ਜਲੰਧਰ, (ਸ਼ੈਲੀ ਐਲਬਰਟ)-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ ਸਮਰਾ ਤੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਸ਼ਹਿਰ ‘ਚ ਗੁੰਡਾਗਰਦੀ ਵਧਦੀ ਜਾ ਰਹੀ ਹੈ ਤੇ ਗੁੰਡੇ ਦਨਦਨਾਉਂਦੇ ਫਿਰਦੇ ਹਨ | ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ, ਪ੍ਰੈੱਸ ਐਸੋੋਸੀਏਸ਼ਨ ਸਟੇਟ ਤੇ ਜਲੰਧਰ ਪ੍ਰੋਫੈਸ਼ਨਲ ਫੋੋੋਟੋਗ੍ਰਾਫਰ ਐਸੋਸੀਏਸ਼ਨ ਦੇ ਐਡਵਾਈਜ਼ਰ ਰਾਜੇਸ਼ ਥਾਪਾ ਦੇ ਫੋਟੋ ਸਟੂਡੀਓ ‘ਤੇ ਗੁੰਡੇ ਆਏ ਤੇ ਉਹਨਾ ਨੂੰ ਗੰਭੀਰ ਜ਼ਖ਼ਮੀ ਕਰ ਗਏ | ਰਾਜੇਸ਼ ਥਾਪਾ ਲੋਕ ਸੇਵਾ ਨੂੰ ਪਹਿਲ ਦੇਣ ਵਾਲਾ ਮਨੁੱਖ ਹੈ | ਉਹ ਮਜ਼ਦੂਰਾਂ ਦੇ ਕੇਸ ਵੀ ਲੜਦਾ ਹੈ | ਉਸ ਦੀ ਸ਼ਿਕਾਇਤ ‘ਤੇ ਪੁਲਸ ਨੇ ਕੁਝ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਹੈ, ਪਰ ਉਨ੍ਹਾਂ ਨੂੰ ਛੁਡਾਉਣ ਵਾਸਤੇ ਸਿਆਸੀ ਦਬਾਅ ਚੱਲ ਰਿਹਾ ਹੈ | ਆਗੂਆਂ ਨੇ ਮੰਗ ਕੀਤੀ ਕਿ ਥਾਪਾ ਨੂੰ ਜ਼ਖ਼ਮੀ ਕਰਨ ਵਾਲੇ ਮੁਲਜ਼ਮਾਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ | ਜ਼ਿਕਰਯੋਗ ਹੈ ਕਿ ਬੀਤੇ ਦਿਨ ਸਥਾਨਕ ਦਿਲਬਾਗ ਨਗਰ ‘ਚ ਆਪਣੇ ਸਟੂਡੀਓ ‘ਚ ਬੈਠੇ ਪੱਤਰਕਾਰ ਰਾਜੇਸ਼ ਕੁਮਾਰ ਥਾਪਾ ਵਾਸੀ ਨਿਊ ਰਸੀਲਾ ਨਗਰ ਜਲੰਧਰ ‘ਤੇ ਦਰਜਨ ਭਰ ਹਥਿਆਰਬੰਦ ਵਿਅਕਤੀਆਂ ਨੇ ਅਚਾਨਕ ਹਮਲਾ ਕਰਕੇ ਉਹਨਾ ਨੂੰ ਜ਼ਖ਼ਮੀ ਕਰ ਦਿੱਤਾ ਤੇ ਸਟੂਡੀਓ ‘ਚ ਪਏ ਕੀਮਤੀ ਸਾਮਾਨ ਦੀ ਭੰਨ-ਤੋੜ ਕਰ ਦਿੱਤੀ | ਸ੍ਰੀ ਥਾਪਾ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ | ਰਾਜੇਸ਼ ਥਾਪਾ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਰਿਧਮ ਸ਼ਰਮਾ ਵਾਸੀ ਦਿਲਬਾਗ ਨਗਰ ਦਾ ਉਨ੍ਹਾ ਦੇ ਰਿਸ਼ਤੇਦਾਰ ਨਾਲ ਝਗੜਾ ਹੋਇਆ ਸੀ, ਜਿਸ ਵਿਚ ਉਨ੍ਹਾ ਆਪਣੇ ਰਿਸ਼ਤੇਦਾਰ ਦੀ ਹਮਾਇਤ ਕੀਤੀ ਸੀ, ਜਿਸ ਕਰਕੇ ਰਿਧਮ ਸ਼ਰਮਾ ਖ਼ਿਲਾਫ਼ ਅਦਾਲਤ ‘ਚ ਮੁਕੱਦਮਾ ਚੱਲ ਰਿਹਾ ਹੈ | ਰਿਧਮ ਸ਼ਰਮਾ ਤੇ ਉਸ ਦੀ ਮਾਂ ਵੱਲੋਂ ਅਕਸਰ ਉਨ੍ਹਾ ‘ਤੇ ਦਬਾਅ ਬਣਾਇਆ ਜਾਂਦਾ ਸੀ ਕਿ ਉਹ ਆਪਣੇ ਰਿਸ਼ਤੇਦਾਰਾਂ ਦੀ ਪੈਰਵਾਈ ਨਾ ਕਰੇ | ਥਾਪਾ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਰਿਧਮ ਸ਼ਰਮਾ ਅਤੇ ਉਸ ਦੀ ਮਾਂ ਤੇ ਕਰੀਬ 10-12 ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਜਾਨਲੇਵਾ ਹਮਲਾ ਕੀਤਾ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ |
ਏ ਸੀ ਪੀ (ਪੱਛਮੀ) ਭੁਪਿੰਦਰ ਸਿੰਘ ਤੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਗਗਨਦੀਪ ਸਿੰਘ ਸੇਖੋਂ ਨੇ ਰਾਜੇਸ਼ ਥਾਪਾ ਦੇ ਬਿਆਨ ਦਰਜ ਕੀਤੇ | ਥਾਣਾ ਮੁਖੀ ਨੇ ਦੱਸਿਆ ਕਿ ਰਿਧਮ ਸ਼ਰਮਾ, ਉਸ ਦੀ ਮਾਂ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਰਿੱਧਮ ਸ਼ਰਮਾ ਸਮੇਤ 4 ਹੋਰ ਵਿਅਕਤੀ ਕਾਬੂ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਵਿਅਕਤੀਆਂ ਦੀ ਭਾਲ ਜਾਰੀ ਹੈ |