ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਮੰਗਲਵਾਰ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਸਾਬਕਾ ਫੌਜੀ ਅਫਸਰਾਂ ਅਤੇ ਲੋਕਾਂ ਨੇ ਉਨ੍ਹਾ ਨੂੰ ਦੱਸਿਆ ਹੈ ਕਿ ਅਗਨੀਪਥ ਯੋਜਨਾ ਫੌਜ ‘ਤੇ ਮੜ੍ਹੀ ਗਈ ਹੈ, ਇਹ ਫੌਜ ਤੋਂ ਨਹੀਂ, ਸਗੋਂ ਆਰ ਐੱਸ ਐੱਸ ਅਤੇ ਗ੍ਰਹਿ ਮੰਤਰਾਲੇ ਤੋਂ ਆਈ ਹੈ | ਉਨ੍ਹਾ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ‘ਚ ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ | ਉਨ੍ਹਾ ਕਿਹਾ—ਮੈਂ ਦੇਸ਼ ‘ਚ ਜਿੱਥੇ ਵੀ ਗਿਆ, ਹਰ ਪਾਸੇ ਇੱਕੋ ਨਾਂਅ ‘ਅਡਾਨੀ’ ਸੁਣਨ ਨੂੰ ਮਿਲਿਆ | ਲੋਕਾਂ ਨੇ ਪੁੱਛਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਉਨ੍ਹਾ ਦਾ ਕੀ ਰਿਸ਼ਤਾ ਹੈ |
ਰਾਹੁਲ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ 2014 ਵਿਚ ਅਡਾਨੀ 609 ਨੰਬਰ ‘ਤੇ ਸਨ | ਜਾਦੂ ਹੋਇਆ ਤੇ ਦੂਜੇ ਨੰਬਰ ‘ਤੇ ਪੁੱਜ ਗਏ | ਉਨ੍ਹਾ ਕਿਹਾ—ਹਿਮਾਚਲ ‘ਚ ਸੇਬ ਦੀ ਗੱਲ ਹੁੰਦੀ ਹੈ ਤਾਂ ਅਡਾਨੀ, ਕਸ਼ਮੀਰ ਵਿਚ ਸੇਬ ਤਾਂ ਅਡਾਨੀ, ਪੋਰਟ ਤੇ ਏਅਰਪੋਰਟ ਸਭ ਥਾਂ ਅਡਾਨੀ ਜੀ, ਸੜਕ ‘ਤੇ ਚੱਲ ਰਹੇ ਹੋ ਤਾਂ ਅਡਾਨੀ ਜੀ | ਲੋਕਾਂ ਨੇ ਪੁੱਛਿਆ ਕਿ ਅਡਾਨੀ ਜੀ ਨੂੰ ਸਫਲਤਾ ਕਿਵੇਂ ਮਿਲੀ? ਸਭ ਤੋਂ ਜ਼ਰੂਰੀ ਸਵਾਰ ਕਿ ਇਨ੍ਹਾਂ ਦਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਾਲ ਕੀ ਰਿਸ਼ਤਾ ਹੈ ਤੇ ਕਿਹੋ ਜਿਹਾ ਰਿਸ਼ਤਾ ਹੈ? ਅਡਾਨੀ ਤੇ ਮੋਦੀ ਦੀ ਤਸਵੀਰ ਦਿਖਾਉਂਦਿਆਂ ਰਾਹੁਲ ਨੇ ਅੱਗੇ ਕਿਹਾ—ਕੁਝ ਸਾਲ ਪਹਿਲਾਂ ਸਰਕਾਰ ਨੇ ਏਅਰਪੋਰਟ ਵਿਕਸਤ ਕਰਨ ਨੂੰ ਦਿੱਤੇ | ਨਿਯਮ ਸੀ ਕਿ ਨਾਤਜਰਬੇਕਾਰ ਇਹ ਕੰਮ ਨਹੀਂ ਕਰ ਸਕਦਾ | ਸਰਕਾਰ ਨੇ ਨਿਯਮ ਬਦਲਿਆ ਤੇ ਅਡਾਨੀ ਜੀ ਨੂੰ 6 ਏਅਰਪੋਰਟ ਦੇ ਦਿੱਤੇ ਗਏ | ਦੁਨੀਆ ਦਾ ਸਭ ਤੋਂ ਵੱਧ ਕਮਾਈ ਮੁਨਾਫੇਬਖਸ਼ ਮੁੰਬਈ ਏਅਰਪੋਰਟ ਜੀ ਵੀ ਕੇ ਨੇ ਹਾਈਜੈੱਕ ਕਰ ਲਿਆ | ਸੀ ਬੀ ਆਈ ਤੇ ਈ ਡੀ ਦੀ ਵਰਤੋਂ ਕਰਕੇ ਉਸ ਏਅਰਪੋਰਟ ਨੂੰ ਅਡਾਨੀ ਜੀ ਦੇ ਹਵਾਲੇ ਕਰ ਦਿੱਤਾ ਗਿਆ | ਰਿਜ਼ਲਟ ਆਇਆ ਕਿ ਅੱਜ ਅਡਾਨੀ ਜੀ ਹਿੰਦੁਸਤਾਨ ਦੇ 24 ਫੀਸਦੀ ਏਅਰਪੋਰਟ ਲੈ ਗਏ | ਹਿੰਦੁਸਤਾਨ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਨੇ ਇਹ ਸਹੂਲਤ ਦਿੱਤੀ | ਤੁਸੀਂ ਦੇਖਿਆ ਕਿ ਏਅਰਪੋਰਟ ਬਿਜ਼ਨਸ ਵਿਚ 30 ਫੀਸਦੀ ਮਾਰਕਿਟ ਸ਼ੇਅਰ ਅਡਾਨੀ ਜੀ ਦਾ ਹੈ |
ਰਾਹੁਲ ਨੇ ਕਿਹਾ—ਅਸੀਂ ਵਿਦੇਸ਼ ਨੀਤੀ ਦੀ ਗੱਲ ਕਰਦੇ ਹਾਂ | ਡਿਫੈਂਸ ਤੋਂ ਸ਼ੁਰੂ ਕਰਦੇ ਹਾਂ | ਡਿਫੈਂਸ ਵਿਚ ਅਡਾਨੀ ਜੀ ਦਾ ਜ਼ੀਰੋ ਤਜਰਬਾ ਸੀ | ਪ੍ਰਧਾਨ ਮੰਤਰੀ ਇਜ਼ਰਾਈਲ ਜਾਂਦੇ ਹਨ ਤੇ ਫਿਰ ਅਡਾਨੀ ਜੀ ਨੂੰ ਕਾਂਟ੍ਰੈਕਟ ਮਿਲ ਜਾਂਦਾ ਹੈ | ਇਨ੍ਹਾਂ ਕੋਲ ਡਿਫੈਂਸ ਦੀਆਂ ਚਾਰ ਕੰਪਨੀਆਂ ਹਨ | ਅਡਾਨੀ ਨੂੰ ਜਾਦੂ ਨਾਲ ਮੇਂਟੇਨੈਂਸ ਦਾ ਕਾਂਟ੍ਰੈਕਟ, ਇਜ਼ਰਾਈਲੀ ਡਰੋਨ ਤੇ ਛੋਟੇ ਹਥਿਆਰਾਂ ਦਾ ਕਾਂਟ੍ਰੈਕਟ ਮਿਲ ਜਾਂਦਾ ਹੈ | ਉਸ ਵਿਚ ਪੈਗਾਸਸ ਵੀ ਹੈ | ਹਿੰਦੁਸਤਾਨ-ਇਜ਼ਰਾਈਲ ਦਾ ਡਿਫੈਂਸ ਬਿਜ਼ਨਸ 90 ਫੀਸਦੀ ਅਡਾਨੀ ਜੀ ਲੈ ਗਏ |
ਰਾਹੁਲ ਨੇ ਗੱਲ ਜਾਰੀ ਰੱਖਦਿਆਂ ਕਿਹਾ—ਆਸਟਰੇਲੀਆ ਚਲਦੇ ਹਾਂ | ਪ੍ਰਧਾਨ ਮੰਤਰੀ ਆਸਟਰੇਲੀਆ ਜਾਂਦੇ ਹਨ ਤੇ ਜਾਦੂ ਨਾਲ ਸਟੇਟ ਬੈਂਕ ਆਫ ਇੰਡੀਆ ਇਕ ਅਰਬ ਡਾਲਰ ਦਾ ਕਰਜ਼ਾ ਅਡਾਨੀ ਜੀ ਨੂੰ ਦੇ ਦਿੰਦੀ ਹੈ | ਉਸ ਦੇ ਬਾਅਦ ਬੰਗਲਾਦੇਸ਼ ਗਏ, ਉਥੇ ਬਿਜਲੀ ਵੇਚਣ ਦਾ ਫੈਸਲਾ ਲਿਆ ਜਾਂਦਾ ਹੈ | ਕੁਝ ਦਿਨ ਬਾਅਦ ਬੰਗਲਾਦੇਸ਼ ਪਾਵਰ ਡਿਵੈੱਲਪਮੈਂਟ ਬੋਰਡ 25 ਸਾਲ ਦਾ ਕਾਂਟ੍ਰੈਕਟ ਅਡਾਨੀ ਜੀ ਨਾਲ ਸਾਈਨ ਕਰਦਾ ਹੈ | ਸ੍ਰੀਲੰਕਾ ਚਲਦੇ ਹਾਂ | ਜੂਨ 2022 ਵਿਚ ਇਲੈਕਟ੍ਰੀਸਿਟੀ ਬੋਰਡ ਨੇ ਸੰਸਦ ਵਿਚ ਦੱਸਿਆ ਕਿ ਰਾਸ਼ਟਰਪਤੀ ਰਾਜਪਕਸ਼ਾ ਨੇ ਉਨ੍ਹਾ ਨੂੰ ਕਿਹਾ ਸੀ ਕਿ ਮੋਦੀ ਜੀ ਨੇ ਉਨ੍ਹਾ ‘ਤੇ ਦਬਾਅ ਪਾਇਆ ਸੀ ਕਿ ਅਡਾਨੀ ਨੂੰ ਵਿੰਡ ਪਾਵਰ ਪ੍ਰੋਜੈਕਟ ਦੇ ਦਿੱਤਾ ਜਾਏ |
ਰਾਹੁਲ ਨੇ ਇਹ ਵੀ ਕਿਹਾ—ਅਸੀਂ ਭਾਰਤ ਜੋੜੋ ਯਾਤਰਾ ਦੌਰਾਨ ਲੋਕਾਂ ਦੀ ਆਵਾਜ਼ ਸੁਣੀ | ਯਾਤਰਾ ਬੋਲਣ ਲੱਗੀ | ਕੋਈ ਆਉਂਦਾ ਸੀ, ਕਹਿੰਦਾ ਸੀ ਕਿ ਬੇਰੁਜ਼ਗਾਰ ਹਾਂ | ਹਜ਼ਾਰਾਂ ਕਿਸਾਨ ਆਏ | ਪੀ ਐੱਮ ਬੀਮਾ ਯੋਜਨਾ ਦੀ ਗੱਲ ਕੀਤੀ | ਬੋਲੇ, ਅਸੀਂ ਪੈਸੇ ਭਰਦੇ ਹਾਂ, ਤੂਫਾਨ-ਹਨੇਰੀ ਆਉਂਦੀ ਹੈ ਤੇ ਪੈਸਾ ਗਾਇਬ ਹੋ ਜਾਂਦਾ ਹੈ | ਕਿਸਾਨਾਂ ਨੇ ਇਹ ਵੀ ਕਿਹਾ ਕਿ ਸਾਡੀ ਜ਼ਮੀਨ ਖੋਹ ਲਈ ਜਾਂਦੀ ਹੈ ਤੇ ਸਹੀ ਰੇਟ ਨਹੀਂ ਮਿਲਦਾ | ਜ਼ਮੀਨ ਅਧਿਗ੍ਰਹਿਣ ਬਿੱਲ ਲਾਗੂ ਨਹੀਂ ਹੁੰਦਾ | ਆਦਿਵਾਸੀਆਂ ਨੇ ਕਿਹਾ ਕਿ ਟ੍ਰਾਈਬਲ ਬਿੱਲ ਵਿਚ ਜੋ ਦਿੱਤਾ ਜਾਂਦਾ ਸੀ, ਉਹ ਖੋਹਿਆ ਜਾ ਰਿਹਾ ਹੈ | ਅਗਨੀਵੀਰ ਦੀ ਵੀ ਗੱਲ ਕੀਤੀ ਲੋਕਾਂ ਨੇ | ਹਿੰਦੁਸਤਾਨ ਦਾ ਯੁਵਾ, ਜੋ ਚਾਰ ਵਜੇ ਦੌੜਦਾ ਹੈ ਭਰਤੀ ਹੋਣ ਲਈ, ਉਹ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੈ | ਉਨ੍ਹਾਂ ਸਾਨੂੰ ਕਿਹਾ ਕਿ ਪਹਿਲਾਂ 15 ਸਾਲ ਦੀ ਸਰਵਿਸ ‘ਤੇ ਪੈਨਸ਼ਨ ਮਿਲਦੀ ਸੀ, ਹੁਣ ਚਾਰ ਸਾਲ ਬਾਅਦ ਕੱਢ ਦਿੱਤਾ ਜਾਵੇਗਾ | ਪੈਨਸ਼ਨ ਨਹੀਂ ਮਿਲੇਗੀ | ਆਰਮੀ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਗਨੀਪਥ ਯੋਜਨਾ ਆਰਮੀ ਦੇ ਅੰਦਰੋਂ ਨਹੀਂ, ਸੰਘ ਤੇ ਗ੍ਰਹਿ ਮੰਤਰਾਲੇ ਤੋਂ ਆਈ ਹੈ | ਉਨ੍ਹਾ ਕਿਹਾ ਕਿ ਇਹ ਆਰਮੀ ਦੇ ਉੱਪਰ ਮੜ੍ਹੀ ਗਈ ਯੋਜਨਾ ਹੈ | ਰਿਟਾਇਰਡ ਜਨਰਲ ਨੇ ਕਿਹਾ ਕਿ ਇਹ ਆਰਮੀ ਨੂੰ ਕਮਜ਼ੋਰ ਕਰੇਗੀ | ਬੋਲੇ ਕਿ ਹਜ਼ਾਰਾਂ ਲੋਕਾਂ ਨੂੰ ਹਥਿਆਰ ਦੀ ਟਰੇਨਿੰਗ ਦੇ ਰਹੇ ਹਨ ਤੇ ਫਿਰ ਸਮਾਜ ਵਿਚ ਪਾ ਰਹੇ ਹਨ | ਉਨ੍ਹਾਂ ਦੇ ਮਨ ਵਿਚ ਸੀ ਕਿ ਇਹ ਜੋ ਅਗਨੀਪਥ ਯੋਜਨਾ ਹੈ, ਉਹ ਆਰਮੀ ਦੇ ਅੰਦਰੋਂ ਨਹੀਂ ਆਈ | ਮੈਨੂੰ ਲੱਗਦਾ ਹੈ ਕਿ ਅਜੀਤ ਡੋਭਾਲ ਜੀ ਨੇ ਇਹ ਯੋਜਨਾ ਮੜ੍ਹੀ ਹੈ | ਉਨ੍ਹਾਂ ਕਿਹਾ ਕਿ ਯੁਵਾ ਕਹਿ ਰਿਹਾ ਹੈ ਕਿ ਇਹ ਯੋਜਨਾ ਨਹੀਂ ਚਾਹੀਦੀ, ਆਰਮੀ ਕਹਿ ਰਹੀ ਹੈ ਕਿ ਸਾਨੂੰ ਯੋਜਨਾ ਨਹੀਂ ਚਾਹੀਦੀ |