25.4 C
Jalandhar
Friday, October 18, 2024
spot_img

ਗਵਰਨਰ ਨੇ ਮਾਰੇ ਮਿਹਣੇ

ਚੰਡੀਗੜ੍ਹ : ਗਵਰਨਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚਾਲੇ ਖਟਾਸ ਹੋਰ ਵਧ ਗਈ, ਜਦੋਂ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਸਰਕਾਰ ਵੱਲੋਂ ਪਿਛਲੇ ਦੋ ਕੁ ਹਫਤਿਆਂ ਵਿਚ ਲਏ ਗਏ ਫੈਸਲਿਆਂ ‘ਤੇ ਕਿੰਤੂ ਕਰ ਦਿੱਤਾ | ਗਵਰਨਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾ ਪੰਜਾਬ ਇਨਫੋਟੈਕ ਦਾ ਜਿਸ ਨੂੰ ਚੇਅਰਪਰਸਨ ਨਿਯੁਕਤ ਕੀਤਾ ਹੈ, ਉਸ ‘ਤੇ ਜਾਇਦਾਦ ‘ਤੇ ਕਬਜ਼ੇ ਤੇ ਅਗਵਾ ਦੇ ਕੇਸ ਹਨ | ਗਵਰਨਰ ਨੇ ਮੁੱਖ ਮੰਤਰੀ ਤੋਂ ਸਿੰਗਾਪੁਰ ਭੇਜੇ ਗਏ ਟੀਚਰਾਂ ਦੀ ਚੋਣ ਤੇ ਚੋਣ ਪ੍ਰਕਿਰਿਆ ਦੇ ਸਾਰੇ ਵੇਰਵੇ ਵੀ ਮੰਗੇ ਹਨ | ਪੁੱਛਿਆ ਹੈ ਕਿ ਉਹ ਦੱਸਣ ਕਿ ਇਨ੍ਹਾਂ ਦੇ ਸਫਰ, ਰਿਹਾਇਸ਼ ਤੇ ਟਰੇਨਿੰਗ ਉੱਤੇ ਕਿੰਨਾ ਖਰਚ ਆਇਆ |
ਗਵਰਨਰ ਨੇ ਪੱਤਰ ਵਿਚ ਕਿਹਾ ਹੈ—ਤੁਸੀਂ ਮੈਨੂੰ ਭੇਜੇ ਇਕ ਪੱਤਰ ਵਿਚ ਕਿਹਾ ਸੀ ਕਿ ਪੰਜਾਬ ਦੇ ਭਾਰੀ ਬਹੁਮਤ ਵਾਲੇ ਫਤਵੇ ਕਰਕੇ ਤੁਸੀਂ ਮੁੱਖ ਮੰਤਰੀ ਬਣੇ ਹੋ, ਮੈਂ ਇਸ ਮਾਮਲੇ ਵਿਚ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਤੁਹਾਨੂੰ ਇਹ ਵੀ ਦਿਮਾਗ ਵਿਚ ਰੱਖਣਾ ਚਾਹੀਦਾ ਹੈ ਕਿ ਸੂਬੇ ਦੇ ਲੋਕਾਂ ਨੇ ਤੁਹਾਨੂੰ ਸੰਵਿਧਾਨ ਮੁਤਾਬਕ ਪ੍ਰਸ਼ਾਸਨ ਚਲਾਉਣ ਲਈ ਚੁਣਿਆ ਹੈ, ਮਨਮਰਜ਼ੀ ਨਾਲ ਨਹੀਂ | ਸੰਵਿਧਾਨ ਦੇ ਆਰਟੀਕਲ 167 ਮੁਤਾਬਕ ਤੁਸੀਂ ਮੇਰੇ ਵੱਲੋਂ ਮੰਗੇ ਗਏ ਸਾਰੇ ਵੇਰਵੇ ਤੇ ਜਾਣਕਾਰੀਆਂ ਦੇਣ ਲਈ ਪਾਬੰਦ ਹੋ, ਪਰ ਤੁਸੀਂ ਕਦੇ ਨਹੀਂ ਦਿੱਤੀਆਂ ਅਤੇ ਮੇਰੇ ਸਵਾਲਾਂ ਨੂੰ ਹੱਤਕ ਸਮਝਿਆ | ਸਦਭਾਵਨਾ-ਭਰੇ ਰਿਸ਼ਤੇ ਕਾਇਮ ਰੱਖਣ ਖਾਤਰ ਮੈਂ ਪੱਤਰਾਂ ਬਾਰੇ ਪ੍ਰੈੱਸ ਨੂੰ ਨਹੀਂ ਦੱਸਿਆ, ਕਿਉਂਕਿ ਮੈਂ ਸਮਝਿਆ ਕਿ ਤੁਸੀਂ ਸੰਵਿਧਾਨ ਮੁਤਾਬਕ ਚੱਲੋਗੇ, ਪਰ ਹੁਣ ਜਾਪਦਾ ਹੈ ਕਿ ਤੁਸੀਂ ਮੇਰੇ ਪੱਤਰਾਂ ਨੂੰ ਅਣਗੌਲਣ ਦਾ ਫੈਸਲਾ ਕੀਤਾ ਹੋੋਇਆ ਹੈ | ਇਸ ਕਰਕੇ ਮੈਂ ਪੱਤਰ ਪ੍ਰੈੱਸ ਨੂੰ ਜਾਰੀ ਕਰਨ ਲਈ ਮਜਬੂਰ ਹੋਇਆ ਹਾਂ | ਗਵਰਨਰ ਨੇ ਸਰਕਾਰ ਵੱਲੋਂ ਸਕਾਲਰਸ਼ਿਪ ਨਾ ਵੰਡਣ ਅਤੇ ਪੀ ਏ ਯੂ ਦੇ ਵਾਈਸ ਚਾਂਸਲਰ ਦੀ ਗੈਰਕਾਨੂੰਨੀ ਨਿਯੁਕਤੀ ਬਾਰੇ ਪੱਤਰ ‘ਤੇ ਸਰਕਾਰ ਦੀ ਖਾਮੋਸ਼ੀ ‘ਤੇ ਕਿੰਤੂ ਕੀਤਾ ਹੈ |
ਚੰਡੀਗੜ੍ਹ ਦੇ ਸਾਬਕਾ ਐੱਸ ਐੱਸ ਪੀ ਕੁਲਦੀਪ ਸਿੰਘ ਚਾਹਲ ਦਾ ਮੁੱਦਾ ਚੁੱਕਦਿਆਂ ਗਵਰਨਰ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਨੇ ਉਸ ਅਧਿਕਾਰੀ ਦੇ ਸਾਰੇ ਮਾੜੇ ਕੰਮਾਂ ਨੂੰ ਨਜ਼ਰਅੰਦਾਜ਼ ਕਰਕੇ ਉਸ ਨੂੰ ਤਰੱਕੀ ਦੇ ਦਿੱਤੀ | ਉਸ ਨੂੰ ਨਾ ਸਿਰਫ ਜਲੰਧਰ ਦਾ ਪੁਲਸ ਕਮਿਸ਼ਨਰ ਬਣਾ ਦਿੱਤਾ, ਸਗੋਂ ਨਿਯੁਕਤੀ ਦੇ ਹੁਕਮ ਵੀ 26 ਜਨਵਰੀ ਤੋਂ ਪਹਿਲਾਂ ਜਾਰੀ ਕਰ ਦਿੱਤੇ, ਇਹ ਜਾਣਦਿਆਂ ਹੋਇਆਂ ਵੀ ਕਿ ਗਵਰਨਰ ਨੇ ਜਲੰਧਰ ਵਿਚ ਕੌਮੀ ਝੰਡਾ ਲਹਿਰਾਉਣਾ ਹੈ | ‘ਮੈਂ ਡੀ ਜੀ ਪੀ ਨੂੰ ਹਦਾਇਤ ਕੀਤੀ ਕਿ ਉਹਨੂੰ ਸਮਾਗਮ ਤੋਂ ਦੂਰ ਰਹਿਣਾ ਚਾਹੀਦਾ ਹੈ | ਜਾਪਦਾ ਹੈ ਕਿ ਇਹ ਅਧਿਕਾਰੀ ਤੁਹਾਡੀਆਂ ਅੱਖਾਂ ਦਾ ਤਾਰਾ ਹੈ ਤੇ ਤੁਸੀਂ ਉਸ ਬਾਰੇ ਮੇਰੇ ਵੱਲੋਂ ਧਿਆਨ ਵਿਚ ਲਿਆਂਦੇ ਗਏ ਸਾਰੇ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ |’
ਗਵਰਨਰ ਨੇ ਇਹ ਵੀ ਕਿਹਾ ਹੈ—ਮੈਂ ਦੇਸ਼ ਦੀ ਸੁਰੱਖਿਆ ਨਾਲ ਸੰਬੰਧਤ ਸੰਵੇਦਨਸ਼ੀਲ ਤੇ ਖੁਫੀਆ ਮਾਮਲਿਆਂ ‘ਤੇ ਵਿਚਾਰ ਕਰਨ ਵਾਲੀਆਂ ਮੀਟਿੰਗਾਂ ਵਿਚ ਨਵਲ ਅਗਰਵਾਲ ਦੀ ਮੌਜੂਦਗੀ ‘ਤੇ ਕਿੰਤੂ ਕੀਤਾ ਸੀ | ਇਸ ਦਾ ਮੈਨੂੰ ਅਜੇ ਤੱਕ ਜਵਾਬ ਨਹੀਂ ਮਿਲਿਆ | ਮੇਰੇ ਵੱਲੋਂ ਇਸ਼ਤਿਹਾਰਾਂ ਬਾਰੇ ਮੰਗੇ ਗਏ ਵੇਰਵਿਆਂ ਦੇ ਪੱਤਰ ਵੀ ਲੱਗਦਾ ਹੈ ਤੁਸੀਂ ਸਰਦਖਾਨੇ ਵਿਚ ਸੁੱਟ ਦਿੱਤੇ ਹਨ | ਹੋਰ ਕਈ ਨੁਕਤੇ ਵੀ ਹਨ, ਪਰ ਮੈਂ ਰਾਜ ਤੇ ਦੇਸ਼ ਦੀ ਸੁਰੱਖਿਆ ਤੇ ਸਲਾਮਤੀ ਨਾਲ ਸੰਬੰਧਤ ਪੰਜ ਸੰਵੇਦਨਸ਼ੀਲ ਤੇ ਅਹਿਮ ਨੁਕਤੇ ਹੀ ਉਠਾਏ ਹਨ | ਇਨ੍ਹਾਂ ਪੰਜਾਂ ਤੋਂ ਇਲਾਵਾ ਦੋ ਹੋਰ ਨੁਕਤੇ ਵੀ ਮੈਂ ਤੁਹਾਡੇ ਧਿਆਨ ਵਿਚ ਲਿਆਂਦੇ ਸਨ | ਮੇਰੇ ਵੱਲੋਂ ਮੰਗੀਆਂ ਗਈਆਂ ਸਾਰੀਆਂ ਜਾਣਕਾਰੀਆਂ ਦੋ ਹਫਤਿਆਂ ਵਿਚ ਮੁਹੱਈਆ ਕਰਵਾਈਆਂ ਜਾਣ | ਜੇ ਨਾ ਮੁਹੱਈਆ ਕਰਵਾਈਆਂ ਤਾਂ ਮੈਂ ਅਗਲੀ ਕਾਰਵਾਈ ਲਈ ਕਾਨੂੰਨੀ ਸਲਾਹ ਲੈਣ ਲਈ ਮਜਬੂਰ ਹੋਵਾਂਗਾ, ਕਿਉਂਕਿ ਮੈਂ ਸੰਵਿਧਾਨ ਦੀ ਰੱਖਿਆ ਕਰਨ ਦਾ ਪਾਬੰਦ ਹਾਂ |

Related Articles

LEAVE A REPLY

Please enter your comment!
Please enter your name here

Latest Articles