ਭਾਰਤੀ ਸੰਸਦੀ ਪ੍ਰਣਾਲੀ ਦੀ ਇਹ ਪਰੰਪਰਾ ਰਹੀ ਹੈ ਕਿ ਸੰਸਦ ਦੇ ਅਜਲਾਸ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੁੰਦੀ ਹੈ | ਰਾਸ਼ਟਰਪਤੀ ਦਾ ਭਾਸ਼ਣ ਸਰਕਾਰ ਵੱਲੋਂ ਤਿਆਰ ਕੀਤਾ ਜਾਂਦਾ ਹੈ, ਜਿਸ ਰਾਹੀਂ ਉਹ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਮੈਂਬਰਾਂ ਸਾਹਮਣੇ ਰੱਖਦਾ ਹੈ | ਇਸ ਭਾਸ਼ਣ ਉੱਤੇ ਧੰਨਵਾਦੀ ਮਤੇ ਦੌਰਾਨ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਸਾਂਸਦ ਆਪਣੇ ਵਿਚਾਰ ਪੇਸ਼ ਕਰਦੇ ਹਨ | ਵਿਰੋਧੀ ਧਿਰ ਸਰਕਾਰ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸੰਸਦ ਦੀ ਕਚਹਿਰੀ ਵਿੱਚ ਪੇਸ਼ ਕਰਦੀ ਹੈ ਤੇ ਸਰਕਾਰੀ ਧਿਰ ਭਾਸ਼ਣ ਦੀ ਪ੍ਰੋੜ੍ਹਤਾ ਦੇ ਪੱਖ ਵਿੱਚ ਆਪਣੇ ਵਿਚਾਰ ਪੇਸ਼ ਕਰਦੀ ਹੈ | ਅੰਤ ਵਿੱਚ ਪ੍ਰਧਾਨ ਮੰਤਰੀ ਬਹਿਸ ਦਾ ਜਵਾਬ ਦਿੰਦਿਆਂ ਵਿਰੋਧੀ ਧਿਰ ਵੱਲੋਂ ਉਠਾਏ ਗਏ ਸਵਾਲਾਂ-ਇਤਰਾਜ਼ਾਂ ਦੇ ਜਵਾਬ ਦਿੰਦੇ ਹਨ |
ਰਾਸ਼ਟਰਪਤੀ ਦੇ ਭਾਸ਼ਣ ‘ਤੇ ਬੋਲਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਹਮਲਾਵਰ ਤਰੀਕੇ ਨਾਲ ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ | ਉਨ੍ਹਾ ਮਹਿੰਗਾਈ, ਬੇਰੁਜ਼ਗਾਰੀ ਤੇ ਅਗਨੀਵੀਰ ਆਦਿ ਬਾਰੇ ਲੋਕਾਂ ਦੀ ਚਿੰਤਾ ਤੋਂ ਸਰਕਾਰ ਨੂੰ ਜਾਣੂੰ ਕਰਾਇਆ ਸੀ | ਆਪਣੇ 53 ਮਿੰਟ ਦੇ ਭਾਸ਼ਣ ਵਿੱਚ ਰਾਹੁਲ ਗਾਂਧੀ ਨੇ ਅਡਾਨੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਰਿਸ਼ਤਿਆਂ ਬਾਰੇ ਤਿੱਖੇ ਸਵਾਲ ਪੁੱਛੇ ਸਨ | ਉਨ੍ਹਾ ਕਿਹਾ ਸੀ ਕਿ ਮੋਦੀ ਤੇ ਅਡਾਨੀ ਦੇ ਸੰਬੰਧ ਉਦੋਂ ਤੋਂ ਹਨ, ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ | ਰਾਹੁਲ ਗਾਂਧੀ ਨੇ ਅਡਾਨੀ ਨੂੰ ਹਵਾਈ ਅੱਡੇ ਦੇਣ ਤੇ ਵਿਦੇਸ਼ ਦੌਰਿਆਂ ਦਾ ਵੀ ਮੁੱਦਾ ਉਠਾਇਆ ਸੀ | ਉਨ੍ਹਾ ਇਹ ਵੀ ਕਿਹਾ ਕਿ ਅਡਾਨੀ ਨੂੰ ਲਾਭ ਪੁਚਾਉਣ ਲਈ ਮੋਦੀ ਨੇ ਇਸਰਾਈਲ ਦਾ ਰੱਖਿਆ ਠੇਕਾ ਦਿਵਾਉਣ ਤੇ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਕਰਨ ਦਾ ਸਮਝੌਤਾ ਸਿਰੇ ਚਾੜ੍ਹਨ ਵਿੱਚ ਅਡਾਨੀ ਸਮੂਹ ਦੀ ਮਦਦ ਕੀਤੀ ਸੀ | ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਵਿੱਚੋਂ ਕਿਸੇ ਦਾ ਵੀ ਜਵਾਬ ਦੇਣ ਦੀ ਖੇਚਲ ਨਹੀਂ ਕੀਤੀ | ਨਾ ਉਨ੍ਹਾ ਮਹਿੰਗਾਈ, ਬੇਰੁਜ਼ਗਾਰੀ ਤੇ ਅਗਨੀਵੀਰ ਬਾਰੇ ਇੱਕ ਵੀ ਸ਼ਬਦ ਕਹਿਣ ਦੀ ਹਿੰਮਤ ਕੀਤੀ | ਇਸ ਦੇ ਉਲਟ ਮੋਦੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਨੂੰ ਹੀ ਭੰਡਣ ਵਿੱਚ ਲੱਗੇ ਰਹੇ | ਰਾਹੁਲ ਦੇ ਸਵਾਲਾਂ ਬਾਰੇ ਉਨ੍ਹਾ ਦਾ ਜਵਾਬ ਹਾਸੋਹੀਣਾ ਸੀ | ਉਨ੍ਹਾ ਕਿਹਾ, ”ਕੱਲ੍ਹ ਮੈਂ ਦੇਖ ਰਿਹਾ ਸੀ | ਕੁਝ ਲੋਕਾਂ ਦੇ ਭਾਸ਼ਣ ਤੋਂ ਸਮਰਥਕ ਉਛਲ ਰਹੇ ਸਨ | ਖੁਸ਼ ਹੋ ਕੇ ਕਹਿ ਰਹੇ ਸਨ ਆਹ ਹੋਈ ਨਾ ਗੱਲ | ਨੀਂਦ ਵੀ ਚੰਗੀ ਆਈ ਹੋਵੇਗੀ, ਸ਼ਾਇਦ ਅੱਜ ਉਠ ਨਹੀਂ ਸਕੇ ਹੋਣਗੇ |”
ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਕੋਲ ਰਾਹੁਲ ਗਾਂਧੀ ਵੱਲੋਂ ਲਾਏ ਗਏ ਦੋਸ਼ਾਂ ਦਾ ਕੋਈ ਜਵਾਬ ਨਹੀਂ ਸੀ | ਇਸ ਲਈ ਭਾਜਪਾ ਮੈਂਬਰਾਂ ਦੇ ਕਹਿਣ ‘ਤੇ ਸਪੀਕਰ ਓਮ ਬਿੜਲਾ ਨੇ ਰਾਹੁਲ ਗਾਂਧੀ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਸੰਸਦ ਦੀ ਕਾਰਵਾਈ ਵਿੱਚੋਂ ਕੱਢ ਦਿੱਤਾ ਹੈ | ਕਾਰਵਾਈ ਵਿੱਚੋਂ ਹਟਾਈਆਂ ਗਈਆਂ 18 ਟਿੱਪਣੀਆਂ ਵਿੱਚ ਮੋਦੀ ਨੂੰ ਪੱੁਛਿਆ ਗਿਆ ਹਰ ਸਵਾਲ ਅਤੇ ਏਜੰਸੀਆਂ ਤੇ ਵਿਦੇਸ਼ ਯਾਤਰਾ ਦੇ ਦੁਰਉਪਯੋਗ ਦੇ ਇਲਜ਼ਾਮ ਸ਼ਾਮਲ ਹਨ | ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ, ”ਪ੍ਰਧਾਨ ਮੰਤਰੀ ਜੀ, ਆਪ ਲੋਕਤੰਤਰ ਦੀ ਅਵਾਜ਼ ਨੂੰ ਮਿਟਾ ਨਹੀਂ ਸਕਦੇ, ਭਾਰਤ ਦੇ ਲੋਕ ਤੁਹਾਨੂੰ ਸਿੱਧੇ ਸਵਾਲ ਕਰ ਰਹੇ ਹਨ, ਜਵਾਬ ਦਿਓ |” ਅਸਲ ਵਿੱਚ ਸਵਾਲਾਂ ਦੇ ਜਵਾਬ ਨਾ ਦੇਣਾ ਵੀ ਇੱਕ ਤਰ੍ਹਾਂ ਨਾਲ ਚੁੱਪ ਸਹਿਮਤੀ ਹੁੰਦੀ ਹੈ |