ਮਾਨਸਾ : ਪੁਲਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਕੇਸ਼ਵ ਅਤੇ ਚੇਤਨ ਨੂੰ ਹਿਰਾਸਤ ਵਿਚ ਲਿਆ ਹੈ | ਪੁਲਸ ਦੋ ਦਿਨਾਂ ਤੋਂ ਕੇਸ਼ਵ ਦੇ ਬਠਿੰਡਾ ਸਥਿਤ ਘਰ ‘ਚ ਛਾਪੇਮਾਰੀ ਕਰ ਰਹੀ ਸੀ, ਪਰ ਉਹ ਘਰ ਨਹੀਂ ਸੀ ਮਿਲਦਾ | ਉਸ ਦੀ ਮਾਤਾ ਅਤੇ ਭੈਣ ਨੇ ਪੁਲਸ ਕੋਲ ਮੰਨਿਆ ਸੀ ਕਿ ਉਹ 24 ਮਈ ਤੋਂ ਘਰ ਨਹੀਂ ਆਇਆ ਹੈ ਅਤੇ ਉਸ ਦਾ ਅੱਜਕੱਲ੍ਹ ਘਰਦਿਆਂ ਨਾਲ ਕੋਈ ਵੀ ਰਿਸ਼ਤਾ ਅਤੇ ਰਾਬਤਾ ਨਹੀਂ ਹੈ |
ਕੇਸ਼ਵ ਉਤੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਅਤੇ ਹਮਲੇ ਵਿਚ ਵਰਤੀ ਗਈ ਗੱਡੀ ਦੇਣ ਦੇ ਦੋਸ਼ ਲੱਗੇ ਹਨ | ਕਾਤਲਾਂ ਨੂੰ ਹਥਿਆਰ ਅੰਮਿ੍ਤਸਰ ਤੋਂ ਲਿਆ ਕੇ ਦਿੱਤੇ ਦੱਸੇ ਗਏ ਹਨ | ਸਿੱਧੂ ਮੂਸੇਵਾਲਾ ਦੇ ਕਤਲ ਵਾਲੇ ਦਿਨ 29 ਮਈ ਨੂੰ ਸੰਦੀਪ ਕੇਕੜਾ ਦੇ ਨਾਲ ਹੀ ਕੇਸ਼ਵ ਵੀ ਸੀ ਸੀ ਟੀ ਵੀ ਕੈਮਰਿਆਂ ਵਿਚ ਨਜ਼ਰ ਆਇਆ ਸੀ ਅਤੇ ਕੇਕੜਾ ਦੀ ਗਿ੍ਫਤਾਰੀ ਤੋਂ ਬਾਅਦ ਹੀ ਕੇਸ਼ਵ ਦਾ ਨਾਂਅ ਸਾਹਮਣੇ ਆਇਆ | ਇਸ ਦੇ ਨਾਲ ਹੀ ਹੁਣ ਚੇਤਨ ਵੀ ਮਾਮਲੇ ਵਿਚ ਜੁੜ ਗਿਆ ਹੈ |




