25.4 C
Jalandhar
Friday, October 18, 2024
spot_img

ਖੁੱਦਾਰ ਕਵਿਤਰੀ

ਤਾਮਿਲ ਕਵਿਤਰੀ ਸੁਕੀਰਤਰਾਣੀ ਨੇ ਇਹ ਪਤਾ ਲੱਗਣ ਕਿ ਪੁਰਸਕਾਰ ਸਮਾਰੋਹ ਦਾ ਮੱੁਖ ਸਪਾਂਸਰ ਅਡਾਨੀ ਗਰੁੱਪ ਹੈ, ਦੇ ਬਾਅਦ ‘ਦੇਵੀ ਪੁਰਸਕਾਰ’ ਲੈਣ ਤੋਂ ਇਨਕਾਰ ਕਰ ਦਿੱਤਾ | ਉਸ ਮੁਤਾਬਕ ‘ਸਮਾਗਮ ਦਾ ਹਿੱਸਾ ਹੋਣਾ ਮੇਰੇ ਸਿਧਾਂਤਾਂ, ਮੇਰੀ ਲੇਖਣੀ ਤੇ ਮੇਰੇ ਦਰਸ਼ਨ, ਜਿਸ ਲਈ ਮੈਂ ਹੁਣ ਤੱਕ ਖੜ੍ਹੀ ਹੁੰਦੀ ਆਈ ਹਾਂ, ਦੇ ਖਿਲਾਫ ਜਾਂਦਾ ਹੈ |’ ਇਹ ਪੁਰਸਕਾਰ ਸਮਾਗਮ ਨਿਊ ਇੰਡੀਅਨ ਐੱਕਸਪ੍ਰੈੱਸ ਅਖਬਾਰ ਸਮੂਹ ਨੇ 8 ਫਰਵਰੀ ਨੂੰ ਚੇਨਈ ਵਿੱਚ ਕਰਵਾਇਆ ਸੀ | ਇਸ ਵਾਰ ਉਸ ਨੇ ਜਿਨ੍ਹਾਂ 12 ਮਹਿਲਾਵਾਂ ਨੂੰ ‘ਦੇਵੀ ਪੁਰਸਕਾਰ’ ਲਈ ਚੁਣਿਆ ਸੀ, ਉਨ੍ਹਾਂ ਵਿਚ ਵਿਗਿਆਨਕ ਗਗਨਦੀਪ ਕੰਗ, ਭਾਰਤ ਨਾਟਿਅਮ ਨਿ੍ਤਾਂਗਣਾ ਪਿ੍ਆਦਰਸ਼ਨੀ ਗੋਵਿੰਦ, ਸਮਾਜ ਸੇਵਕਾ ਰਾਧਿਕਾ ਸੰਥਾਨਕ੍ਰਿਸ਼ਣਾ ਤੇ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਵੀ ਸ਼ਾਮਲ ਸਨ | ਸੁਕੀਰਤਰਾਣੀ ਨੇ ਦਲਿਤ ਸਾਹਿਤ ਵਿੱਚ ਉਸ ਦੇ ਯੋਗਦਾਨ ਲਈ ਪੁਰਸਕਾਰ ਦੇਣ ਵਾਸਤੇ ਚੁਣਨ ਲਈ ਨਿਊ ਇੰਡੀਅਨ ਐੱਕਸਪ੍ਰੈੱਸ ਦਾ ਧੰਨਵਾਦ ਕੀਤਾ, ਪਰ ਨਾਲ ਹੀ ਸਮਾਗਮ ਤੋਂ ਪਹਿਲਾਂ ਸਪੱਸ਼ਟ ਕਰ ਦਿੱਤਾ—ਜਿਹੜੀ ਸਿਆਸਤ ਬਾਰੇ ਮੈਂ ਬੋਲਦੀ ਹਾਂ ਤੇ ਜਿਨ੍ਹਾਂ ਵਿਚਾਰਧਾਰਾਵਾਂ ਵਿੱਚ ਵਿਸ਼ਵਾਸ ਰੱਖਦੀ ਹਾਂ, ਉਸ ਲਈ ਅਜਿਹੇ ਕਿਸੇ ਸੰਗਠਨ ਤੋਂ ਜਾਂ ਅਜਿਹੇ ਸਮਾਗਮ ‘ਚ ਪੁਰਸਕਾਰ ਹਾਸਲ ਕਰਨ ਨਾਲ ਮੈਨੂੰ ਖੁਸ਼ੀ ਨਹੀਂ ਹੋਵੇਗੀ, ਜਿਸ ਨੂੰ ਅਡਾਨੀ ਗਰੁੱਪ ਵੱਲੋਂ ਆਰਥਕ ਤੌਰ ‘ਤੇ ਸਹਿਯੋਗ ਦਿੱਤਾ ਜਾ ਰਿਹਾ ਹੈ, ਇਸ ਲਈ ਮੈਂ ਦੇਵੀ ਪੁਰਸਕਾਰ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹਾਂ |
