ਹੈਦਰਾਬਾਦ : ਤੇਲੰਗਾਨਾ ਸਮੂਹਕ ਜਬਰ-ਜ਼ਨਾਹ ਮਾਮਲੇ ਵਿਚ ਗਿ੍ਫਤਾਰ ਕੀਤੇ ਗਏ ਪੰਜ ਨਾਬਾਲਗ ਮੁਲਜ਼ਮਾਂ ਨੂੰ ਬਾਲਗ ਮੰਨਣ ਲਈ ਸਥਾਨਕ ਪੁਲਸ ਜੁਵੇਨਾਈਲ ਜਸਟਿਸ ਬੋਰਡ ਅੱਗੇ ਪਟੀਸ਼ਨ ਦਾਇਰ ਕਰਨ ਬਾਰੇ ਵਿਚਾਰ ਕਰ ਰਹੀ ਹੈ, ਤਾਂ ਕਿ ਦੋਸ਼ੀ ਮੰਨੇ ਜਾਣ ‘ਤੇ ਇਨ੍ਹਾਂ ਮੁਲਜ਼ਮਾਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਈ ਜਾ ਸਕੇ | ਇਸ ਜਬਰ-ਜ਼ਨਾਹ ਕੇਸ ਵਿਚ ਕੁੱਲ ਛੇ ਮੁਲਜ਼ਮ ਗਿ੍ਫਤਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਪੰਜ ਨਾਬਾਲਗ ਹਨ | ਜਬਰ-ਜ਼ਨਾਹ ਦੀ ਘਟਨਾ 28 ਮਈ ਨੂੰ ਵਾਪਰੀ ਸੀ | ਗਿ੍ਫਤਾਰ ਕੀਤੇ ਪੰਜ ਮੁਲਜ਼ਮਾਂ ਨੇ ਲੜਕੀ ਦਾ ਸਰੀਰਕ ਸੋਸ਼ਣ ਕੀਤਾ ਸੀ ਤੇ ਛੇਵੇਂ ਮੁਲਜ਼ਮ (ਨਾਬਾਲਗ) ਨੇ ਲੜਕੀ ਨਾਲ ਦੁਰਵਿਹਾਰ ਕੀਤਾ ਸੀ ਤੇ ਉਸ ਨੇ ਲੜਕੀ ਨਾਲ ਜਬਰ-ਜ਼ਨਾਹ ਨਹੀਂ ਕੀਤਾ ਸੀ |
ਹੈਦਰਾਬਾਦ ਦੇ ਪੁਲਸ ਕਮਿਸ਼ਨਰ ਸੀ ਵੀ ਆਨੰਦ ਨੇ ਦੱਸਿਆ ਕਿ ਪੁਲਸ ਜੁਵੇਨਾਈਲ ਜਸਟਿਸ ਬੋਰਡ ਅੱਗੇ ਪਟੀਸ਼ਨ ਦਾਇਰ ਕਰਨ ਬਾਰੇ ਵਿਚਾਰ ਕਰ ਰਹੀ ਹੈ ਕਿ ਪੰਜ ਨਾਬਾਲਗ ਮੁਲਜ਼ਮਾਂ ਨੂੰ ਬਾਲਗ ਮੰਨਿਆ ਜਾਵੇ, ਤਾਂ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਈ ਜਾ ਸਕੇ | ਮੌਜੂਦਾ ਸਮੇਂ ਇਹ ਕੇਸ ਜਾਂਚ ਅਧੀਨ ਹੈ ਤੇ ਜਦੋਂ ਅਦਾਲਤ ਵਿਚ ਦੋਸ਼ ਪੱਤਰ ਦਾਖਲ ਕੀਤਾ ਜਾਵੇਗਾ ਤਾਂ ਜੁਵੇਨਾਈਲ ਜਸਟਿਸ ਬੋਰਡ ਅੱਗੇ ਵੀ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ | ਦੱਸਣਯੋਗ ਹੈ ਕਿ ਜੇ ਇਨ੍ਹਾਂ ਮੁਲਜ਼ਮਾਂ ਨੂੰ ਬਾਲਗ ਨਹੀਂ ਮੰਨਿਆ ਜਾਂਦਾ ਤਾਂ ਦੋਸ਼ੀ ਮੰਨੇ ਜਾਣ ‘ਤੇ ਇਨ੍ਹਾਂ ਨੂੰ ਸਿਰਫ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ | ਤੇਲੰਗਾਨਾ ਦੇ ਮੰਤਰੀ ਤੇ ਟੀ ਆਰ ਐੱਸ ਦੇ ਵਰਕਿੰਗ ਪ੍ਰਧਾਨ ਕੇ ਟੀ ਰਾਮਾਰਾਓ ਨੇ ਪੁਲਸ ਵੱਲੋਂ ਜੁਵੇਨਾਈਲ ਜਸਟਿਸ ਬੋਰਡ ਅੱਗੇ ਪਟੀਸ਼ਨ ਦਾਇਰ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਹੈ | ਇਕ ਹੋਰ ਜਾਣਕਾਰੀ ਅਨੁਸਾਰ ਪੁਲਸ ਨੇ ਅਦਾਲਤੀ ਹੁਕਮਾਂ ਤਹਿਤ ਬਾਲਗ ਮੁਲਜ਼ਮ ਨੂੰ ਸਥਾਨਕ ਜੇਲ੍ਹ ਵਿੱਚੋਂ ਹਿਰਾਸਤ ਵਿਚ ਲੈ ਲਿਆ, ਤਾਂ ਕਿ ਕੇਸ ਦੀ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ |



