ਸੰਘ ਮੁਖੀ ਮੋਹਨ ਭਾਗਵਤ ਨੇ ਬੀਤੇ ਐਤਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਇੱਕ ਅਣਕਿਆਸਿਆ ਬਿਆਨ ਦੇ ਦਿੱਤਾ | ਉਨ੍ਹਾ ਕਿਹਾ ਕਿ, ”ਜਦੋਂ ਹਰ ਕੰਮ ਸਮਾਜ ਲਈ ਹੈ ਤਾਂ ਕੋਈ ਉੱਚਾ, ਕੋਈ ਨੀਚ ਜਾਂ ਵੱਖਰਾ ਕਿਵੇਂ ਹੋ ਸਕਦਾ ਹੈ | ਭਗਵਾਨ ਨੇ ਹਮੇਸ਼ਾ ਕਿਹਾ ਹੈ ਕਿ ਮੇਰੇ ਲਈ ਸਾਰੇ ਇੱਕ ਹਨ, ਉਨ੍ਹਾਂ ਵਿੱਚ ਕੋਈ ਜਾਤ, ਵਰਣ ਨਹੀਂ ਹੈ, ਪਰ ਪੰਡਤਾਂ ਨੇ ਸ਼ੇ੍ਰਣੀ ਬਣਾਈ ਜੋ ਗਲਤ ਹੈ |” ਭਾਗਵਤ ਦਾ ਇਹ ਬਿਆਨ ਜਿਓਾ ਹੀ ਮੀਡੀਆ ਉੱਤੇ ਪ੍ਰਸਾਰਤ ਹੋਇਆ ਤਾਂ ਪੰਡਤਾਂ ਨੇ ਖੌਰੂ ਪਾਉਣਾ ਸ਼ੁਰੂ ਕਰ ਦਿੱਤਾ | ਸੋਸ਼ਲ ਮੀਡੀਆ ‘ਤੇ ਭਾਗਵਤ ਨੂੰ ਮਾਫ਼ੀ ਮੰਗੇ ਬਿਨਾਂ ਮੰਦਰਾਂ ਵਿੱਚ ਵੜਨ ਨਾ ਦੇਣ ਦੇ ਸੱਦੇ ਸ਼ੁਰੂ ਹੋ ਗਏ | ਭਾਗਵਤ ਨੇ ਮਾਫ਼ੀ ਤਾਂ ਨਹੀਂ ਪਰ ਸਫ਼ਾਈ ਜ਼ਰੂਰ ਪੇਸ਼ ਕਰ ਦਿੱਤੀ | ਸੰਘ ਵੱਲੋਂ ਜਾਰੀ ਸਫ਼ਾਈ ਬਾਰੇ ਸਮਾਚਾਰ ਏਜੰਸੀ ਏ ਐੱਨ ਆਈ ਨੇ ਕਿਹਾ ਕਿ ਅਨੁਵਾਦ ਵਿੱਚ ਗਲਤੀ ਹੋ ਗਈ ਤੇ ਸੋਧਿਆ ਬਿਆਨ ਜਾਰੀ ਕਰ ਦਿੱਤਾ | ਇਸ ਮੁਤਾਬਕ ਭਾਗਵਤ ਨੇ ਕਿਹਾ ਸੀ, ”ਸੱਚ ਹੀ ਈਸ਼ਵਰ ਹੈ, ਸੱਚ ਕਹਿੰਦਾ ਹੈ ਮੇਰਾ ਹਰ ਥਾਂ ਵਾਸਾ ਹੈ, ਰੂਪ ਕੁਝ ਵੀ ਹੋਵੇ, ਯੋਗਤਾ ਇੱਕ ਹੈ, ਊਚ-ਨੀਚ ਨਹੀਂ, ਸ਼ਾਸਤਰਾਂ ਦੇ ਅਧਾਰ ਉੱਤੇ ਕੁਝ ਪੰਡਤ ਜੋ ਦੱਸਦੇ ਹਨ, ਉਹ ਝੂਠ ਹੈ | ਜਾਤ ਦੀ ਉੱਤਮਤਾ ਦੀ ਕਲਪਨਾ ਵਿੱਚ ਊਚ-ਨੀਚ ਵਿੱਚ ਫਸ ਕੇ ਅਸੀਂ ਗੁੰਮਰਾਹ ਹੋ ਗਏ, ਭਰਮ ਦੂਰ ਕਰਨਾ ਹੈ |” ਪਹਿਲੇ ਤੇ ਸੋਧੇ ਬਿਆਨ ਵਿੱਚ ਬਹੁਤਾ ਅੰਤਰ ਨਹੀਂ ਹੈ | ਸਿਰਫ਼ ਪੰਡਤਾਂ ਦੀ ਥਾਂ ਕੁਝ ਪੰਡਤ ਕਿਹਾ ਗਿਆ ਹੈ | ਇਸ ਦੇ ਨਾਲ ਹੀ ਸੰਘ ਦੇ ਪ੍ਰਚਾਰ ਪ੍ਰਮੁੱਖ ਸੁਨੀਲ ਅੰਬੇਕਰ ਨੇ ਇਹ ਕਹਿ ਕੇ ਪੰਡਤਾਂ ਦਾ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਗਵਤ ਦਾ ਪੰਡਤ ਤੋਂ ਮਤਲਬ ਵਿਦਵਾਨ ਸੀ |
ਸਵਾਲ ਪੈਦਾ ਹੁੰਦਾ ਹੈ ਕਿ ਅਚਾਨਕ ਮੋਹਨ ਭਾਗਵਤ ਨੂੰ ਮਨੂੰ ਸਮਿ੍ਤੀ ਵਿਰੁੱਧ ਖੜ੍ਹਾ ਹੋਣ ਦੀ ਲੋੜ ਕਿਉਂ ਪੈ ਗਈ | ਅਸਲ ਗੱਲ ਇਹ ਹੈ ਕਿ ਜਿਉਂ-ਜਿਉਂ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸੰਘ ਤੇ ਭਾਜਪਾ ਆਗੂਆਂ ਨੂੰ ਹਾਰ ਜਾਣ ਦਾ ਡਰ ਸਤਾਉਣ ਲੱਗ ਪਿਆ ਹੈ | ਸੰਘ ਦੀ ਫਿਰਕੂ ਕਤਾਰਬੰਦੀ ਦੀ ਧਾਰ ਪਹਿਲਾਂ ਕਿਸਾਨ ਅੰਦੋਲਨ ਨੇ ਖੁੰਢੀ ਕਰ ਦਿੱਤੀ ਸੀ, ਰਹਿੰਦੀ ਕਸਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਪੂਰੀ ਕਰ ਦਿੱਤੀ ਹੈ |
ਪਿਛਲੀਆਂ ਦੋ ਲੋਕ ਸਭਾ ਚੋਣਾਂ ਤੇ ਕੁਝ ਵਿਧਾਨ ਸਭਾਵਾਂ ਚੋਣਾਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਲੱਭੇਗਾ ਕਿ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਲਈ ਮੁੱਖ ਭੂਮਿਕਾ ਪਛੜਿਆਂ ਤੇ ਦਲਿਤਾਂ ਦੀ ਰਹੀ ਸੀ | ਇਸ ਸਮੇਂ ਵੱਖ-ਵੱਖ ਰਾਜਾਂ ਦੀਆਂ ਇਲਾਕਾਈ ਪਾਰਟੀਆਂ ਨੇ ਪਛੜਿਆਂ ਤੇ ਦਲਿਤਾਂ ਨੂੰ ਭਾਜਪਾ ਵਿਰੁੱਧ ਕਰਨ ਲਈ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ‘ਰਾਮਚਰਿਤਮਾਨਸ’ ਦਾ ਵਿਵਾਦ ਸ਼ੁਰੂ ਹੋਣਾ ਇਸੇ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ | ਦੋਹਾਂ ਰਾਜਾਂ ਵਿੱਚ ਲੋਕ ਸਭਾ ਦੀਆਂ 120 ਸੀਟਾਂ ਹਨ, ਜੋ ਕਿਸੇ ਨੂੰ ਵੀ ਸੱਤਾ ਤੱਕ ਪੁਚਾਉਣ ਲਈ ਅਹਿਮ ਹਨ | ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਸਵਾਮੀ ਪ੍ਰਸਾਦ ਮੌਰੀਆ ਨੇ ਕਿਹਾ ਸੀ ਕਿ ‘ਰਾਮਚਰਿਤਮਾਨਸ’ ਦੀਆਂ ਕੁਝ ਚੌਪਾਈਆਂ ਪਛੜਿਆਂ, ਆਦਿਵਾਸੀ ਤੇ ਦਲਿਤਾਂ ਲਈ ਅਪਮਾਨਜਨਕ ਹਨ | ਇਸ ਲਈ ਤੁਲਸੀ ਦਾਸ ਦੀ ਰਮਾਇਣ ਉੱਤੇ ਜਾਂ ਤਾਂ ਪਾਬੰਦੀ ਲਾਈ ਜਾਵੇ ਜਾਂ ਇਨ੍ਹਾਂ ਜਾਤਾਂ ਦਾ ਅਪਮਾਨ ਕਰਨ ਵਾਲੇ ਹਿੱਸਿਆਂ ਨੂੰ ਗ੍ਰੰਥ ਵਿੱਚੋਂ ਕੱਢ ਦਿੱਤਾ ਜਾਵੇ | ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਮੌਰੀਆ ਦੀ ਪਿੱਠ ਥਾਪੜਦਿਆਂ ਉਸ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾ ਦਿੱਤਾ ਹੈ | ਇਸ ਤੋਂ ਪਹਿਲਾਂ ਬਿਹਾਰ ਦੇ ਸਿੱਖਿਆ ਮੰਤਰੀ ਚੰਦਰ ਸ਼ੇਖਰ ਨੇ ਵੀ ‘ਰਾਮਚਰਿਤਮਾਨਸ’ ਨੂੰ ਦਲਿਤ ਅਤੇ ਪਛੜਿਆਂ ਵਿਰੋਧੀ ਕਿਹਾ ਸੀ ਤੇ ਉਸ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਉਸ ਦੀ ਹਮਾਇਤ ਕਰ ਦਿੱਤੀ ਸੀ |
ਜੇਕਰ ਉੱਤਰ ਪ੍ਰਦੇਸ਼ ਨੂੰ ਦੇਖਿਆ ਜਾਵੇ ਤਾਂ ਸਮਾਜਵਾਦੀ ਪਾਰਟੀ ਨੂੰ ਯਾਦਵਾਂ ਤੇ ਮੁਸਲਮਾਨਾਂ ਦਾ ਵੋਟ ਤਾਂ ਮਿਲ ਜਾਂਦਾ ਹੈ, ਪਰ ਦਲਿਤ ਤੇ ਅਤਿ ਪਛੜਿਆਂ ਦੀਆਂ ਵੋਟਾਂ ਤੋਂ ਬਿਨਾਂ ਜਿੱਤ ਸੰਭਵ ਨਹੀਂ ਹੁੰਦੀ | ਇਸੇ ਤਰ੍ਹਾਂ ਬਿਹਾਰ ਵਿੱਚ ਵੀ ਪਛੜਿਆਂ ਤੇ ਦਲਿਤਾਂ ਦੀਆਂ ਵੋਟਾਂ ਦੇ ਸਿਰ ‘ਤੇ ਹੀ ਨਿਤੀਸ਼ ਕੁਮਾਰ 15 ਸਾਲਾਂ ਤੋਂ ਰਾਜ ਕਰਦੇ ਰਹੇ ਹਨ | ਪਿਛਲੇ ਕੁਝ ਸਮੇਂ ਤੋਂ ਅਤਿ ਪਛੜਿਆਂ ਦੇ ਕਈ ਆਗੂ ਉੱਭਰੇ ਤੇ ਉਹ ਆਪਣੀਆਂ ਪਾਰਟੀਆਂ ਬਣਾ ਕੇ ਭਾਜਪਾ ਦੀ ਬੱੁਕਲ ਵਿੱਚ ਵੜ ਗਏ, ਜਿਸ ਨਾਲ ਨਿਤੀਸ਼ ਦਾ ਵੋਟ ਬੈਂਕ ਕਮਜ਼ੋਰ ਹੋਇਆ ਹੈ | ਇਹੋ ਜਿਹੀ ਤਸਵੀਰ ਹੀ ਉੱਤਰ ਪ੍ਰਦੇਸ਼ ਦੀ ਹੈ | ਭਾਜਪਾ ਦੀ ਫਿਰਕੂ ਕਤਾਰਬੰਦੀ ਦਾ ਜਵਾਬ ਉਸੇ ਦੀ ਜ਼ੁਬਾਨ ਵਿੱਚ ਦੇਣ ਲਈ ਇਨ੍ਹਾਂ ਪਾਰਟੀਆਂ ਨੇ ਜਾਤੀ ਕਤਾਰਬੰਦੀ ਸ਼ੁਰੂ ਕਰ ਦਿੱਤੀ ਹੈ |
ਵਰਨਣਯੋਗ ਹੈ ਕਿ ਸਭ ਤੋਂ ਪਹਿਲਾਂ ਤਾਮਿਲਨਾਡੂ ਵਿੱਚ ਰਾਮਾਸਵਾਮੀ ਪੇਰੀਅਰ ਨੇ ‘ਰਾਮਚਰਿਤਮਾਨਸ’ ਤੇ ਮਨੂੰ ਸਮਿ੍ਤੀ ਵਿਰੁੱਧ ਅੰਦੋਲਨ ਖੜ੍ਹਾ ਕੀਤਾ ਸੀ | ਇਸ ਅੰਦੋਲਨ ਨੇ ਤਾਮਿਲਨਾਡੂ ਵਿੱਚ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ ਸੀ, ਤੇ ਅੱਜ ਤੱਕ ਉਸ ਦੇ ਪੈਰ ਨਹੀਂ ਲੱਗ ਸਕੇ | ਯੂ ਪੀ ਤੇ ਬਿਹਾਰ ਵਿੱਚ ਸਾਰੇ ਪਛੜਿਆਂ ਦੀ ਅਬਾਦੀ 60 ਫੀਸਦੀ ਤੋਂ ਵੱਧ ਹੈ ਤੇ ਇਨ੍ਹਾਂ ਵਿੱਚੋਂ 40 ਫ਼ੀਸਦੀ ਅੱਤ ਪਛੜੇ ਹਨ | ਇਸ ਤਰ੍ਹਾਂ ਇਹ ਵੋਟ ਨਿਰਣਾਇਕ ਸਾਬਤ ਹੋ ਜਾਂਦਾ ਹੈ |
ਇਸੇ ਗੱਲ ਤੋਂ ਸੰਘ ਚਿੰਤਤ ਹੈ | ਸੰਘ ਦੇ ਹਿੰਦੂਤਵ ਵਿਰੁੱਧ ਇਹ ਲੜਾਈ ਉਸ ਦੀ ਵਿਚਾਰਧਾਰਾ ਉੱਤੇ ਮੋੜਵਾਂ ਹਮਲਾ ਹੈ | ਇਸੇ ਕਾਰਨ ਸੰਘ ਆਪਣੀ ਜਾਤੀਵਾਦੀ ਪਹੁੰਚ ਤੇ ਮਨੂੰ ਸਮਿ੍ਤੀ ਤੋਂ ਖਹਿੜਾ ਛੁਡਾਉਣ ਦਾ ਰਾਹ ਲੱਭ ਰਿਹਾ ਹੈ | ਹਰ ਕੋਈ ਇਹ ਸੁਣ ਕੇ ਦੰਗ ਰਹਿ ਜਾਵੇਗਾ ਕਿ ‘ਰਾਮਚਰਿਤਮਾਨਸ’ ਦੀ ਵਿਵਾਦਤ ਚੌਪਾਈ ਦੇ ਅਰਥ ਹੀ ਬਦਲ ਦਿੱਤੇ ਗਏ ਹਨ | ‘ਰਾਮਚਰਿਤਮਾਨਸ’ ਗੋਰਖਪੁਰ ਦੀ ਗੀਤਾ ਪ੍ਰੈੱਸ ਵਿੱਚ ਛਾਪਿਆ ਜਾਂਦਾ ਹੈ | ਇਸ ਦਾ ਮੂਲ ਅਵਧੀ ਭਾਸ਼ਾ ਵਿੱਚ ਹੈ ਤੇ ਹਿੰਦੀ ਵਿੱਚ ਅਨੁਵਾਦ ਹਨੂੰਮਾਨ ਪ੍ਰਸਾਦ ਨੇ ਕੀਤਾ ਹੈ | ਵਿਵਾਦਤ ਚੌਪਾਈ ਹੈ, ”ਢੋਲ, ਗੰਵਾਰ, ਸ਼ੂਦਰ, ਪਸ਼ੂ ਔਰ ਨਾਰੀ, ਸਕਲ ਤਾੜਨ ਕੇ ਅਧਿਕਾਰੀ |” ਇਸ ਦਾ ਅਨੁਵਾਦ ਹੈ, ”ਢੋਲ, ਗੰਵਾਰ, ਸ਼ੂਦਰ, ਪਸ਼,ੂ ਇਸਤਰੀ ਇਹ ਸਭ ਦੰਡ ਦੇ ਅਧਿਕਾਰੀ ਹਨ |” 2021 ਤੋਂ ਪਹਿਲਾਂ ਇਸ ਦੀਆਂ ਕੋਈ ਇੱਕ ਕਰੋੜ ਕਾਪੀਆਂ ਛਪ ਚੁੱਕੀਆਂ ਹਨ | ਹੁਣ ਜਿਹੜੀ ਨਵੀਂ ਐਡੀਸ਼ਨ ਬਜ਼ਾਰ ਵਿੱਚ ਆਈ ਹੈ, ਉਸ ਵਿੱਚ ਅਨੁਵਾਦ ਬਦਲ ਦਿੱਤਾ ਗਿਆ ਹੈ | ਹੁਣ ਨਵੇਂ ਅਨੁਵਾਦ ਮੁਤਾਬਕ ”ਢੋਲ, ਗੰਵਾਰ, ਸ਼ੂਦਰ, ਪਸ਼ੂ ਤੇ ਇਸਤਰੀ, ਇਹ ਸਭ ਸਿੱਖਿਆ ਦੇ ਅਧਿਕਾਰੀ ਹਨ |” ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਚੌਪਾਈ ਦੇ ਅਨੁਵਾਦਕ ਵੀ ਹਨੂੰਮਾਨ ਪ੍ਰਸਾਦ ਹਨ, ਜਿਨ੍ਹਾਂ ਦੀ 1971 ਵਿੱਚ ਮੌਤ ਹੋ ਚੁੱਕੀ ਹੈ | ਗੀਤਾ ਪ੍ਰੈਸ ਸੰਘ ਦੀ ਸਰਪ੍ਰਸਤੀ ਹੇਠ ਚਲਦੀ ਹੈ | ਇਸ ਲਈ ਉਸ ਦੀ ਸਹਿਮਤੀ ਬਿਨਾਂ ਇਹ ਤਬਦੀਲੀ ਅਸੰਭਵ ਹੈ | ਇਸ ਤੋਂ ਜਾਪਦਾ ਹੈ ਕਿ ਹਿੰਦੂਤਵ ਦਾ ਗੁਬਾਰਾ ਫਟਣ ਦੇ ਕੰਢੇ ਹੈ | ਦੇਸ਼ ਦੇ ਦਲਿਤ, ਪਛੜੇ ਤੇ ਔਰਤਾਂ ਜੇਕਰ ਆਪਣੇ ਅਪਮਾਨ ਵਿਰੁੱਧ ਉੱਠ ਖੜ੍ਹੇ ਹੁੰਦੇ ਹਨ ਤਾਂ ਹਿੰਦੂਤਵੀ ਫਾਸ਼ਿਜ਼ਮ ਨਾਗਪੁਰ ਵਿੱਚ ਹੀ ਦਫ਼ਨ ਹੋ ਜਾਵੇਗਾ |
-ਚੰਦ ਫਤਿਹਪੁਰੀ