35.2 C
Jalandhar
Friday, October 18, 2024
spot_img

ਦੇਸ਼ ਛੱਡ ਕੇ ਭੱਜ ਰਹੇ ਨੇ ਲੋਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ 2012 ਵਿੱਚ ਕਿਹਾ ਸੀ ਕਿ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ, ਜਦੋਂ ਅਮਰੀਕਾ ਦੇ ਲੋਕ ਭਾਰਤ ਦਾ ਵੀਜ਼ਾ ਹਾਸਲ ਕਰਨ ਲਈ ਕਤਾਰਾਂ ਬੰਨ੍ਹੀ ਖੜ੍ਹੇ ਹੋਣਗੇ | ਉਸ ਤੋਂ ਦੋ ਸਾਲ ਬਾਅਦ 2014 ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣ ਗਏ ਤੇ ਅੱਜ ਤੱਕ ਇਸ ਅਹੁਦੇ ਉੱਤੇ ਬਿਰਾਜਮਾਨ ਹਨ | ਉਹ ਪ੍ਰਧਾਨ ਮੰਤਰੀ ਬਣਨ ਤੋਂ ਹੀ ਇਹ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਉਨ੍ਹਾ ਦਾ ਟੀਚਾ ਭਾਰਤ ਨੂੰ ਵਿਸ਼ਵ ਗੁਰੂ ਬਣਾ ਦੇਣ ਦਾ ਹੈ | ਉਨ੍ਹਾ ਦੇ ਅਹਿਲਕਾਰਾਂ ਨੇ ਤਾਂ ਕਹਿਣਾ ਵੀ ਸ਼ੁਰੂ ਕੀਤਾ ਹੋਇਆ ਹੈ ਕਿ ਭਾਰਤ ਵਿਸ਼ਵ ਗੁਰੂ ਬਣਨ ਦੇ ਰਾਹ ਪੈ ਚੁੱਕਾ ਹੈ | ਪਿਛਲੇ ਸਾਲ ਨਵੰਬਰ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚੋਣ ਖੇਤਰ ਦੇ ਦੌਰੇ ਸਮੇਂ ਕਿਹਾ ਸੀ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੰਸਾਰ ਅੰਦਰ ਭਾਰਤ ਦਾ ਕੱਦ ਉੱਚਾ ਹੋਇਆ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਤਾਂ ਮੋਦੀ ਦੇ ਜਨਮ ਦਿਨ ਉੱਤੇ ਉਨ੍ਹਾ ਨੂੰ ਇਸ ਦੀ ਵਧਾਈ ਵੀ ਦੇ ਚੁੱਕੇ ਹਨ |
ਪਰ ਹਕੀਕਤ ਇਹ ਹੈ ਕਿ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਭਾਰਤ ਇੱਕ ਅਜਿਹੇ ਦੇਸ਼ ਵਿੱਚ ਬਦਲ ਗਿਆ, ਜਿਸ ਤੋਂ ਹਰ ਕੋਈ ਦੂਰ ਚਲੇ ਜਾਣਾ ਚਾਹੁੰਦਾ ਹੈ | ਸਮੁੱਚੇ ਦੇਸ਼ ਵਿੱਚ ਡਰ ਦਾ ਮਾਹੌਲ ਹੈ | ਹਰ ਵਿਅਕਤੀ ਆਪਣੇ ਮੂੰਹ ਵਿੱਚੋਂ ਸਰਕਾਰ ਦੀ ਅਲੋਚਨਾ ਦਾ ਕੋਈ ਸ਼ਬਦ ਕੱਢਣ ਤੋਂ ਪਹਿਲਾਂ ਸੌ ਵਾਰ ਸੋਚਦਾ ਹੈ ਕਿ ਕਿਧਰੇ ਦੇਸ਼ਧੋ੍ਰਹੀ ਹੀ ਨਾ ਗਰਦਾਨ ਦਿੱਤਾ ਜਾਵੇ | ਪ੍ਰਗਟਾਵੇ ਦੀ ਅਜ਼ਾਦੀ ਖੋਹ ਲਈ ਗਈ ਹੈ | ਹਿੰਦੂਤਵੀ ਭੀੜਾਂ ਆਦਮਬੋ-ਆਦਮਬੋ ਕਰਦੀਆਂ ਗਿਰਝਾਂ ਵਾਂਗ ਘੁੰਮ ਰਹੀਆਂ ਹਨ | ਅਜਿਹੇ ਵਿੱਚ ਲੋਕ ਅਮਨ ਨਾਲ ਰਹਿਣ ਲਈ ਆਪਣੇ ਹੀ ਦੇਸ਼ ਨੂੰ ਤਿਲਾਂਜਲੀ ਦੇਣ ਲਈ ਮਜਬੂਰ ਹਨ | ਪਿਛਲੇ ਇੱਕ ਸਾਲ ਯਾਨਿ 2022 ਵਿੱਚ 2,25,620 ਭਾਰਤੀ ਦੇਸ਼ ਦੀ ਨਾਗਰਿਕਤਾ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾ ਵਸੇ ਹਨ | ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ |
ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਨਾਗਰਿਕਤਾ ਛੱਡ ਦੇਣ ਵਾਲੇ ਭਾਰਤੀਆਂ ਦਾ ਸਾਲ ਵਾਰ ਅੰਕੜਾ ਪੇਸ਼ ਕੀਤਾ ਸੀ | ਇਸ ਮੁਤਾਬਕ 2014 ਵਿੱਚ 1 ਲੱਖ 29 ਹਜ਼ਾਰ 328, ਸਾਲ 2015 ਵਿੱਚ 1 ਲੱਖ 31 ਹਜ਼ਾਰ 489, ਸਾਲ 2016 ਵਿੱਚ 1 ਲੱਖ 41 ਹਜ਼ਾਰ 603, ਸਾਲ 2017 ਵਿੱਚ 1 ਲੱਖ 33 ਹਜ਼ਾਰ 049, ਸਾਲ 2018 ਵਿੱਚ 1 ਲੱਖ 34 ਹਜ਼ਾਰ 561, ਸਾਲ 2019 ਵਿੱਚ 1 ਲੱਖ 44 ਹਜ਼ਾਰ 027, ਸਾਲ 2020 ਵਿੱਚ 85 ਹਜ਼ਾਰ 256, ਸਾਲ 2021 ਵਿੱਚ 1 ਲੱਖ 63 ਹਜ਼ਾਰ 370 ਤੇ ਪਿਛਲੇ ਸਾਲ 2 ਲੱਖ 25 ਹਜ਼ਾਰ 620 ਭਾਰਤੀਆਂ ਨੇ ਦੇਸ਼ ਨੂੰ ਤਿਲਾਂਜਲੀ ਦੇ ਦਿੱਤੀ ਸੀ | ਸਾਲ 2020 ਵਿੱਚ ਸਭ ਤੋਂ ਘੱਟ ਭਾਰਤੀਆਂ ਨੇ ਨਾਗਰਿਕਤਾ ਛੱਡੀ ਸੀ, ਕਿਉਂਕਿ ਇਹ ਕੋਰੋਨਾ ਮਹਾਂਮਾਰੀ ਦਾ ਕਾਲ ਸੀ |
ਸਵਾਲ ਪੈਦਾ ਹੁੰਦਾ ਹੈ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾ ਦੇਣ ਦਾ ਸੁਫ਼ਨਾ ਲੈਣ ਵਾਲੇ ਭਾਰਤੀ ਵੀਜ਼ੇ ਲਈ ਅਮਰੀਕੀਆਂ ਦੀਆਂ ਲਾਈਨਾਂ ਤਾਂ ਨਹੀਂ ਲਵਾ ਸਕੇ, ਉਲਟਾ ਭਾਰਤੀਆਂ ਦੀਆਂ ਵਿਦੇਸ਼ੀਂ ਜਾ ਵਸਣ ਲਈ ਕਤਾਰਾਂ ਲਗਾਤਾਰ ਜ਼ਰੂਰ ਲੰਮੀਆਂ ਕਰ ਦਿੱਤੀਆਂ ਹਨ |
ਲੋਕ ਐਵੇਂ ਹੀ ਆਪਣਾ ਦੇਸ਼ ਨਹੀਂ ਛੱਡ ਦਿੰਦੇ, ਉਸ ਪਿੱਛੇ ਠੋਸ ਕਾਰਨ ਹੁੰਦੇ ਹਨ | ਬੇਰੁਜ਼ਗਾਰੀ ਤੇ ਮਹਿੰਗਾਈ ਦੀ ਮਾਰ ਨਾ ਸਹਿੰਦੇ ਹੋਏ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਹੀ ਲੋਕ ਘਰ-ਬਾਰ ਛੱਡਦੇ ਹਨ | ਪਿਛਲੇ ਸਾਲ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਨੇ ਕਿਹਾ ਸੀ ਕਿ ਵਿਦੇਸ਼ ਮੰਤਰਾਲੇ ਅਨੁਸਾਰ ਭਾਰਤੀ ਨਾਗਰਿਕ ਆਪਣੇ ਨਿੱਜੀ ਕਾਰਨਾਂ ਕਾਰਣ ਨਾਗਰਿਕਤਾ ਛੱਡਦੇ ਹਨ | ਇਹ ਨਿੱਜੀ ਕਾਰਨ ਕਿਹੜੇ ਹੋ ਸਕਦੇ ਹਨ, ਹਾਲੇ ਤੱਕ ਕਿਸੇ ਨੇ ਇਹ ਸਪੱਸ਼ਟ ਨਹੀਂ ਕੀਤਾ |
ਯਾਦ ਕਰੋ, ਕੁਝ ਸਾਲ ਪਹਿਲਾਂ ਫਿਲਮੀ ਕਲਾਕਾਰ ਆਮਿਰ ਖਾਨ ਨੇ ਕਿਹਾ ਸੀ ਕਿ ਉਸ ਦੀ ਪਤਨੀ ਕਿਰਨ ਰਾਓ ਕਹਿੰਦੀ ਹੈ ਕਿ ਭਾਰਤ ਵਿੱਚ ਰਹਿੰਦਿਆਂ ਉਸ ਨੂੰ ਡਰ ਲਗਦਾ ਹੈ | ਭਾਜਪਾ ਵਾਲਿਆਂ ਨੇ ਉਸ ਦੇ ਬਿਆਨ ਉੱਤੇ ਤਕੜਾ ਹੰਗਾਮਾ ਕੀਤਾ ਸੀ | ਦੇਸ਼ ਦੇ ਬੁੱਧੀਜੀਵੀਆਂ ਨੂੰ ਭੀਮਾ ਕੋਰੇਗਾਂਵ ਦੇ ਘੜੇ ਗਏ ਕੇਸ ਵਿੱਚ ਲਗਾਤਾਰ ਜੇਲ੍ਹੀਂ ਡੱਕੇ ਰੱਖਣਾ, ਸਮਾਜਿਕ ਕਾਰਕੁੰਨ ਸੀਤਲਵਾੜ ਤੇ ਆਲਟ ਨਿਊਜ਼ ਦੇ ਸਹਿ ਸੰਸਥਾਪਕ ਮੁਹੰਮਦ ਜ਼ੁਬੈਰ ਦੀ ਗਿ੍ਫ਼ਤਾਰੀ, ਵਿਦਿਆਰਥੀ ਆਗੂਆਂ ਉਤੇ ਦਿੱਲੀ ਦੰਗਿਆਂ ਦੇ ਝੂਠੇ ਕੇਸ ਮੜ੍ਹ ਕੇ ਜੇਲ੍ਹਾਂ ‘ਚ ਬੰਦ ਕਰਨਾ ਆਮ ਲੋਕਾਂ ਤੇ ਸਮਾਜਿਕ ਕਾਰਕੁੰਨਾਂ ਅੰਦਰ ਡਰ ਪੈਦਾ ਕਰਨ ਲਈ ਕਾਫ਼ੀ ਹਨ | ਹਕੀਕਤ ਇਹ ਹੈ ਕਿ ਭਾਰਤ ਵਿਸ਼ਵ ਗੁਰੂ ਨਹੀਂ, ਅਜ਼ਾਦ ਸੋਚ ਵਾਲੇ ਵਿਅਕਤੀਆਂ ਲਈ ਨਰਕ ਬਣ ਚੁੱਕਾ ਹੈ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles