27.5 C
Jalandhar
Friday, October 18, 2024
spot_img

ਨਵੇਂ ਬੀਜ, ਨਵੀਂ ਬਿਜਾਈ, ਨਵੀਂ ਸਿੰਚਾਈ ਤੇ ਨਵੇਂ ਮੰਡੀਕਰਨ ਨਾਲ ਨਵੀਂ ਖੇਤੀ ਸੰਭਵ : ਭਗਵੰਤ ਮਾਨ

ਲੁਧਿਆਣਾ : ਪੀ ਏ ਯੂ ਵਿਚ ਐਤਵਾਰ ਪਹਿਲੀ ਸਰਕਾਰ ਕਿਸਾਨ ਮਿਲਣੀ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ, ਜਦਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮਿਲਣੀ ਦਾ ਉਦੇਸ਼ ਪੰਜਾਬ ਦੀ ਨਵੀਂ ਖੇਤੀ ਨੀਤੀ ਬਣਾਉਣ ਲਈ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕਰਨਾ ਅਤੇ ਉਹਨਾਂ ਦੀਆਂ ਰਾਵਾਂ ਜਾਨਣਾ ਸੀ | ਇਸ ਮਿਲਣੀ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ | ਵੀਹ ਦੇ ਕਰੀਬ ਸਟਾਲਾਂ ‘ਤੇ ਕਿਸਾਨਾਂ ਨੇ ਆਪਣੀ ਦਿਲਚਸਪੀ ਅਨੁਸਾਰ ਫਸਲ ਦੀ ਬਿਜਾਈ ਅਤੇ ਹੋਰ ਮੁੱਦਿਆਂ ਬਾਰੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ | ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਸਟਾਲ ‘ਤੇ ਰੁਕ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਹਨਾਂ ਦੇ ਸੁਝਾਅ ਅਤੇ ਸਮੱਸਿਆਵਾਂ ਦੇ ਹੱਲ ਬਾਰੇ ਕਿਸਾਨਾਂ ਦੇ ਨਜ਼ਰੀਏ ਨੂੰ ਜਾਣਿਆ | ਬਾਅਦ ਵਿੱਚ ਮੁੱਖ ਪੰਡਾਲ ਵਿੱਚ ਪਹੁੰਚ ਕੇ ਉਹਨਾ ਕਿਸਾਨਾਂ ਨੂੰ ਸੰਬੋਧਨ ਕੀਤਾ | ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਸ ਮਿਲਣੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਵੀਰ ਅਤੇ ਭੈਣਾਂ ਸ਼ਾਮਲ ਹੋਈਆਂ ਹਨ, ਇਹ ਆਪਣੀ ਤਰ੍ਹਾਂ ਦਾ ਇੱਕ ਨਿਵੇਕਲਾ ਤਜਰਬਾ ਹੈ |
ਉਹਨਾ ਕਿਹਾ ਕਿ ਕਿਸਾਨਾਂ ਨੇ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਲਾਇਆ ਹੋਣਾ ਕਿ ਇਸ ਸਮਾਗਮ ਦੀ ਰੂਪ-ਰੇਖਾ ਨੇੜਿਉਂ ਮਾਹਰਾਂ ਅਤੇ ਸਰਕਾਰੀ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰੇ ਵਾਲੀ ਹੋਵੇਗੀਸ਼ ਅਸੀਂ ਖੇਤੀ ਸਮੱਸਿਆਵਾਂ ਬਾਰੇ ਜਾਣ ਰਹੇ ਹਾਂ ਅਤੇ ਇਹਨਾਂ ਸਮੱਸਿਆਵਾਂ ਦਾ ਹੱਲ ਕਿਸਾਨਾਂ ਦੇ ਨਜ਼ਰੀਏ ਤੋਂ ਕੱਢਣ ਲਈ ਸਰਕਾਰ ਯਤਨਸ਼ੀਲ ਹੈ | ਫਸਲ ਦੇ ਬੀਜਾਂ ਤੋਂ ਲੈ ਕੇ ਮੰਡੀਕਰਨ ਤੱਕ ਹਰ ਮੁੱਦੇ ‘ਤੇ ਨਵੀਂ ਪਹੁੰਚ ਅਪਣਾਉਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਖੇਤੀ ਨੂੰ ਕਿਸਮਤ ਦੇ ਆਸਰੇ ਨਾ ਛੱਡੇ ਜਾਣ ਦਾ ਤਹੱਈਆ ਕੀਤਾ | ਉਹਨਾ ਕਿਹਾ ਕਿ ਨਹਿਰੀ ਪਾਣੀ, ਬਿਜਲੀ, ਸਹਾਇਕ ਕਿੱਤੇ, ਪ੍ਰੋਸੈਸਿੰਗ ਆਦਿ ਦੇ ਨਾਲ-ਨਾਲ ਮੰਡੀਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਨਵੀਂ ਖੇਤੀ ਨੂੰ ਸੰਭਵ ਬਣਾਉਣ ਲਈ ਨਵੇਂ ਬੀਜ, ਨਵੀਂ ਬਿਜਾਈ, ਨਵੀਂ ਸਿੰਚਾਈ ਤੇ ਨਵਾਂ ਮੰਡੀਕਰਨ ਢਾਂਚਾ ਉਸਾਰਨ ਦੀ ਸਰਕਾਰ ਦੀ ਕੋਸ਼ਿਸ਼ ਜਾਰੀ ਹੈ |
ਫਸਲੀ ਚੱਕਰ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਨੇ ਹੁਣ ਤੱਕ ਝੋਨਾ ਪੈਦਾ ਕਰਕੇ ਆਪਣੇ ਕੁਦਰਤੀ ਸਰੋਤ ਭਾਰਤ ਨੂੰ ਦਾਨ ਕੀਤੇ ਹਨ, ਪਰ ਹੁਣ ਖੇਤੀ ਉਤਪਾਦਨ ਨੂੰ ਨਵੀਨ ਤਕਨੀਕਾਂ ਨਾਲ ਜੋੜਨਾ ਸਰਕਾਰ ਦੀ ਪਹਿਲ ਹੈ | ਉਹਨਾ ਗੰਨੇ ਦੀ ਪ੍ਰੋਸੈਸਿੰਗ, ਲੀਚੀ, ਕਿੰਨੂ, ਲਸਣ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਯੂਨਿਟ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਲਾਉਣ ਦੀਆਂ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਇਆ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਬਾਸਮਤੀ, ਜੋ ਪੂਰੀ ਦੁਨੀਆ ਵਿੱਚ ਆਪਣੇ ਮਹਿਕ ਤੇ ਸਵਾਦ ਲਈ ਜਾਣੀ ਜਾਂਦੀ ਹੈ, ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ | ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਨਹਿਰੀ ਪਾਣੀ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਉਹਨਾ ਦੀ ਸਰਕਾਰ ਦੀ ਪ੍ਰਮੁੱਖਤਾ ਹੋਵੇਗੀ | ਬਿਜਲੀ ਉਤਪਾਦਨ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਲੇ ਦੀ ਸਮੱਸਿਆ ਦਾ ਹੱਲ ਕਰ ਲਿਆ ਗਿਆ ਹੈ ਅਤੇ ਖੇਤੀ ਨਾਲ ਸੰਬੰਧਤ ਸਭ ਖੇਤਰਾਂ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਨਿਰੰਤਰ ਜਾਰੀ ਹੈ | ਖੇਤ ਮਜ਼ਦੂਰਾਂ ਦੀ ਬਿਹਤਰੀ ਨੂੰ ਵੀ ਸਰਕਾਰ ਦੀ ਪਹਿਲ ਦੱਸਦਿਆਂ ਉਹਨਾ ਇੱਛਾ ਪ੍ਰਗਟ ਕੀਤੀ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਸਭ ਤੋਂ ਵੱਧ ਖੁਸ਼ ਅਤੇ ਖੁਸ਼ਹਾਲ ਬਣਾਉਣਾ ਉਹਨਾ ਦੀ ਸਭ ਤੋਂ ਵੱਡੀ ਕਾਮਨਾ ਹੈ |
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨਾਲ ਮਸ਼ਵਰਾ ਕੀਤਾ ਜਾ ਰਿਹਾ ਹੈ | ਇਸ ਮਿਲਣੀ ਦੇ ਦੋ ਉਦੇਸ਼ ਹਨ, ਪਹਿਲਾ ਰਵਾਇਤੀ ਫਸਲੀ ਚੱਕਰ ‘ਚੋਂ ਕਿਸਾਨੀ ਨੂੰ ਬਾਹਰ ਕੱਢਣ ਲਈ ਕਿਸਾਨਾਂ ਦੀਆਂ ਰਾਵਾਂ ਅਤੇ ਸੁਝਾਵਾਂ ਨੂੰ ਜਾਨਣਾ ਅਤੇ ਦੂਸਰਾ ਇਹਨਾਂ ਸੁਝਾਵਾਂ ਦੇ ਅਧਾਰ ‘ਤੇ ਪੰਜਾਬ ਦੀ ਨਵੀਂ ਖੇਤੀ ਨੀਤੀ ਨੂੰ ਬਣਾਉਣਾ | ਖੇਤੀਬਾੜੀ ਮੰਤਰੀ ਨੇ ਪਿਛਲੇ ਸਮੇਂ ਦੌਰਾਨ ਮੌਜੂਦਾ ਸਰਕਾਰ ਵੱਲੋਂ ਖੇਤੀ ਦੀ ਬਿਹਤਰੀ ਲਈ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਜ਼ਿਕਰ ਕੀਤਾ | ਉਹਨਾ ਕਿਹਾ ਕਿ ਫਸਲ ਖਰੀਦ ਦੀ ਫੌਰੀ ਅਤੇ ਪਾਰਦਰਸ਼ੀ ਨੀਤੀ ਬਣਾਈ ਗਈ ਹੈ | ਸਰਕਾਰ ਨੇ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਅਦਾ ਕਰ ਦਿੱਤਾ ਹੈ ਅਤੇ ਨਾਲ ਗੰਨੇ ਦੀ ਕੀਮਤ ਵਿੱਚ ਵਾਧਾ ਕੀਤਾ ਹੈ | ਕੋਸ਼ਿਸ਼ ਹੈ ਕਿ ਗੰਨੇ ਦੀ ਬਿਜਾਈ ਹੇਠ ਰਕਬੇ ਵਿੱਚ ਵਾਧਾ ਕਰਕੇ ਫਸਲੀ ਚੱਕਰ ਦਾ ਢੁੱਕਵਾਂ ਬਦਲ ਉਸਾਰਿਆ ਜਾ ਸਕੇ |
ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ ਏ ਯੂ ਦੇ ਵਿਹੜੇ ਇਹ ਨਿਵੇਕਲੀ ਮਿਲਣੀ ਹੋ ਰਹੀ ਹੈ, ਜਿਸ ਵਿੱਚ ਸਾਰੇ ਜ਼ਿਲਿ੍ਹਆਂ ਦੇ ਕਿਸਾਨ, ਸਰਕਾਰੀ ਅਧਿਕਾਰੀ ਅਤੇ ਖੇਤੀ ਮਾਹਰ ਇੱਕ-ਦੂਜੇ ਨਾਲ ਸਿਰ ਜੋੜ ਕੇ ਮਸ਼ਵਰਾ ਕਰ ਰਹੇ ਹਨ | ਵਾਈਸ ਚਾਂਸਲਰ ਨੇ ਪੀ ਏ ਯੂ ਅਤੇ ਕਿਸਾਨਾਂ ਦੇ ਅਟੁੱਟ ਰਿਸ਼ਤੇ ਦੀ ਗੱਲ ਕਰਦਿਆਂ 1967 ਤੋਂ ਲੱਗਦੇ ਆ ਰਹੇ ਕਿਸਾਨ ਮੇਲਿਆਂ ਦਾ ਜ਼ਿਕਰ ਕੀਤਾ, ਨਾਲ ਹੀ ਉਹਨਾ ਪੀ ਏ ਯੂ ਵੱਲੋਂ ਫਸਲਾਂ ਦੀਆਂ ਨਵੀਂਆਂ ਕਿਸਮਾਂ ਦੀ ਖੋਜ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਵੱਲ ਧਿਆਨ ਦੁਆਇਆ | ਵਾਈਸ ਚਾਂਸਲਰ ਨੇ ਕਿਸਾਨਾਂ ਤੱਕ ਖੇਤੀ ਜਾਣਕਾਰੀ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਅਪਣਾਏ ਜਾ ਰਹੇ ਡਿਜੀਟਲ ਮੀਡੀਆ ਮਾਧਿਅਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ | ਉਹਨਾ ਕਿਸਾਨਾਂ ਨੂੰ ਆਉਂਦੇ ਮਾਰਚ ਦੇ ਕਿਸਾਨ ਮੇਲਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ |
ਇਸ ਮੌਕੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਨੇ ਜੰਗਲਾਤ ਵਿਭਾਗ ਦੀ ਲੱਕੜ ਖ੍ਰੀਦਣ-ਵੇਚਣ ਲਈ ਬਣਾਈ ਐਪ ਈ-ਟਿੰਬਰ ਦਾ ਲੋਗੋ ਲੋਕ ਅਰਪਿਤ ਕੀਤਾ, ਨਾਲ ਹੀ ਉਹਨਾ ਪਨਸੀਡ ਦੀ ਸਬਜ਼ੀ ਬੀਜਾਂ ਦੀ ਕਿੱਟ ਵੀ ਜਾਰੀ ਕੀਤੀ | ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹਾਂ ਨਾਲ ਨਿਵਾਜ਼ਿਆ ਗਿਆ | ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਮੁੱਖ ਮੰਤਰੀ, ਖੇਤੀਬਾੜੀ ਮੰਤਰੀ, ਹੋਰ ਮੰਤਰੀਆਂ, ਵਿਧਾਇਕਾਂ, ਐੱਮ ਪੀਜ਼ ਅਤੇ ਵਿਸ਼ੇਸ਼ ਤੌਰ ‘ਤੇ ਇਸ ਮਿਲਣੀ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸ਼ਾਮਲ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ |
ਮੰਚ ਸੰਚਾਲਨ ਅੱਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕੀਤਾ |

Related Articles

LEAVE A REPLY

Please enter your comment!
Please enter your name here

Latest Articles