34.1 C
Jalandhar
Friday, October 18, 2024
spot_img

ਅਯੁੱਧਿਆ ਕੇਸ ਵਾਲੇ ਜਸਟਿਸ ਨਜ਼ੀਰ ਬਣੇ ਰਾਜਪਾਲ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਐਤਵਾਰ 6 ਰਾਜਾਂ ‘ਚ ਨਵੇਂ ਰਾਜਪਾਲ ਨਿਯੁਕਤ ਕੀਤੇ | ਇਨ੍ਹਾਂ ਵਿਚ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਐੱਸ ਅਬਦੁਲ ਨਜ਼ੀਰ ਤੇ ਚਾਰ ਭਾਜਪਾ ਆਗੂ ਸ਼ਾਮਲ ਹਨ | ਇਸ ਤੋਂ ਇਲਾਵਾ 7 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਾਜਪਾਲਾਂ ਤੇ ਉਪ ਰਾਜਪਾਲਾਂ ਨੂੰ ਇੱਧਰ-ਉੱਧਰ ਕੀਤਾ | ਸ਼ਿਵਾਜੀ ‘ਤੇ ਬਿਆਨ ਦੇ ਕੇ ਵਿਵਾਦਾਂ ਵਿਚ ਆਏ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਾ ਅਸਤੀਫਾ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵੀਕਾਰ ਕਰਕੇ ਉਨ੍ਹਾ ਦੀ ਥਾਂ ਰਮੇਸ਼ ਬੈਸ ਨੂੰ ਨਿਯੁਕਤ ਕੀਤਾ ਹੈ, ਜਿਹੜੇ ਝਾਰਖੰਡ ਦੇ ਰਾਜਪਾਲ ਸਨ |
ਸਭ ਤੋਂ ਹੈਰਾਨੀ ਭਰੀ ਨਿਯੁਕਤੀ ਜਸਟਿਸ ਅਬਦੁਲ ਨਜ਼ੀਰ ਦੀ ਆਂਧਰਾ ਪ੍ਰਦੇਸ਼ ਦੇ ਰਾਜਪਾਲ ਵਜੋਂ ਹੋਈ ਹੈ | ਉਹ ਅਯੱੁਧਿਆ ਵਿਚ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਦੇਣ ਵਾਲੀ ਸੁਪਰੀਮ ਕੋਰਟ ਦੇ ਜੱਜਾਂ ਦੀ ਬੈਂਚ ਵਿਚ ਸ਼ਾਮਲ ਸਨ | ਉਹ ਚਾਰ ਜਨਵਰੀ ਨੂੰ ਰਿਟਾਇਰ ਹੋਏ ਸਨ ਤੇ 40 ਦਿਨਾਂ ਵਿਚ ਹੀ ਉਨ੍ਹਾ ਨੂੰ ਰਾਜਪਾਲ ਦੇ ਅਹੁਦੇ ਵਜੋਂ ਨਿਵਾਜਿਆ ਗਿਆ ਹੈ | ਰਿਟਾਇਰਮੈਂਟ ਵੇਲੇ ਜਸਟਿਸ ਨਜ਼ੀਰ ਨੇ ਕਿਹਾ ਸੀ—ਜੇ 9 ਨਵੰਬਰ ਨੂੰ ਆਏ ਫੈਸਲੇ ਵਿਚ ਮੈਂ ਵੱਖਰੀ ਰਾਇ ਰੱਖੀ ਹੁੰਦੀ ਤਾਂ ਆਪਣੇ ਭਾਈਚਾਰੇ ਦਾ ਹੀਰੋ ਬਣ ਗਿਆ ਹੁੰਦਾ, ਪਰ ਮੈਂ ਭਾਈਚਾਰੇ ਨਹੀਂ, ਦੇਸ਼ ਬਾਰੇ ਸੋਚਿਆ ਸੀ | ਦੇਸ਼ ਲਈ ਸਭ ਨਿਛਾਵਰ ਹੈ | ਜਸਟਿਸ ਨਜ਼ੀਰ ਤਿੰਨ ਤਲਾਕ ਅਤੇ ਨੋਟਬੰਦੀ ਵਰਗੇ ਮਾਮਲਿਆਂ ‘ਚ ਫੈਸਲਾ ਦੇਣ ਵਾਲੀਆਂ ਬੈਂਚਾਂ ਦਾ ਵੀ ਹਿੱਸਾ ਰਹੇ | ਆਂਧਰਾ ਦੇ ਮੌਜੂਦਾ ਰਾਜਪਾਲ ਬਿਸਵਾ ਭੂਸ਼ਣ ਹਰੀਚੰਦਨ ਨੂੰ ਛੱਤੀਸਗੜ੍ਹ ਬਦਲ ਦਿੱਤਾ ਗਿਆ ਹੈ | ਅਯੱੁਧਿਆ ਬਾਰੇ ਫੈਸਲਾ ਸੁਣਾਉਣ ਵਾਲੀ ਬੈਂਚ ਦੇ ਮੁਖੀ ਚੀਫ ਜਸਟਿਸ ਰੰਜਨ ਗੋਗੋਈ ਨੂੰ ਮੋਦੀ ਸਰਕਾਰ ਨੇ ਰਾਜ ਸਭਾ ਦੀ ਮੈਂਬਰੀ ਦੇ ਕੇ ਨਿਵਾਜਿਆ ਸੀ |
