25.4 C
Jalandhar
Friday, October 18, 2024
spot_img

ਕੇਂਦਰੀ ਬਜਟ ਖਿਲਾਫ ਵਿਆਪਕ ਰੋਸ, ਪੁਤਲੇ ਫੂਕ ਮੁਜ਼ਾਹਰੇ

ਲੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ)
ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਲੁਧਿਆਣਾ ਵੱਲੋਂ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਬੁਲਾਰਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਅਤੇ ਕਾਰਪੋਰੇਟ ਸੈਕਟਰ ਦੇ ਗਠਜੋੜ ਤੋਂ ਦੇਸ਼ ਨੂੰ ਬਚਾਉਣ ਲਈ ਅੱਗੇ ਤੋਂ ਸਖਤ ਸੰਘਰਸ਼ ਲਈ ਤਿਆਰ ਰਹਿਣ | ਲੋਕਾਂ ਤੋਂ ਮਿਹਨਤ ਨਾਲ ਕਮਾਇਆ ਆਰਥਿਕ ਹੱਕ ਖੋਹ ਲਿਆ | ਇਸ ਮੌਕੇ ਬੋਲਦਿਆਂ ਕੌਮੀ ਸਕੱਤਰੇਤ ਮੈਂਬਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਇਹ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬੱਜਟ ਹੈ | ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਬੱਜਟ ਆਮ ਵਾਂਗ ਰੌਲੇ-ਰੱਪੇ ਨਾਲ ਭਰਿਆ ਹੋਇਆ ਹੈ, ਧਾਰਮਿਕ ਭਾਵਨਾ ਨਾਲ ਨਵੇਂ ਸ਼ਬਦ ਘੜੇ ਗਏ ਹਨ, ਪਰ ਬੱਜਟ ਖੋਖਲਾ, ਗਰੀਬ ਵਿਰੋਧੀ ਅਤੇ ਅਮੀਰ ਪੱਖੀ ਹੈ | ਇਹ ਅਸਮਾਨਤਾਵਾਂ ਨੂੰ ਹੋਰ ਵਧਾਏਗਾ, ਜੋ ਪਿਛਲੇ 9 ਸਾਲਾਂ ਤੋਂ ਸ੍ਰੀ ਨਰੇਂਦਰ ਮੋਦੀ ਦੇ ਸ਼ਾਸਨ ਦੀ ਨਿਸ਼ਾਨਦੇਹੀ ਹੈ | ਸਿਹਤ ਅਤੇ ਸਿੱਖਿਆ ਲਈ ਬੱਜਟ ਅਲਾਟਮੈਂਟ ਨੂੰ ਘਟਾ ਦਿੱਤਾ ਗਿਆ ਹੈ, ਭਾਵੇਂ ਅਸੀਂ ਪਹਿਲਾਂ ਹੀ ਸਿਹਤ ਖਰਚਿਆਂ ਵਿੱਚ ਵਿਸ਼ਵ ਵਿੱਚ 154ਵੇਂ ਅਤੇ ਹੇਠਾਂ ਤੋਂ 5ਵੇਂ ਸਥਾਨ ‘ਤੇ ਹਾਂ | ਨੁਕਸਦਾਰ ਆਰਥਿਕ ਨੀਤੀਆਂ ਕਾਰਨ ਸਾਡਾ ਭੁੱਖਮਰੀ ਸੂਚਕ ਅੰਕ 120 ਦੇਸ਼ਾਂ ਵਿੱਚੋਂ 107ਵੇਂ ਸਥਾਨ ‘ਤੇ ਆ ਗਿਆ ਹੈ | ਇਹ ਹੁਣ ਤੱਕ ਦਾ ਸਭ ਤੋਂ ਘੱਟ ਹੈ | 81 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਮੁਫਤ ਦੇਣ ਦਾ ਫੈਸਲਾ ਕਰਕੇ ਸਰਕਾਰ ਨੇ ਦੇਸ਼ ਵਿੱਚ ਘੋਰ ਗਰੀਬੀ ਮੰਨ ਲਈ ਹੈ | ਸਿੱਖਿਆ ‘ਤੇ ਬੱਜਟ ‘ਚ ਕਟੌਤੀ ਨਿੱਜੀ ਖੇਤਰ ‘ਚ ਸਿੱਖਿਆ ਨੂੰ ਬੜ੍ਹਾਵਾ ਦੇਵੇਗੀ, ਜਿਸ ਨਾਲ ਘੱਟ ਆਮਦਨ ਵਾਲੇ ਵਰਗ ਦੇ ਲੋਕਾਂ ਨੂੰ ਸਿੱਖਿਆ ਦੇਣ ਤੋਂ ਇਨਕਾਰ ਕੀਤਾ ਜਾਵੇਗਾ | ਮਨਰੇਗਾ ਦੇ ਬੱਜਟ ਵਿੱਚ 30% ਦੀ ਕਟੌਤੀ ਕਰਕੇ ਸਰਕਾਰ ਨੇ ਲੋਕਾਂ ਨੂੰ ਬੇਰੁਜ਼ਗਾਰੀ ਅਤੇ ਕੁਪੋਸ਼ਣ ਵੱਲ ਧੱਕਣ ਦਾ ਫੈਸਲਾ ਕੀਤਾ ਹੈ | ਕਾਰਪੋਰੇਟ ਟੈਕਸ ‘ਚ ਕਟੌਤੀ ਕੀਤੀ ਗਈ ਹੈ, ਜਦਕਿ ਸਾਰੀਆਂ ਜ਼ਰੂਰੀ ਵਸਤਾਂ ‘ਤੇ ਜੀ ਐੱਸ ਟੀ ਲਗਾਇਆ ਗਿਆ ਹੈ | ਹੁਣ ਇਹ ਸਭ ਜਾਣਿਆ-ਪਛਾਣਿਆ ਤੱਥ ਹੈ ਕਿ ਘੱਟ ਆਮਦਨੀ ਵਾਲੇ ਸਮੂਹ ਦੀ 50% ਆਬਾਦੀ ਦੁਆਰਾ ਜੀ ਐੱਸ ਟੀ ਦਾ 64% ਭੁਗਤਾਨ ਕੀਤਾ ਜਾ ਰਿਹਾ ਹੈ |
ਅੰਨਾ ਰਿਸ਼ੀ ਇਹ ਸ਼ਬਦ ਵਿੱਤ ਮੰਤਰੀ ਦੁਆਰਾ ਵਰਤਿਆ ਗਿਆ ਹੈ, ਜਦੋਂ ਕਿ ਭਾਰਤ ਅੰਨਾ (ਅਨਾਜ) ਦਾ ਸਭ ਤੋਂ ਵੱਡਾ ਉਤਪਾਦਕ ਅਤੇ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਹੈ, ਪਰ ਮੋਦੀ ਰਾਜ ਵਿੱਚ ਅੰਨਦਾਤਾ ਕਿਸਾਨ ਨੂੰ ਆਪਣੀਆਂ ਮੰਗਾਂ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਤੇਰਾਂ ਮਹੀਨਿਆਂ ਤੱਕ ਹਰ ਤਰ੍ਹਾਂ ਦੇ ਗੰਭੀਰ ਮੌਸਮ ਦਾ ਸਾਹਮਣਾ ਕਰਨਾ ਪਿਆ ਸੀ | ਬੁਲਾਰਿਆਂ ਨੇ ਸਵਾਲ ਕੀਤਾ ਕਿ ਜੇਕਰ ਭਾਰਤ ਅੰਨਾ ਦਾ ਇੰਨਾ ਵੱਡਾ ਉਤਪਾਦਕ ਹੈ ਤਾਂ ਸਾਡੇ ਦੇਸ਼ ਵਿੱਚ ਲੋਕ ਭੁੱਖੇ ਅਤੇ ਕੁਪੋਸ਼ਤ ਕਿਉਂ ਹਨ |
ਹਿੰਡਨਬਰਗ ਦੀ ਰਿਪੋਰਟ ਨੇ ਇਸ ਸੱਚਾਈ ਦਾ ਪਰਦਾਫਾਸ਼ ਕੀਤਾ ਹੈ ਕਿ ਕਿਵੇਂ ਇਹ ਸਰਕਾਰ ਜਨਤਾ ਦੇ ਪੈਸੇ ਨਾਲ ਬਣਾਏ ਗਏ ਬੰਦਰਗਾਹਾਂ, ਹਵਾਈ ਅੱਡਿਆਂ, ਰੇਲਵੇ ਆਦਿ ਦੇ ਬੁਨਿਆਦੀ ਢਾਂਚੇ ਨੂੰ ਆਪਣੇ ਕਾਰਪੋਰੇਟ ਦੋਸਤਾਂ ਨੂੰ ਸੌਂਪ ਕੇ ਬੈਂਕਾਂ, ਬੀਮਾ ਦੇ ਨਾਲ-ਨਾਲ ਜਨਤਾ ਦੇ ਪੈਸੇ ਦੀ ਲੁੱਟ ਨੂੰ ਸੰਭਵ ਬਣਾ ਰਹੀ ਹੈ | ਸਰਕਾਰ ਦੇਸ਼ ਦੀ ਪ੍ਰਭੂਸੱਤਾ ਅਤੇ ਸਵੈ-ਨਿਰਭਰ ਆਰਥਿਕਤਾ ਨੂੰ ਤਬਾਹ ਕਰਨ ਲਈ ਤਿਆਰ ਹੈ | ਸੀ ਪੀ ਆਈ ਨੇ ਅਡਾਨੀ ਦੁਆਰਾ ਉੱਚ ਪੱਧਰੀ ਬੇਮਿਸਾਲ ਘੁਟਾਲੇ ਦੇ ਦੋਸ਼ਾਂ ਦੀ ਜਾਂਚ ਲਈ ਜੇ ਪੀ ਸੀ ਦੀ ਤੁਰੰਤ ਨਿਯੁਕਤੀ ਦੀ ਮੰਗ ਕੀਤੀ | ਸਰਕਾਰ ਇਸ ਤੋਂ ਭੱਜ ਰਹੀ ਹੈ, ਇਹ ਦਰਸਾਉਂਦਾ ਹੈ ਕਿ ਉੱਚ-ਅਧਿਕਾਰੀ ਅਡਾਨੀ ਦਾ ਬਚਾਅ ਕਰਨ ਲਈ ਤਿਆਰ ਹਨ, ਜੋ ਨਰਿੰਦਰ ਮੋਦੀ ਦਾ ਕਰੀਬੀ ਦੋਸਤ ਹੈ | ਰੈਲੀ ਨੂੰ ਕੌਮੀ ਕੌਂਸਲ ਮੈਂਬਰ ਡਾਕਟਰ ਅਰੁਣ ਮਿੱਤਰਾ, ਜ਼ਿਲ੍ਹਾ ਸਕੱਤਰ ਡੀ ਪੀ ਮੌੜ, ਸ਼ਹਿਰੀ ਸਕੱਤਰ ਐੱਮ ਐੱਸ ਭਾਟੀਆ, ਚਮਕੌਰ ਸਿੰਘ, ਵਿਜੇ ਕੁਮਾਰ, ਡਾਕਟਰ ਵਿਨੋਦ, ਕੁਲਵੰਤ ਕੌਰ ਸਿੱਧੂ ਨੇ ਸੰਬੋਧਨ ਕੀਤਾ | ਕਾਮਰੇਡ ਰਮੇਸ਼ ਰਤਨ ਨੇ ਸਾਰਿਆਂ ਦਾ ਧੰਨਵਾਦ ਕੀਤਾ | ਰੈਲੀ ਦੇ ਅੰਤ ਵਿੱਚ ਮੋਦੀ ਅਤੇ ਅਡਾਨੀ ਦਾ ਪੁਤਲਾ ਫੂਕਿਆ ਗਿਆ |
ਸ਼ਾਹਕੋਟ (ਗਿਆਨ ਸੈਦਪੁਰੀ) : ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਵੱਲੋਂ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿਰੁੱਧ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਤਹਿਤ ਸੋਮਵਾਰ ਜ਼ਿਲ੍ਹਾ ਜਲੰਧਰ ਦੀ ਕਮਿਊਨਿਸਟ ਪਾਰਟੀ ਨੇ ਰੋਹ ਭਰਪੂਰ ਰੋਸ ਮਾਰਚ ਕਰਨ ਉਪਰੰਤ ਮੋਦੀ ਸਰਕਾਰ ਦਾ ਪੁਤਲਾ ਫੂਕਿਆ | ਜ਼ਿਲ੍ਹੇ ਭਰ ਵਿੱਚ ਆਗੂ ਅਤੇ ਵਰਕਰ ਸੀ ਪੀ ਆਈ ਦੇ ਦਫ਼ਤਰ ਇਕੱਤਰ ਹੋਏ | ਇੱਥੋਂ ਨਾਹਰੇ ਮਾਰਦੇ ਹੋਏ ਉਹ ਬੀ ਐੱਮ ਸੀ ਚੌਕ ਪੁੱਜੇ | ਇੱਥੇ ਨਰਿੰਦਰ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ |
ਇਸ ਮੌਕੇ ਕਮਿਊਨਿਸਟ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਬਜਟ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਤਾਂ ਹੈ ਹੀ, ਸਗੋਂ ਕਾਰਪੋਰੇਟ ਘਰਾਣਿਆਂ ਦੀਆਂ ਤਜੌਰੀਆਂ ਭਰਨ ਵਾਲਾ ਵੀ ਹੈ | ਬਜਟ ਵਿੱਚ ਅਜਿਹੀ ਕੋਈ ਮੱਦ ਨਹੀਂ, ਜਿਸ ਵਿੱਚ ਹੇਠਲੇ ਵਰਗ ਨੂੰ ਕੋਈ ਰਾਹਤ ਮਿਲਦੀ ਹੋਵੇ | ਮਨਰੇਗਾ ਦੀ ਰਾਸ਼ੀ ਵਿੱਚ ਵੱਡਾ ਕੱਟ ਲਾ ਕੇ ਮਜ਼ਦੂਰ ਵਰਗ ਵਿਰੋਧੀ ਮੋਦੀ ਸਰਕਾਰ ਦਾ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ | ਕਮਿਊਨਿਸਟ ਆਗੂਆਂ ਨੇ ਮੋਦੀ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੂੰ ਲੋਕ ਵਿਰੋਧੀ ਦੱਸਦਿਆਂ ਕਿਹਾ ਕਿ ਜਾਤਾਂ, ਧਰਮਾਂ ਤੇ ਫਿਰਕਿਆਂ ਦਰਮਿਆਨ ਨਫ਼ਰਤ ਦੀ ਜ਼ਹਿਰ ਭਰੀ ਜਾ ਰਹੀ ਹੈ | ਮੁਲਕ ਦੇ ਰੰਗ-ਬਿਰੰਗੇ ਬਗੀਚੇ ਨੂੰ ਇੱਕ ਰੰਗੀ ਕਿਆਰੀ ਵਿੱਚ ਬਦਲਿਆ ਜਾ ਰਿਹਾ ਹੈ | ਵਿਰੋਧੀ ਪਾਰਟੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਪੂਰੇ ਦੇਸ਼ ਵਿੱਚ ਡਰ ਦਾ ਮਾਹੌਲ ਪੈਦਾ ਕਰਕੇ ਮੋਦੀ ਸਰਕਾਰ ਵੱਲੋਂ ਆਪਣੀ ਗੱਦੀ ਦੀ ਉਮਰ ਲੰਮੀ ਕੀਤੀ ਜਾ ਰਹੀ ਹੈ | ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਦੀ ਥਾਂ ਵਹਿਮਾਂ-ਭਰਮਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ | ਭਾਰਤੀ ਸੰਵਿਧਾਨ ਨੂੰ ਨੁਕਰੇ ਲਾ ਕੇ ਮਨੂ ਸਿਮਰਤੀ ਦੀ ਵਿਚਾਰਧਾਰਾ ਲੋਕਾਂ ‘ਤੇ ਥੋਪਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਆਗੂਆਂ ਨੇ ਲੋਕਾਂ ਨੂੰ ਸੁਚੇਤ ਹੋਣ ਦੀ ਪ੍ਰੇਰਨਾ ਦਿੰਦਿਆਂ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਕੁਚਾਲਾਂ ਨੂੰ ਚੁਰਾਹੇ ਵਿੱਚ ਨਸ਼ਰ ਕਰਨ ਦਾ ਹੋਕਾ ਦਿੱਤਾ |
ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਛਪਾਲ ਕੈਲੇ, ਮੀਤ ਸਕੱਤਰ ਹਰਜਿੰਦਰ ਸਿੰਘ ਮੌਜੀ, ਤਹਿਸੀਲ ਸ਼ਾਹਕੋਟ-ਨਕੋਦਰ ਦੇ ਸਕੱਤਰ ਚਰਨਜੀਤ ਥੰਮੂਵਾਲ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੰਦੀਪ ਅਰੋੜਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਵੀਰ ਕੁਮਾਰ ਕਰਤਾਰਪੁਰ ਨੇ ਰੋਸ ਧਰਨੇ ਨੂੰ ਸੰਬੋਧਨ ਕੀਤਾ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਕਨਵੀਨਰ ਸਿਕੰਦਰ ਸੰਧੂ, ਸੁਨੀਲ ਕੁਮਾਰ ਰਾਜੇਵਾਲ, ਸੰਦੀਪ ਦੌਲੀਕੇ, ਜਗੀਰ ਮੁਆਈ, ਸੀਤਲ ਬੜਾਪਿੰਡ ਅਤੇ ਮਨਦੀਪ ਸਿੱਧੂ ਹਾਜ਼ਰ ਸਨ |
ਬੁਢਲਾਡਾ (ਅਸ਼ੋਕ ਲਾਕੜਾ) : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਬੱਜਟ ਵਿਰੁੱਧ ਸ਼ਹਿਰ ਵਿਚ ਰੋਹ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਫੁਹਾਰਾ ਚੌਕ ਵਿਖੇ ਬੱਜਟ ਦੀ ਅਰਥੀ ਸਾੜੀ ਗਈ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਆਈ ਦੀ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਬੱਜਟ ਪੂਰੀ ਤਰ੍ਹਾਂ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੇ ਵਿਰੁੱਧ ਹੈ | ਉਨ੍ਹਾ ਕੁਝ ਮਿਸਾਲਾਂ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਖੇਤੀ ਲਈ ਰੱਖੇ ਗਏ 135944.3 ਕਰੋੜ ਦੇ ਮੁਕਾਬਲੇ ਇਸ ਸਾਲ ਕੇਵਲ 110254 ਕਰੋੜ ਹੀ ਰੱਖੇ ਹਨ | ਖਾਦਾਂ ਆਦਿ ਦੀ ਸਬਸਿਡੀ ਦਾ ਬੱਜਟ ਪਿਛਲੇ ਸਾਲ ਦੇ 225000 ਕਰੋੜ ਤੋਂ 50000 ਕਰੋੜ ਘਟਾ ਕੇ ਕੇਵਲ 175000 ਤੱਕ ਸੀਮਤ ਕਰ ਦਿੱਤਾ ਹੈ | ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੀ ਰਾਸ਼ੀ ਵੀ 68000 ਤੋਂ ਘਟਾ ਕੇ 60 ਹਜ਼ਾਰ ਕਰੋੜ ਕਰ ਦਿੱਤੀ ਹੈ | ਮਗਨਰੇਗਾ ਦੀ ਰਾਸ਼ੀ 89000 ਕਰੋੜ ਤੋਂ ਘਟਾ ਕੇ ਕੇਵਲ 60 ਹਜ਼ਾਰ ਕਰੋੜ ਤੱਕ ਸੀਮਤ ਕਰ ਦਿੱਤੀ ਹੈ | ਕਾਮਰੇਡ ਅਰਸ਼ੀ ਨੇ ਭਾਸ਼ਣ ਦੇ ਅੰਤ ਵਿੱਚ ਕਿਹਾ ਕਿ ਲੋਕ ਵਿਰੋਧੀ ਭਾਜਪਾ ਸਰਕਾਰ ਨੂੰ 2024 ਦੀਆਂ ਚੋਣਾਂ ਵਿੱਚ ਸੱਤਾ ਤੋਂ ਪਾਸੇ ਕਰਨਾ ਜ਼ਰੂਰੀ ਹੈ | ਇਸ ਲਈ ਸਮੂਹ ਭਾਜਪਾ ਵਿਰੋਧੀ ਸ਼ਕਤੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ | ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਬੋਲਦੇ ਹੋਏ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਦੀ ਦਿਹਾੜੀ ਸਮਾਂ 250 ਦਿਨ ਹੋਵੇ ਤੇ ਪ੍ਰਤੀ ਦਿਨ ਦਿਹਾੜੀ 700 ਰੁਪਏ ਨਿਸ਼ਚਿਤ ਕੀਤੀ ਜਾਵੇ | ਮੁਜ਼ਾਹਰੇ ਦੀ ਅਗਵਾਈ ਤਹਿਸੀਲ ਸਕੱਤਰ ਕਾਮਰੇਡ ਵੇਦ ਪ੍ਰਕਾਸ਼, ਮਨਜੀਤ ਕੌਰ ਗਾਮੀਵਾਲਾ, ਸੀਤਾ ਰਾਮ ਗੋਬਿੰਦਪੁਰਾ, ਕਾਮਰੇਡ ਰਾਏਕੇ, ਮਲਕੀਤ ਸਿੰਘ ਮੰਦਰਾ, ਗੁਰਦਾਸ ਸਿੰਘ ਟਾਹਲੀਆਂ ਵੱਲੋਂ ਕੀਤੀ ਗਈ | ਇਸ ਮੌਕੇ ਚਿਮਨ ਲਾਲ ਕਾਕਾ, ਮਾਸਟਰ ਰਘੂਨਾਥ, ਹਰਮੀਤ ਸਿੰਘ ਬੋੜਾਵਾਲ, ਭੁਪਿੰਦਰ ਸਿੰਘ ਗੁਰਨੇ, ਰਾਜਵਿੰਦਰ ਸਿੰਘ ਸਾਬਕਾ ਸਰਪੰਚ, ਜੱਗਾ ਸਿੰਘ ਸੇਰਖਾਵਾਲਾ, ਬੰਬੂ ਸਿੰਘ ਫੁੱਲੂਆਲਾ ਡੋਗਰਾ, ਕਰਨੈਲ ਸਿੰਘ ਦਾਤੇਵਾਸ ਤੋਂ ਇਲਾਵਾ ਵੱਡੀ ਗਿਣਤੀ ‘ਚ ਔਰਤਾਂ ਵੀ ਹਾਜ਼ਰ ਸਨ |
ਭਿੱਖੀਵਿੰਡ : ਸੀ ਪੀ ਆਈ ਦੇ ਹਿੰਦੁਸਤਾਨ ਪੱਧਰ ਦੇ ਸੱਦੇ ‘ਤੇ ਸੀ ਪੀ ਆਈ ਬਲਾਕ ਭਿੱਖੀਵਿੰਡ ਵੱਲੋਂ ਅਲਗੋਂ ਮੰਡੀ ਵਿਖੇ ਰੋਹ ਭਰਪੂਰ ਮੁਜ਼ਾਹਰਾ ਕਰਨ ਤੋਂ ਬਾਅਦ ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਬਜਟ ਕਿਰਤੀਆਂ ਵਿਰੋਧੀ ਹੈ | ਇਹ ਬਜਟ ਵੱਡੇ ਵੱਡੇ ਅਮੀਰਾਂ ਨੂੰ ਮਾਲਾਮਾਲ ਕਰਨ ਵਾਲਾ ਹੈ | ਵਿਖਾਵੇ ਦੇ ਤੌਰ ‘ਤੇ ਇਸ ਤਰ੍ਹਾਂ ਲਗਦਾ ਹੈ, ਜਿਵੇਂ ਇਹ ਬਜਟ ਲੋਕ-ਹਿਤੈਸੀ ਹੈ | ਬਜਟ ਵਿੱਚ ਨਰੇਗਾ ਕੰਮ ਨੂੰ ਖਤਮ ਕਰਨ ਲਈ ਨਰੇਗਾ ਦੇ ਬਜਟ ਦਾ ਤੀਜਾ ਹਿੱਸਾ ਹੀ ਘਟਾ ਦਿੱਤਾ ਹੈ | ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਵੀ ਸਕੀਮ ਜਾਂ ਬਜਟ ਵਿੱਚ ਕਿੰਨਾ ਹਿੱਸਾ ਰੱਖਿਆ, ਕੋਈ ਨਜ਼ਰ ਨਹੀਂ ਆਉਂਦਾ | ਇਹ ਬਜਟ ਕਿਸਾਨੀ ਕਾਰਜ ਨੂੰ ਤਬਾਹ ਕਰਨ ਵਾਲਾ ਨਜ਼ਰ ਆ ਰਿਹਾ ਹੈ | ਕਾਰਪੋਰੇਟ ਨੂੰ ਖੁੱਲ੍ਹ ਦੇਣ ਦਾ ਮਤਲਬ ਇਹ ਹੈ ਕਿ ਇਹ ਦੇਸ ਨੂੰ ਲੁੱਟਣ ਵਾਲਾ ਹੈ | ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਸੀ ਪੀ ਆਈ ਨੇ ਸੱਦਾ ਦਿੱਤਾ ਕਿ ਦੇਸ ਵਿੱਚ ਬਜਟ ਵਿਰੁੱਧ ਪ੍ਰਦਰਸ਼ਨ ਕੀਤੇ ਜਾਣ | ਮਾੜੀਮੇਘਾ ਨੇ ਕਿਹਾ ਕਿ ਨਰੇਗਾ ਕੰਮ ਨਾ ਦੇਣ ਬਾਬਤ ਡੀ ਸੀ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਤੇ ਉਨ੍ਹਾ ਸਖਤ ਹਦਾਇਤ ਕਰਦਿਆਂ ਕੰਮ ਦੇਣ ਬਾਬਤ ਭਿੱਖੀਵਿੰਡ ਬੀ ਡੀ ਪੀ ਓ ਨੂੰ ਕਿਹਾ | ਬੀ ਡੀ ਪੀ ਓ ਨੇ ਚਿੱਠੀ ਨੰਬਰ :872-73, ਮਿਤੀ 4-2-2023 ਰਾਹੀਂ ਸੰਬੰਧਤ ਨੂੰ ਹਦਾਇਤ ਕਰ ਦਿੱਤੀ ਕਿ ਕੰਮ ਦੀ ਕੋਈ ਘਾਟ ਨਹੀਂ, ਇਸ ਲਈ ਨਰੇਗਾ ਕਾਮਿਆਂ ਨੂੰ ਫੌਰੀ ਤੌਰ ‘ਤੇ ਕੰਮ ਦਿੱਤਾ ਜਾਵੇ | ਬੀ ਡੀ ਪੀ ਓ ਨੇ ਨੇ ਹਦਾਇਤਾਂ ਵਾਲੀ ਚਿੱਠੀ ਭਾਈ ਲੱਧੂ ਕਲਾਂ, ਖੁਰਦ, ਕਲਸੀਆਂ ਕਲਾਂ, ਭਗਵਾਨਪੁਰਾ, ਸਾਂਡਪੁਰਾ, ਤਤਲੇ, ਮਾੜੀਮੇਘਾ ਤੇ ਮਾੜੀ ਕੰਬੋਕੀ ਦੇ ਸੰਬੰਧਤ ਗ੍ਰਾਮ ਰੁਜ਼ਗਾਰ ਸਹਾਇਕਾਂ ਨੂੰ ਕੱਢੀ, ਪਰ ਹੈਰਾਨੀ ਹੈ ਹੇਠਲੇ ਅਧਿਕਾਰੀ ਉਪਰਲੇ ਅਫਸਰਾਂ ਨੂੰ ਟਿੱਚ ਸਮਝਦੇ ਹਨ, ਕੋਈ ਵੀ ਅਗਲੀ ਕਾਰਵਾਈ ਨਹੀਂ ਕੀਤੀ ਜਾ ਰਹੀ | ਸੰਬੋਧਨ ਕਰਨ ਵਾਲਿਆਂ ਵਿੱਚ ਸੀ ਪੀ ਆਈ ਭਿੱਖੀਵਿੰਡ ਬਲਾਕ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਰਛਪਾਲ ਸਿੰਘ ਬਾਠ, ਟਹਿਲ ਸਿੰਘ ਲੱਧੂ, ਪੂਰਨ ਸਿੰਘ ਮਾੜੀਮੇਘਾ, ਸੁਖਦੇਵ ਸਿੰਘ ਕਾਲਾ ਤੇ ਬਲਦੇਵ ਰਾਜ ਭਿੱਖੀਵਿੰਡ ਵੀ ਸ਼ਾਮਲ ਸਨ |

Related Articles

LEAVE A REPLY

Please enter your comment!
Please enter your name here

Latest Articles