ ਮਰਨ ਵਾਲਿਆਂ ਦਾ ਅੰਕੜਾ 20 ਹਜ਼ਾਰ ਤੱਕ ਜਾ ਸਕਦਾ ਹੈ | ਤੁਰਕੀ ਦੀ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ ਕਿਹਾ ਕਿ 11 ਹਜ਼ਾਰ ਤੋਂ ਵੱਧ ਇਮਾਰਤਾਂ ਢੇਰੀ ਹੋ ਗਈਆਂ ਹਨ | ਉਨ੍ਹਾ ਕਿਹਾ ਕਿ ਜਿੱਥੇ ਕਦੀ ਚਮਚਮਾਉਂਦੀਆਂ ਇਮਾਰਤਾਂ ਹੁੰਦੀਆਂ ਸਨ, ਉਥੇ ਹੁਣ ਢੇਰਾਂ ਟਨ ਮਲਬਾ ਪਿਆ ਹੈ | ਤੁਰਕੀ ਦੀ ਐਮਰਜੈਂਸੀ ਏਜੰਸੀ ਏ ਏ ਐੱਫ ਏ ਡੀ ਨੇ ਕਿਹਾ ਕਿ 65 ਦੇਸ਼ਾਂ ਨੇ 2600 ਤੋਂ ਜ਼ਿਆਦਾ ਬਚਾਅਕਰਮੀ ਮਦਦ ਲਈ ਅੱਗੇ ਆਏ ਹਨ | ਯੂ ਐੱਨ ਨੇ ਕਿਹਾ ਕਿ ਬਰਫ਼ਬਾਰੀ ਅਤੇ ਬਾਰਿਸ਼ ਕਾਰਨ ਭੁਚਾਲ ਪ੍ਰਭਾਵਤ ਦੋਵਾਂ ਦੇਸ਼ਾਂ ‘ਚ ਬਚਾਅ ਕੰਮ ਪ੍ਰਭਾਵਤ ਹੋ ਰਹੇ ਹਨ | ਐਮਰਜੈਂਸੀ ਸਰਵਿਸ ਦੀਆਂ ਟੀਮਾਂ ਨੂੰ ਰੈਸਕਿਊ ‘ਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ | ਤੁਰਕੀ ਦੇ ਹਤਾਆ ਸੂਬੇ ‘ਚ ਇੱਕ ਆਦਮੀ ਨੇ ਰੋਂਦੇ ਹੋਏ ਕਿਹਾ ਕਿ ਇਮਾਰਤਾਂ ਦੇ ਢੇਰ ‘ਚ ਦੱਬੇ ਲੋਕ ਜਾਨ ਬਚਾਉਣ ਲਈ ਚੀਕ ਰਹੇ ਹਨ | ਭੁੱਖ ਅਤੇ ਕੜਾਕੇ ਦੀ ਠੰਢ ਨਾਲ ਪ੍ਰੇਸ਼ਾਨ ਹਨ | ਭੁਚਾਲ ਦੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਸ ਤੋਂ ਬਾਅਦ ਕਈ ਲੋਕ ਜੋ ਬਚ ਗਏ ਹਨ ਆਪਣੇ ਘਰਾਂ ‘ਚ ਵਾਪਸ ਜਾਣ ਤੋਂ ਡਰ ਰਹੇ ਹਨ |
ਸੀਰੀਆ ਦੇ ਕਈ ਸ਼ਹਿਰਾਂ ‘ਚ ਬਹੁਤ ਤਬਾਹੀ ਹੋਈ ਹੈ | ਲੋਕ ਦਰਦ ਨਾਲ ਚੀਕ ਰਹੇ ਹਨ ਅਤੇ ਮਦਦ ਲਈ ਉਥੇ ਹਾਲੇ ਤੱਕ ਕੋਈ ਨਹੀਂ ਪਹੁੰਚਿਆ | ਇਹ ਇਸ ਤਰ੍ਹਾਂ ਦਾ ਇਲਾਕਾ ਹੈ, ਜਿੱਥੇ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਯੁੱਧ ਕਾਰਨ ਪਹਿਲਾਂ ਹੀ ਕਾਫ਼ੀ ਤਬਾਹੀ ਦਾ ਮਾਹੌਲ ਸੀ | ਜਦ ਭੁਚਾਲ ਆਇਆ ਤਾਂ ਇਹ ਡਰਾ ਦੇਣ ਵਾਲਾ ਦਿ੍ਸ਼ ਅਤੇ ਦਰਦ ਲੋਕਾਂ ਨੂੰ ਦੇ ਗਿਆ | ਤੁਰਕੀ ਦੇ ਨੀਲੋਫਰ ਦਾ ਕਹਿਣਾ ਹੈ ਕਿ ਮੈਂ ਆਪਣੇ ਜੀਵਨ ‘ਚ ਇਸ ਤਰ੍ਹਾਂ ਦਾ ਭੁਚਾਲ ਨਹੀਂ ਦੇਖਿਆ | ਅਸੀਂ ਲਗਭਗ ਇੱਕ ਮਿੰਟ ਤੱਕ ਏਧਰ-ਓਧਰ ਝੂਲਦੇ ਰਹੇ | ਜਦ ਅਪਾਰਟਮੈਂਟ ਹਿਲਣ ਲੱਗਾ ਤਾਂ ਮੈਨੂੰ ਲੱਗਾ ਕਿ ਮੇਰਾ ਪਰਵਾਰ ਹੁਣ ਨਹੀਂ ਬਚੇਗਾ | ਮੈਨੂੰ ਲੱਗਾ ਕਿ ਭੁਚਾਲ ਨਾਲ ਮਰ ਜਾਵਾਂਗੇ | ਤੁਰਕੀ ਦੇ ਸ਼ਹਿਰ ਮਾਲਾਤਿਆ ‘ਚ ਰਹਿਣ ਵਾਲੀ 25 ਸਾਲ ਦੀ ਆਜਗੁਲ ਕੋਨਾਕਚੀ ਨੇ ਕਿਹਾ—ਮਲਬੇ ਅੰਦਰ ਲੋਕਾਂ ਦੀ ਤਲਾਸ਼ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ | ਇੱਥੇ ਬਹੁਤ ਠੰਢ ਹੈ ਅਤੇ ਇਸ ਸਮੇਂ ਬਰਫਬਾਰੀ ਹੋ ਰਹੀ ਹੈ | ਹਰ ਕੋਈ ਸੜਕਾਂ ‘ਤੇ ਹੈ, ਲੋਕ ਪੇ੍ਰਸ਼ਾਨ ਹਨ | ਕਰਨ | ਸਾਡੀਆਂ ਅੱਖਾਂ ਦੇ ਸਾਹਮਣੇ ਭੁਚਾਲ ਦੇ ਪ੍ਰਭਾਵ ਨਾਲ ਇੱਕ ਇਮਾਰਤ ਦੀਆਂ ਖਿੜਕੀਆਂ ਟੁੱਟ ਗਈਆਂ ਸਨ |