ਜਿਨ੍ਹਾਂ 13 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਰਾਜਪਾਲਾਂ ਤੇ ਉਪ ਰਾਜਪਾਲਾਂ ਨੂੰ ਬਦਲਿਆ ਗਿਆ ਹੈ, ਉਨ੍ਹਾਂ ਵਿੱਚੋਂ 9 ਵਿਚ ਇਸੇ ਸਾਲ ਅਸੰਬਲੀ ਚੋਣਾਂ ਹਨ | ਉੱਤਰ-ਪੂਰਬੀ ਰਾਜਾਂ ਤਿ੍ਪੁਰਾ, ਮੇਘਾਲਿਆ, ਨਾਗਾਲੈਂਡ ਤੇ ਮਿਜ਼ੋਰਮ ਵਿਚ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ | ਹਿੰਦੀ ਪੱਟੀ ਦੇ ਤਿੰਨ ਵੱਡੇ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਚ ਨਵੰਬਰ ਵਿਚ ਚੋਣਾਂ ਹੋਣੀਆਂ ਹਨ | ਦੱਖਣ ਦੇ ਕਰਨਾਟਕ ਤੇ ਤਿਲੰਗਾਨਾ ਵਿਚ ਵੀ ਇਸੇ ਸਾਲ ਚੋਣਾਂ ਹਨ | ਜੰਮੂ-ਕਸ਼ਮੀਰ ਤੋਂ ਅੱਡ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਗਏ ਲੱਦਾਖ ਵਿਚ ਉਪ ਰਾਜਪਾਲ ਦੀ ਨਵੀਂ ਨਿਯੁਕਤੀ ਕੀਤੀ ਗਈ ਹੈ |
ਨਵੀਂਆਂ ਨਿਯੁਕਤੀਆਂ ਨਾਲ ਭਾਜਪਾ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ | ਆਸਾਮ ਦੇ ਨਵੇਂ ਲਾਏ ਗਏ ਰਾਜਪਾਲ ਗੁਲਾਬ ਚੰਦ ਕਟਾਰੀਆ ਰਾਜਸਥਾਨ ਅਸੰਬਲੀ ਵਿਚ ਆਪੋਜ਼ੀਸ਼ਨ ਦੇ ਆਗੂ ਸਨ ਤੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਸਨ | ਉਥੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਸਿੰਧੀਆ ਨਾਲ ਉਨ੍ਹਾ ਦੀ ਬਣਦੀ ਨਹੀਂ ਸੀ | ਨਾਗਾਲੈਂਡ ਤੇ ਮੇਘਾਲਿਆ ਵਿਚ 27 ਫਰਵਰੀ ਨੂੰ ਵੋਟਾਂ ਪੈ ਰਹੀਆਂ ਹਨ | ਇਨ੍ਹਾਂ ਰਾਜਾਂ ਵਿਚ ਸਿਆਸੀ ਅਸਥਿਰਤਾ ਦਾ ਇਤਿਹਾਸ ਰਿਹਾ ਹੈ | ਚੋਣਾਂ ਤੋਂ ਬਾਅਦ ਸਰਕਾਰਾਂ ਬਣਾਉਣ ਵਿਚ ਰਾਜਪਾਲ ਅਹਿਮ ਰੋਲ ਨਿਭਾਉਂਦੇ ਹਨ | ਬਿਹਾਰ ਦੇ ਰਾਜਪਾਲ ਫਗੂ ਚੌਹਾਨ ਨੂੰ ਮੇਘਾਲਿਆ ਬਦਲ ਦਿੱਤਾ ਗਿਆ ਹੈ, ਜਦਕਿ ਮਨੀਪੁਰ ਦੇ ਰਾਜਪਾਲ ਲਾ ਗਣੇਸ਼ਨ, ਜਿਨ੍ਹਾ ਪੱਛਮੀ ਬੰਗਾਲ ਦਾ ਚਾਰਜ ਵੀ ਸੰਭਾਲਿਆ, ਨੂੰ ਨਾਗਾਲੈਂਡ ਬਦਲ ਦਿੱਤਾ ਗਿਆ ਹੈ | ਹਿਮਾਚਲ ਦੇ ਮੌਜੂਦਾ ਰਾਜਪਾਲ ਰਜਿੰਦਰ ਵਿਸ਼ਵਾਨਾਥ ਅਰਲੇਕਰ ਨੂੰ ਬਿਹਾਰ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ | ਸਾਬਕਾ ਲੋਕ ਸਭਾ ਮੈਂਬਰ ਤੇ ਸੀਨੀਆਰ ਭਾਜਪਾ ਆਗੂ ਸੀ ਪੀ ਰਾਧਾਕ੍ਰਿਸ਼ਨਨ ਨੂੰ ਝਾਰਖੰਡ ਦਾ ਰਾਜਪਾਲ ਬਣਾ ਦੇਣ ਨਾਲ ਤਾਮਿਲਨਾਡੂ ਦੇ ਸੂਬਾ ਭਾਜਪਾ ਪ੍ਰਧਾਨ ਕੇ ਅੰਨਾਮਲਾਈ ਨੂੰ ਸੁੱਖ ਦਾ ਸਾਹ ਆਵੇਗਾ, ਕਿਉਂਕਿ ਉਨ੍ਹਾ ਨਾਲ ਰਾਧਾਕ੍ਰਿਸ਼ਨਨ ਦੀ ਬਣਦੀ ਨਹੀਂ ਸੀ | ਯੂ ਪੀ ਦੇ ਆਰ ਐੱਸ ਐੱਸ ਦੇ ਪਿਛੋਕੜ ਵਾਲੇ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਹਿਮਾਚਲ ਦਾ ਰਾਜਪਾਲ ਬਣਾਇਆ ਗਿਆ ਹੈ | ਛੱਤੀਸਗੜ੍ਹ ਦੀ ਰਾਜਪਾਲ ਅਨੁਸੂਈਆ ਉਈਕੇ ਨੂੰ ਮਨੀਪੁਰ ਬਦਲ ਦਿੱਤਾ ਗਿਆ ਹੈ | ਸੂਤਰਾਂ ਮੁਤਾਬਕ ਭਾਜਪਾ ਵਾਲਿਆਂ ਨੂੰ ਉਸ ਬਾਰੇ ਸ਼ਿਕਾਇਤਾਂ ਸਨ | ਉਈਕੇ ਆਦਿਵਾਸੀ ਭਾਈਚਾਰੇ ਤੋਂ ਹੈ ਅਤੇ ਮੁਰਮੂ ਨੂੰ ਰਾਸ਼ਟਰਪਤੀ ਬਣਾਉਣ ਵੇਲੇ ਉਹ ਰਾਸ਼ਟਰਪਤੀ ਦੇ ਅਹੁਦੇ ਦੀ ਦਾਅਵੇਦਾਰ ਮੰਨੀ ਜਾ ਰਹੀ ਸੀ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਭਾਜਪਾ ਵਿਚ ਰਲਾ ਦਿੱਤਾ ਸੀ, ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਉਣ ਦੀਆਂ ਕਿਆਸ-ਅਰਾਈਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ, ਪਰ ਲਿਸਟ ਵਿਚ ਉਨ੍ਹਾ ਦਾ ਨਾਂਅ ਨਹੀਂ ਆਇਆ | ਲੱਦਾਖ ਦੇ ਉਪ ਰਾਜਪਾਲ ਰਾਧਾ ਕਿ੍ਸ਼ਨਨ ਮਾਥੁਰ ਦਾ ਅਸਤੀਫਾ ਪ੍ਰਵਾਨ ਕਰਕੇ ਉਨ੍ਹਾ ਦੀ ਥਾਂ ਅਰੁਣਾਚਲ ਪ੍ਰਦੇਸ਼ ਦੇ ਮੌਜੂਦਾ ਰਾਜਪਾਲ ਬਿ੍ਗੇਡੀਅਰ ਬੀ ਡੀ ਮਿਸ਼ਰਾ (ਰਿਟਾਇਰਡ) ਨੂੰ ਥਾਪਿਆ ਗਿਆ ਹੈ | ਲੈਫਟੀਨੈਂਟ ਜਨਰਲ (ਰਿਟਾਇਰਡ) ਕਾਇਵਾਲਿਆ ਤਿ੍ਵਿਕਰਮ ਪਾਰਨੇਕ ਨੂੰ ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ ਥਾਪਿਆ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles