ਸ਼ਾਹਕੋਟ, (ਗਿਆਨ ਸੈਦਪੁਰੀ)-‘ਅਕਾਲੀ ਦਲ (ਬਾਦਲ) ਜੇਕਰ ਆਪਣਾ ਸਿਆਸੀ ਅਕਸ ਜਮਹੂਰੀ ਅਤੇ ਧਰਮ-ਨਿਰਪੱਖ ਵਜੋਂ ਸਥਾਪਤ ਕਰ ਲੈਂਦਾ ਹੈ ਤਾਂ ਸਿਆਸੀ ਗੱਲਬਾਤ ਲਈ ਸੰਭਾਵਨਾਵਾਂ ਸੰਭਵ ਹੋ ਸਕਦੀਆਂ ਹਨ |’ ਇਹੋ ਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਵੱਖ-ਵੱਖ ਕਮਿਊਨਿਸਟ ਆਗੂਆਂ ਨੇ ਅਕਾਲੀ ਦਲ (ਬਾਦਲ) ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਦੀ ਉਸ ਇੰਟਰਵਿਊ ਦੇ ਪ੍ਰਤੀਕਰਮ ਵਜੋਂ ਕੀਤਾ, ਜਿਸ ਵਿੱਚ ਮਲੂਕਾ ਨੇ ਕਮਿਊਨਿਸਟਾਂ ਨਾਲ ਗੱਠਜੋੜ ਹੋ ਸਕਣ ਦੀ ਗੱਲ ਆਖੀ ਹੈ |
ਮਲੂਕਾ ਨੇ ਇੱਕ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ ਸੀ ਕਿ ਅਕਾਲੀ ਦਲ (ਬਾਦਲ) ਦਾ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਿਆਸੀ ਜਾਂ ਚੋਣ ਗੱਠਜੋੜ ਹੋਣ ਦੀ ਕੋਈ ਸੰਭਾਵਨਾ ਨਹੀਂ, ਸਗੋਂ ਸੀ ਪੀ ਆਈ ਅਤੇ ਸੀ ਪੀ ਐੱਮ ਨਾਲ ਅਜਿਹਾ ਗੱਠਜੋੜ ਹੋ ਸਕਦਾ ਹੈ | ਇਸ ਸੰਬੰਧ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਸਿਆਸਤ ਵਿੱਚ ਗੱਠਜੋੜ ਦੀ ਸੰਭਾਵਨਾ ਤਾਂ ਬਣੀ ਹੀ ਰਹਿੰਦੀ ਹੈ, ਪਰ ਅਕਾਲੀ ਦਲ ਦਾ ਸਿਆਸੀ ਸਟੈਂਡ ਹੀ ਸਪੱਸ਼ਟ ਨਹੀਂ ਹੈ | ਅਕਾਲੀ ਦਲ ਦੀ ਭੰਬਲਭੂਸੇ ਵਾਲੀ ਸਥਿਤੀ ਦੌਰਾਨ ਕਮਿਊਨਿਸਟ ਪਾਰਟੀ ਵੱਲੋਂ ਉਸ ਨਾਲ ਗੱਠਜੋੜ ਕਿਵੇਂ ਕੀਤਾ ਜਾ ਸਕਦਾ ਹੈ | ਪੰਜਾਬ ਵਿੱਚ ਅਕਾਲੀ ਦਲ ਦੀ ਕਸੂਤੀ ਸਥਿਤੀ ਵਿੱਚ ਫਸ ਜਾਣ ਮੌਕੇ ਮਜਬੂਰੀ ਵਿੱਚ ਭਾਜਪਾ ਨਾਲ ਕੀਤੇ ਤੋੜ-ਵਿਛੋੜੇ ਤੋਂ ਬਾਅਦ ਵੀ ਅਕਾਲੀ ਆਗੂਆਂ ਦਾ ਭਾਜਪਾ ਨਾਲ ਸਿਆਸੀ ਅੱਖ-ਮਟੱਕਾ ਚਲਦਾ ਰਿਹਾ |
ਸਾਬਕਾ ਵਿਧਾਇਕ ਅਤੇ ਸੀ ਪੀ ਆਈ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕਈ ਵਾਰ ਸਮਾਜਕ ਸਮਾਗਮਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਮੇਲ-ਗੇਲ ਹੁੰਦਾ ਰਹਿੰਦਾ ਹੈ | ਅਜਿਹੇ ਮੌਕਿਆਂ ‘ਤੇ ਗੈਰ-ਰਸਮੀ ਸਿਆਸੀ ਗੱਲਬਾਤ ਵੀ ਸੁਭਾਵਿਕ ਹੈ | ਅਕਾਲੀ ਦਲ ਨਾਲ ਭਵਿੱਖ ਦੇ ਚੋਣ ਗੱਠਜੋੜ ਬਾਰੇ ਕਹਿ ਸਕਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ |
ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਅਕਾਲੀ ਦਲ ਦੇ ਆਗੂ ਵੱਲੋਂ ਕਮਿਊਨਿਸਟਾਂ ਨਾਲ ਚੋਣ ਗੱਠਜੋੜ ਦੇ ਵਿਚਾਰਾਂ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਕਾਲੀ ਦਲ ਜਮਹੂਰੀ ਅਤੇ ਧਰਮ-ਨਿਰਪੱਖਤਾ ਦੀ ਸਿਆਸਤ ਅਪਣਾ ਲਵੇ ਤਾਂ ਸਿਆਸੀ ਜਾਂ ਚੋਣ ਗੱਠਜੋੜ ਸੰਬੰਧੀ ਗੱਲਬਾਤ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ | ਸਿਆਸੀ ਜਾਂ ਚੋਣ ਗੱਠਜੋੜ ਬਾਰੇ ਸੰਭਾਵਨਾਵਾਂ ਦੇ ਬਰਕਰਾਰ ਰਹਿਣ ਦੇ ਮੱਦੇਨਜ਼ਰ ਸੇਖੋਂ ਨੇ 1967 ਦੇ ਸਮਿਆਂ ਨੂੰ ਚੇਤੇ ਕਰਦਿਆਂ ਕਿਹਾ ਕਿ ਉਸ ਵੇਲੇ ਪੰਜਾਬ ਵਿੱਚ ਪਹਿਲੀ ਗੈਰ-ਕਾਂਗਰਸ ਸਰਕਾਰ ਬਣੀ ਸੀ | ਵੱਖ-ਵੱਖ ਪਾਰਟੀਆਂ ਦੇ ਗੱਠਜੋੜ ਦੇ ਕਨਵੀਨਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਬਣੇ ਸਨ | ਸੀ ਪੀ ਆਈ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਅਕਾਲੀ ਦਲ ਦਾ ਸਿਆਸੀ ਸਟੈਂਡ ਹਮੇਸ਼ਾ ਹੀ ਗੈਰ-ਯਕੀਨੀ ਵਾਲਾ ਰਿਹਾ ਹੈ | ਭਾਜਪਾ ਨਾਲ ਸਿਆਸੀ ਯਾਰੀ ਟੁੱਟ ਜਾਣ ਤੋਂ ਬਾਅਦ ਜਦੋਂ ਸਿਆਸੀ ਜ਼ਮੀਨ ਖੁੱਸ ਜਾਣ ਦਾ ਡਰ ਸਤਾਉਣ ਲੱਗਾ ਤਾਂ ਅਕਾਲੀ ਦਲ ਨੇ ਮੁੜ ਭਾਜਪਾਈਆਂ ਦੇ ਦਰਾਂ ‘ਤੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸਨ | ਉਧਰੋਂ ਖੈਰ ਨਾ ਪਈ ਤਾਂ ਬਸਪਾ ਨਾਲ ਸਿਆਸੀ ਸਾਂਝ ਦੀ ਟੁੱਟਣ ਕਿਨਾਰੇ ਆਈ ਤੰਦ ਨੂੰ ਮੁੜ ਜੋੜਨਾ ਪਿਆ |
ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਨਿੱਘਰਦੀ ਜਾ ਰਹੀ ਸਥਿਤੀ ਨੂੰ ਪੈਰਾਂ ਸਿਰ ਕਰਨ ਲਈ ਜੇਕਰ ਸਿਆਸੀ ਪਾਰਟੀਆਂ ਦਾ ਕੋਈ ਸਾਂਝਾ ਮੰਚ ਉਸਰਦਾ ਹੈ ਤਾਂ ਉਸ ਵਿੱਚ ਅਕਾਲੀ ਦਲ ਵੀ ਸ਼ਾਮਲ ਹੋ ਸਕਦਾ ਹੈ | ਚੋਣ ਗੱਠਜੋੜ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਠੀਕ ਹੋਣੇ ਜ਼ਰੂਰੀ ਹਨ | ਚੋਣ ਗੱਠਜੋੜ ਤਾਂ ਸਿਆਸੀ ਪੈਂਤੜੇ ਮੁਤਾਬਕ ਹੁੰਦਾ ਹੈ |