ਸੁਕੀਰਤਰਾਣੀ ਕਵਿਤਰੀ ਹੋਣ ਦੇ ਨਾਲ-ਨਾਲ ਟੀਚਰ ਵੀ ਹੈ ਤੇ ਉਸ ਦੇ ਛੇ ਕਵਿਤਾ ਸੰਗ੍ਰਹਿ ਆ ਚੁੱਕੇ ਹਨ | ਉਸ ਦਾ ਸਾਹਿਤਕ ਕਾਰਜ ਭਾਰਤ, ਖਾਸਕਰ ਤਾਮਿਲਨਾਡੂ ਵਿੱਚ ਦਲਿਤ ਮਹਿਲਾਵਾਂ ਦੇ ਜੀਵਨ ਤੇ ਮੁਸ਼ਕਲਾਂ ਦੀ ਗੱਲ ਕਰਦਾ ਹੈ | ਵਿਵਾਦਾਂ ਵਿੱਚ ਬੁਰੀ ਤਰ੍ਹਾਂ ਘਿਰੇ ਅਡਾਨੀ ਗਰੁੱਪ ਵੱਲੋਂ ਸਪਾਂਸਰ ਸਮਾਗਮ ਵਿੱਚ ਪੁਰਸਕਾਰ ਲੈਣ ਤੋਂ ਸੁਕੀਰਤਰਾਣੀ ਵਰਗੀ ਕਵਿਤਰੀ ਹੀ ਇਨਕਾਰ ਕਰ ਸਕਦੀ ਹੈ, ਜਿਹੜੀ ਸਮਝਦੀ ਹੈ ਕਿ ਦੇਸ਼ ਵਿੱਚ ਗਰੀਬਾਂ ਤੇ ਮਜ਼ਦੂਰਾਂ ਦੇ ਦੁੱਖਾਂ ਲਈ ਕਾਰਪੋਰਟ ਘਰਾਣੇ ਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੀਆਂ ਸਰਕਾਰਾਂ ਹੀ ਜ਼ਿੰਮੇਵਾਰ ਹਨ | ਸੁਕੀਰਤਰਾਣੀ ਦੀਆਂ ਕਵਿਤਾਵਾਂ ਜਦੋਂ ਦਿੱਲੀ ਯੂਨੀਵਰਸਿਟੀ ਨੇ 2021 ਵਿੱਚ ਸਿਲੇਬਸ ਤੋਂ ਹਟਾ ਦਿੱਤੀਆਂ ਸਨ ਤਾਂ ਉਸ ਦੀ ਵਿਆਪਕ ਅਲੋਚਨਾ ਹੋਈ ਸੀ | ਉਦੋਂ ਉਸ ਨੇ ਕਿਹਾ ਸੀ—ਇਸੇ ਤਰ੍ਹਾਂ ਕਿਸੇ ਮਹਿਲਾ ਦੇ ਸਰੀਰ ਨੂੰ ‘ਸ਼ਕਤੀਆਂ’ ਵੱਲੋਂ ਜਾਣਬੁੱਝ ਕੇ ਅਣਦੇਖਿਆ ਤੇ ਤਬਾਹ ਕਰ ਦਿੱਤਾ ਜਾਂਦਾ ਹੈ | ਮੈਨੂੰ ਯਕੀਨਨ ਹੈਰਾਨੀ ਨਹੀਂ ਹੋਈ ਕਿ ਕਵਿਤਾਵਾਂ ਹਟਾ ਦਿੱਤੀਆਂ ਗਈਆਂ ਹਨ | ਸਾਡੀ ਅਜਿਹੀ ਕੇਂਦਰ ਸਰਕਾਰ ਹੈ, ਜਿਹੜੀ ਸਨਾਤਨ ਵਿੱਚ ਵਿਸ਼ਵਾਸ ਰੱਖਦੀ ਹੈ, ਪਰ ਸਪੱਸ਼ਟ ਰੂਪ ਵਿੱਚ ਮੈਂ ਜੋ ਲਿਖਦੀ ਹਾਂ, ਉਸ ਤੋਂ ਉਹ ਪ੍ਰੇਸ਼ਾਨ ਹਨ | ਮੈਨੂੰ ਹੈਰਾਨੀ ਇਸ ਕਰਕੇ ਨਹੀਂ ਹੋਈ, ਕਿਉਂਕਿ ਸ਼ਕਤੀਸ਼ਾਲੀ ਦਲਿਤ ਅਵਾਜ਼ਾਂ ਨੂੰ ਹਮੇਸ਼ਾ ਮਿਟਾਇਆ ਗਿਆ ਹੈ | ਜਦ ਉਹ ਸਾਡੇ ਕੰਮਾਂ ਦੀ ਸਚਾਈ ਦਾ ਸਾਹਮਣਾ ਨਹੀਂ ਕਰ ਪਾਉਂਦੇ—ਮੇਰੇ, ਬਾਮਾ ਜਾਂ ਮਹਾਸ਼ਵੇਤਾ ਦੇਵੀ ਦੇ—ਤਾਂ ਉਹ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਾਡੇ ਕੰਮ ਖੁਦ ਬੋਲਦੇ ਹਨ | ਜਦ ਹਰ ਅਦਾਰਾ ਵਰਤਮਾਨ ਸਰਕਾਰ ਅੱਗੇ ਲਿਫ ਰਿਹਾ ਹੈ, ਉਦੋਂ ਪੁਰਸਕਾਰ ਤੋਂ ਇਨਕਾਰ ਕਰਕੇ ਸੁਕੀਰਤਰਾਣੀ ਨੇ ਦਿਖਾਇਆ ਹੈ ਕਿ ਅਜਿਹੇ ਸਾਹਿਤਕਾਰ ਵੀ ਹਨ, ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਮਜ਼ਬੂਤ ਹੈ |

Related Articles

LEAVE A REPLY

Please enter your comment!
Please enter your name here

Latest Articles