25.4 C
Jalandhar
Friday, October 18, 2024
spot_img

ਮੋਦੀ-ਅਡਾਨੀ ਖਿਲਾਫ ਪ੍ਰਦਰਸ਼ਨ ਕਰਦੇ ‘ਆਪ’ ਵਰਕਰਾਂ ‘ਤੇ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਨੇ ਹਿੰਡਨਬਰਗ ਰਿਪੋਰਟ ਦੁਆਰਾ ਪਰਦਾ ਫਾਸ਼ ਕੀਤੇ ਅਡਾਨੀ ਦੇ ਘੁਟਾਲਿਆਂ ਸੰਬੰਧੀ ਮੋਦੀ ਸਰਕਾਰ ਨੂੰ ਘੇਰਿਆ ਅਤੇ ਮੋਦੀ-ਅਡਾਨੀ ਘੁਟਾਲਾ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੱਤਾ | ਐਤਵਾਰ ਚੰਡੀਗੜ੍ਹ ਵਿਖੇ ਮੁੱਖ ਦਫਤਰ ‘ਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਬੁਲਾਰਿਆਂ ਨੀਲ ਗਰਗ, ਡਾ. ਸੰਨੀ ਆਹਲੂਵਾਲੀਆ ਅਤੇ ਸਮਿੰਦਰ ਖਿੰਡਾ ਨੇ ਮੋਦੀ ਸਰਕਾਰ ਦੌਰਾਨ ਅਡਾਨੀ ਦੀ ਸੰਪਤੀ ‘ਚ ਹੋਏ ਵਾਧੇ ਨੂੰ ਲੈ ਕੇ ਭਾਜਪਾ ਦੀਆਂ ਲੋਕ ਵਿਰੋਧੀ ਅਤੇ ਪੂੰਜੀਵਾਦ ਪੱਖੀ ਨੀਤੀਆਂ ‘ਤੇ ਸਵਾਲ ਖੜ੍ਹੇ ਕੀਤੇ |
ਪ੍ਰੈੱਸ ਕਾਨਫਰੰਸ ਉਪਰੰਤ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਅਹੁਦੇਦਾਰਾਂ ਨੇ ਚੰਡੀਗੜ੍ਹ ਸਥਿਤ ਭਾਜਪਾ ਦਫਤਰ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਮੋਦੀ ਸਰਕਾਰ ਅਤੇ ਅਡਾਨੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਇਸ ਦੌਰਾਨ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ‘ਤੇ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਕੀਤਾ, ਜਿਸ ਵਿੱਚ ਕਈ ਮਹਿਲਾਵਾਂ ਸਮੇਤ ਕਈ ਪਾਰਟੀ ਅਹੁਦੇਦਾਰ ਗੰਭੀਰ ਜ਼ਖਮੀ ਹੋ ਗਏ | ਉਥੇ ਚੰਡੀਗੜ੍ਹ ਪੁਲਸ ਆਪਣੀ ਆਵਾਜ਼ ਬੁਲੰਦ ਕਰ ਰਹੇ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਗਿ੍ਫਤਾਰ ਕਰਕੇ ਥਾਣੇ ਲੈ ਗਈ | ‘ਆਪ’ ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਉਨ੍ਹਾਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੀ ਅਤੇ ਉਹ ਲੋਕ ਹਿੱਤ ਲਈ ਪੂੰਜੀਪਤੀਆਂ ਦੀ ਸਕੀ ਸਰਕਾਰ ਵਿਰੁੱਧ ਆਵਾਜ਼ ਉਠਾਉਂਦੇ ਰਹਿਣਗੇ |
ਨੀਲ ਗਰਗ ਨੇ ਕਿਹਾ ਕਿ ਮੋਦੀ-ਅਡਾਨੀ ਘੁਟਾਲਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ | ਮੋਦੀ ਸਰਕਾਰ ਤੋਂ ਪਹਿਲਾਂ 2014 ਵਿੱਚ ਅਡਾਨੀ ਦੀ ਜਾਇਦਾਦ 37000 ਕਰੋੜ ਸੀ ਅਤੇ 2018 ਵਿੱਚ 59000 ਕਰੋੜ ਸੀ | 2020 ‘ਚ ਉਹੀ ਜਾਇਦਾਦ ਵਧ ਕੇ ਢਾਈ ਲੱਖ ਕਰੋੜ ਦੀ ਹੋ ਗਈ ਅਤੇ 2022 ਵਿੱਚ ਇਹ 13 ਲੱਖ ਕਰੋੜ ਹੋ ਗਈ | ਮੋਦੀ ਸਰਕਾਰ ਦੀਆਂ ਪੂੰਜੀਵਾਦ ਪੱਖੀ ਨੀਤੀਆਂ ਸਦਕਾ 2014 ‘ਚ 609ਵੇਂ ਤੋਂ ਛਾਲ ਲਗਾ ਕੇ ਅਡਾਨੀ 2022 ਵਿੱਚ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ |
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਿੱਥੇ ਦੇਸ਼ ਦੀ ਆਰਥਿਕਤਾ ਮਾੜੇ ਹਾਲਾਤ ਅਤੇ ਆਮ ਲੋਕ ਬੇਰੁਜ਼ਗਾਰੀ ਆਦਿ ਨਾਲ ਜੂਝ ਰਹੇ ਹਨ, ਉੱਥੇ ਇੱਕ ਵਿਅਕਤੀ ਨੂੰ ਸਾਰੇ ਸਾਧਨ ਦੇ ਕੇ ਮੋਦੀ ਜੀ ਨੇ ਉਸ ਨੂੰ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣਾ ਦਿੱਤਾ |
ਉਨ੍ਹਾ ਕਿਹਾ ਕਿ ਇਸ ਦੇਸ਼ ਦੇ ਕਰੋੜਾਂ ਲੋਕਾਂ ਨੇ ਆਪਣਾ ਪੈਸਾ ਐੱਲ ਆਈ ਸੀ ਵਿੱਚ ਨਿਵੇਸ਼ ਕੀਤਾ ਹੈ | ਕਿਸੇ ਨੇ ਆਪਣੀ ਧੀ ਦੇ ਵਿਆਹ ਲਈ ਪੈਸੇ ਰੱਖੇ ਹਨ | ਕਿਸੇ ਨੇ ਬੁਢਾਪਾ ਪੈਨਸ਼ਨ ਲਈ ਪੈਸੇ ਰੱਖੇ ਹਨ | ਘਰ ਵਿੱਚ ਕੋਈ ਬਿਮਾਰ ਹੋਣ ਦੀ ਸੂਰਤ ਵਿੱਚ ਪੈਸੇ ਰੱਖੇ ਗਏ ਹਨ | ਘਰ ਬਣਾਉਣ ਲਈ ਪੈਸਾ ਲਗਾਇਆ ਗਿਆ ਹੈ | ਲੋਕਾਂ ਨੇ ਐੱਸ ਬੀ ਆਈ ਵਿੱਚ ਪੈਸਾ ਨਿਵੇਸ਼ ਕੀਤਾ ਹੈ, ਕਿਉਂਕਿ ਉਹ ਪੈਸਾ ਉਨ੍ਹਾਂ ਲਈ ਮੁਸੀਬਤ ਵਿੱਚ ਲਾਭਦਾਇਕ ਹੋਵੇਗਾ, ਪਰ ਅੱਜ ਲੋਕਾਂ ਦੇ ਕਰੋੜਾਂ ਰੁਪਏ ਐੱਲ ਆਈ ਸੀ ਅਤੇ ਐੱਸ ਬੀ ਆਈ ਵਿੱਚ ਡੁੱਬ ਰਹੇ ਹਨ | 8 ਦਿਨਾਂ ‘ਚ ਐੱਲ ਆਈ ਸੀ ਦੇ 65,400 ਕਰੋੜ ਰੁਪਏ ਡੁੱਬ ਗਏ | ਆਮ ਆਦਮੀ ਪਾਰਟੀ ਜੇ ਪੀ ਸੀ ਤੋਂ ਇਸ ਦੀ ਜਾਂਚ ਦੀ ਮੰਗ ਕਰ ਰਹੀ ਹੈ? ਜੇਕਰ ਮੋਦੀ ਜੀ ਗਲਤ ਨਹੀਂ ਤਾਂ ਜਾਂਚ ਤੋਂ ਕਿਉਂ ਭੱਜ ਰਹੇ ਹਨ? ਉਨ੍ਹਾ ਕਿਹਾ ਕਿ ਕੀ ਇਹ ਕਾਲਾ ਧਨ ਅਡਾਨੀ ਤੋਂ ਭਾਜਪਾ ਨੂੰ ਜਾਂਦਾ ਹੈ? ਭਾਜਪਾ ਉਸ ਪੈਸੇ ਨੂੰ ਹਾਰਸ-ਟ੍ਰੇਡਿੰਗ ‘ਚ ਲਗਾਉਂਦੀ ਹੈ | ਅਡਾਨੀ ਵਿਰੁੱਧ ਨਾ ਤਾਂ ਈ ਡੀ ਕਾਰਵਾਈ ਕਰਦੀ ਹੈ, ਨਾ ਸੀ ਬੀ ਆਈ ਅਤੇ ਨਾ ਹੀ ਸੇਬੀ | ਜੇਕਰ ਵਿਰੋਧੀ ਧਿਰ ਵਿਰੁੱਧ ਕਾਰਵਾਈ ਕਰਨੀ ਪਵੇ ਤਾਂ ਸਾਰੀਆਂ ਸੰਸਥਾਵਾਂ ਸਰਗਰਮ ਹੋ ਜਾਂਦੀਆਂ ਹਨ | ਉਹ ਸਾਰਿਆਂ ਨੂੰ ਜੇਲ੍ਹ ਵਿੱਚ ਡੱਕਣ ਲੱਗ ਜਾਂਦੇ ਹਨ, ਪਰ ਜਦੋਂ ਏਨਾ ਵੱਡਾ ਘੁਟਾਲਾ ਫੜਿਆ ਗਿਆ ਹੈ ਤਾਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਮੋਦੀ ਜੀ ਨੇ ਅਡਾਨੀ ਦੇ ਨਾਲ ਮਿਲ ਕੇ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਕੀਤਾ ਹੈ ਤਾਂ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਚੁੱਪ ਹਨ |

Related Articles

LEAVE A REPLY

Please enter your comment!
Please enter your name here

Latest Articles