25.4 C
Jalandhar
Friday, October 18, 2024
spot_img

ਗਾਂਧੀ ਤੋਂ ਗਾਂਧੀ ਤੱਕ

ਹਿੰਡਨਬਰਗ ਰਿਸਰਚ ਵੱਲੋਂ ਅਡਾਨੀ ਗਰੁੱਪ ਦੀ ਧੋਖਾਦੇਹੀ ਦਾ ਸੱਚ ਉਜਾਗਰ ਕਰ ਦੇਣ ਤੋਂ ਬਾਅਦ ਦੁਨੀਆ ਦਾ ਦੂਜੇ ਨੰਬਰ ਦਾ ਧਨੀ ਗੌਤਮ ਅਡਾਨੀ ਅਰਸ਼ੋਂ ਫਰਸ਼ ਉੱਤੇ ਆ ਗਿਆ ਹੈ | ਸੰਸਦ ਵਿੱਚ ਜਦੋਂ ਤੋਂ ਰਾਹੁਲ ਗਾਂਧੀ ਨੇ ਮੋਦੀ ਨਾਲ ਅਡਾਨੀ ਦੇ ਸੰਬੰਧਾਂ ਬਾਰੇ ਸਵਾਲ ਪੁੱਛ ਕੇ ਮੋਦੀ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ, ਸਮੁੱਚੀ ਵਿਰੋਧੀ ਧਿਰ ਅਡਾਨੀ ਘੁਟਾਲੇ ਦੀ ਜੇ ਪੀ ਸੀ ਤੋਂ ਜਾਂਚ ਕਰਾਏ ਜਾਣ ਦੀ ਮੰਗ ‘ਤੇ ਅੜੀ ਹੋਈ ਹੈ |
ਇਸ ਸਾਰੇ ਘੁਟਾਲੇ ਨੇ 66 ਸਾਲ ਪਹਿਲਾਂ ਵਾਪਰੇ ਅਜ਼ਾਦ ਭਾਰਤ ਦੇ ਪਹਿਲੇ ਵੱਡੇ ਘੁਟਾਲੇ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ | ਇਸ ਘੁਟਾਲੇ ਤੇ ਉਸ ਘੁਟਾਲੇ ਵਿੱਚ ਬਹੁਤ ਕੁਝ ਸਾਂਝਾ ਹੈ | ਇਸ ਘੁਟਾਲੇ ਨੂੰ ਸੰਸਦ ਵਿੱਚ ਪ੍ਰਮੁੱਖਤਾ ਨਾਲ ਇੱਕ ਗਾਂਧੀ ਨੇ ਰੱਖਿਆ ਹੈ ਤੇ ਉਸ ਘੁਟਾਲੇ ਦਾ ਪਰਦਾ ਫਾਸ਼ ਵੀ ਇੱਕ ਗਾਂਧੀ ਨੇ ਕੀਤਾ ਸੀ | ਉਹ ਘੁਟਾਲਾ ਜੀਵਨ ਬੀਮਾ ਨਿਗਮ ਨਾਲ ਸੰਬੰਧਤ ਸੀ ਤੇ ਇਸ ਘੁਟਾਲੇ ਨਾਲ ਵੀ ਜੀਵਨ ਬੀਮਾ ਨਿਗਮ ਦਾ ਨਾਂਅ ਜੁੜਿਆ ਹੋਇਆ ਹੈ |
ਭਾਰਤੀ ਸੰਸਦ ਨੇ 1 ਸਤੰਬਰ 1956 ਨੂੰ ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਦਾ ਗਠਨ ਕੀਤਾ ਸੀ | ਸ਼ੁਰੂਆਤ ਵਿੱਚ ਸਰਕਾਰ ਨੇ ਇਸ ਵਿੱਚ 5 ਕਰੋੜ ਦੀ ਪੂੰਜੀ ਲਾਈ ਸੀ, ਜੋ ਉਸ ਸਮੇਂ ਇੱਕ ਵੱਡੀ ਰਕਮ ਸੀ | ਐੱਲ ਆਈ ਸੀ ਨੂੰ ਕੰਪਨੀਆਂ ਵਿੱਚ ਨਿਵੇਸ਼ ਕਰਨ ਦਾ ਅਧਿਕਾਰ ਸੀ | ਨਿਵੇਸ਼ ਕਰਨ ਦਾ ਫ਼ੈਸਲਾ ਇਸ ਮਕਸਦ ਲਈ ਬਣਾਈ ਗਈ ਇੱਕ ਕਮੇਟੀ ਕਰਦੀ ਸੀ | ਉਸ ਸਮੇਂ ਦੇ ਨਾਮੀ ਉਦਯੋਗਪਤੀ ਬਿਰਲਾ ਘਰਾਣੇ ਦਾ ਇੱਕ ਜਵਾਈ ਹਰੀਦਾਸ ਮੁੰਦੜਾ ਸੀ, ਜੋ ਕਲਕੱਤਾ ਸਟਾਕ ਐਕਸਚੇਂਜ ਵਿੱਚ ਸ਼ੇਅਰਾਂ ਦੀ ਦਲਾਲੀ ਦਾ ਕੰਮ ਕਰਦਾ ਸੀ | ਉਸ ਨੇ ਕਈ ਕੰਪਨੀਆਂ ਦੇ ਸ਼ੇਅਰ ਖਰੀਦੇ ਹੋਏ ਸਨ | ਜੂਨ 1957 ਵਿੱਚ ਵੇਲੇ ਦੇ ਵਿੱਤ ਮੰਤਰੀ ਟੀ ਟੀ ਕ੍ਰਿਸ਼ਨਮਚਾਰੀ ਕਲਕੱਤਾ ਚੈਂਬਰ ਆਫ਼ ਕਾਮਰਸ ਦੇ ਇੱਕ ਪ੍ਰੋਗਰਾਮ ਵਿੱਚ ਗਏ ਸਨ | ਇੱਥੇ ਹੀ ਮੁੰਦੜਾ ਦੀ ਵਿੱਤ ਸਕੱਤਰ ਐੱਚ ਐੱਮ ਪਟੇਲ ਨਾਲ ਮੁਲਾਕਾਤ ਹੋਈ | ਇਸ ਮੀਟਿੰਗ ਵਿੱਚ ਮੁੰਦੜਾ ਨੇ ਵਿੱਤ ਸਕੱਤਰ ਨਾਲ ਸੌਦਾ ਤੈਅ ਕਰ ਲਿਆ | ਕੁਝ ਦਿਨ ਦੀ ਚਿੱਠੀ-ਪੱਤਰੀ ਤੋਂ ਬਾਅਦ ਆਖਰ ਐੱਲ ਆਈ ਸੀ ਨੇ ਮੁੰਦੜਾ ਤੋਂ ਵੱਖ-ਵੱਖ ਕੰਪਨੀਆਂ ਦੇ ਖਰਚੇ ਸਮੇਤ 1 ਕਰੋੜ 26 ਲੱਖ 85 ਹਜ਼ਾਰ 750 ਰੁਪਏ ਦੇ ਸ਼ੇਅਰ ਖਰੀਦ ਲਏ | ਇਨ੍ਹਾਂ ਕੰਪਨੀਆਂ ਦਾ ਵਿੱਤੀ ਰਿਕਾਰਡ ਵੀ ਵਧੀਆ ਨਹੀਂ ਸੀ ਤੇ ਸ਼ੇਅਰ ਵੀ ਉੱਚੀ ਕੀਮਤ ਉੱਤੇ ਖਰੀਦੇ ਗਏ ਸਨ | ਜਦੋਂ ਸ਼ੇਅਰ ਐੱਲ ਆਈ ਸੀ ਦੇ ਨਾਂਅ ਤਬਦੀਲ ਕਰਨ ਦਾ ਸਮਾਂ ਆਇਆ ਤਾਂ ਪਤਾ ਲੱਗਾ ਕਿ ਜਿਹੜੇ ਸ਼ੇਅਰ ਸਰਟੀਫਿਕੇਟ ਦਿੱਤੇ ਗਏ ਹਨ, ਉਹ ਤਾਂ ਸਿਰਫ਼ ਨਕਲਾਂ ਹਨ, ਅਸਲੀ ਸਰਟੀਫਿਕੇਟ ਤਾਂ ਮੁੰਦੜਾ ਪਹਿਲਾਂ ਹੀ ਗਿਰਵੀ ਰੱਖ ਕੇ ਪੈਸੇ ਲੈ ਚੁੱਕਾ ਹੈ | ਹੈਰਾਨੀ ਦੀ ਗੱਲ ਇਹ ਸੀ ਕਿ ਇਹ ਸਾਰਾ ਸੌਦਾ ਐੱਲ ਆਈ ਸੀ ਦੀ ਨਿਵੇਸ਼ ਕਮੇਟੀ ਦੀ ਸਲਾਹ ਤੋਂ ਬਗੈਰ ਕੀਤਾ ਗਿਆ ਸੀ | ਸੌਦਾ ਵੀ ਛੋਟਾ ਨਹੀਂ ਸੀ | ਇੱਕ ਕਰੋੜ ਵੀਹ ਲੱਖ ਦੇ ਕਰੀਬ ਅੱਜ ਦੀ ਕੀਮਤ ਦੇ ਹਿਸਾਬ 360 ਕਰੋੜ ਬਣਦੇ ਹਨ | ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਸ ਸਮੇਂ 1 ਤੋਲਾ ਸੋਨੇ ਦੀ ਕੀਮਤ 95 ਰੁਪਏ ਸੀ, ਜੋ ਅੱਜ 60 ਹਜ਼ਾਰ ਰੁਪਏ ਦੇ ਨੇੜੇ-ਤੇੜੇ ਹੈ |
1957 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦੇ ਦਾਦਾ ਫਿਰੋਜ਼ ਗਾਂਧੀ ਰਾਏ ਬਰੇਲੀ ਤੋਂ ਦੂਜੀ ਵਾਰ ਜਿੱਤ ਕੇ ਸੰਸਦ ਵਿੱਚ ਪੁੱਜੇ ਸਨ | ਸੰਸਦ ਦੇ ਸਰਦ ਰੁੱਤ ਸਮਾਗਮ ਵਿੱਚ 16 ਦਸੰਬਰ 1957 ਨੂੰ ਉਨ੍ਹਾ ਆਪਣਾ ਯਾਦਗਾਰੀ ਭਾਸ਼ਣ ਦਿੱਤਾ | ਇਸ ਭਾਸ਼ਣ ਵਿੱਚ ਉਨ੍ਹਾ ਮੁੰਦੜਾ ਘੁਟਾਲੇ ਦਾ ਪਰਦਾ ਫਾਸ਼ ਕਰਦਿਆਂ ਦੋਸ਼ ਲਾਇਆ ਕਿ ਵਿੱਤ ਮੰਤਰੀ ਟੀ ਟੀ ਕ੍ਰਿਸ਼ਨਮਚਾਰੀ ਤੇ ਵਿੱਤ ਸਕੱਤਰ ਐੱਚ ਐੱਮ ਪਟੇਲ ਨੇ ਐੱਲ ਆਈ ਸੀ ਅਧਿਕਾਰੀਆਂ ਉੱਤੇ ਮੁੰਦੜਾ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕਰਨ ਲਈ ਦਬਾਅ ਬਣਾਇਆ ਸੀ | ਉਨ੍ਹਾ ਕਿਹਾ ਕਿ ਉਨ੍ਹਾ ਪਾਸ ਦੋਵਾਂ ਦੇ ਅਜਿਹੇ ਖੁਫ਼ੀਆ ਪੱਤਰ ਹਨ, ਜਿਨ੍ਹਾਂ ਤੋਂ ਇਨ੍ਹਾਂ ਦੀ ਮਿਲੀਭੁਗਤ ਦਾ ਪਤਾ ਲਗਦਾ ਹੈ | ਵਿੱਤ ਮੰਤਰੀ ਕ੍ਰਿਸ਼ਨਮਚਾਰੀ ਫਿਰੋਜ਼ ਗਾਂਧੀ ਵੱਲੋਂ ਲਾਏ ਦੋਸ਼ਾਂ ਦਾ ਕੋਈ ਸੰਤੋਸ਼ਜਨਕ ਜਵਾਬ ਨਾ ਦੇ ਸਕੇ | ਇਸ ਉੱਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਤੁਰੰਤ ਕਾਰਵਾਈ ਕਰਦਿਆਂ ਬੰਬੇ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਮੁਹੰਮਦ ਕਰੀਮ ਛਾਗਲਾ ਦਾ ਇੱਕ ਮੈਂਬਰੀ ਜਾਂਚ ਕਮਿਸ਼ਨ ਕਾਇਮ ਕਰ ਦਿੱਤਾ |
ਐੱਮ ਸੀ ਛਾਗਲਾ ਨੇ ਤੁਰੰਤ ਆਪਣਾ ਕੰਮ ਸ਼ੁਰੂ ਕਰ ਦਿੱਤਾ | ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਕਿਸੇ ਘੁਟਾਲੇ ਦੀ ਸੁਣਵਾਈ ਜਨਤਾ ਦੇ ਸਾਹਮਣੇ ਹੋਈ | ਅਦਾਲਤੀ ਕਮਰੇ ਦੇ ਬਾਹਰ ਵੱਡੇ-ਵੱਡੇ ਸਪੀਕਰ ਲਾਏ ਗਏ ਤਾਂ ਜੋ ਜਿਹੜੇ ਲੋਕ ਅੰਦਰ ਬੈਠ ਕੇ ਕਾਰਵਾਈ ਨਾ ਦੇਖ ਸਕਣ, ਉਹ ਘੱਟੋ-ਘੱਟ ਕੰਨੀਂ ਜ਼ਰੂਰ ਸੁਣ ਸਕਣ | ਇਹ ਵੀ ਇਤਿਹਾਸ ਹੈ ਕਿ ਜਸਟਿਸ ਛਾਗਲਾ ਨੇ ਸਿਰਫ਼ 24 ਦਿਨਾਂ ਵਿੱਚ ਸੁਣਵਾਈ ਪੂਰੀ ਕਰਦਿਆਂ ਹਰੀਦਾਸ ਮੁੰਦੜਾ ਨੂੰ ਦੋਸ਼ੀ ਐਲਾਨ ਕੇ 22 ਸਾਲ ਦੀ ਸਜ਼ਾ ਸੁਣਾ ਦਿੱਤੀ | ਜਸਟਿਸ ਛਾਗਲਾ ਨੇ ਵਿੱਤ ਮੰਤਰੀ, ਵਿੱਤ ਸਕੱਤਰ ਤੇ ਕੁਝ ਐੱਲ ਆਈ ਸੀ ਦੇ ਅਫ਼ਸਰਾਂ ਉੱਤੇ ਵੀ ਮੁਕੱਦਮਾ ਚਲਾਉਣ ਦੇ ਨਿਰਦੇਸ਼ ਦਿੱਤੇ | ਨਹਿਰੂ ਨੇ ਤੁਰੰਤ ਵਿੱਤ ਮੰਤਰੀ ਤੋਂ ਅਸਤੀਫ਼ਾ ਲੈ ਲਿਆ | ਵਿੱਤ ਸਕੱਤਰ ਤੇ ਐੱਲ ਆਈ ਸੀ ਦੇ ਚੇਅਰਮੈਨ ਨੂੰ ਵੀ ਅਸਤੀਫ਼ਾ ਦੇਣਾ ਪਿਆ |
ਅੱਜ ਸਿਆਸਤ ਉਸ ਦੌਰ ਨਾਲੋਂ ਬਹੁਤ ਬਦਲ ਚੁੱਕੀ ਹੈ | ਇੱਟ ਚੁੱਕਿਆਂ ਘੁਟਾਲੇ ਨਿਕਲਦੇ ਹਨ | ਘੁਟਾਲਿਆਂ ਬਾਰੇ ਬਣਦੇ ਜਾਂਚ ਕਮਿਸ਼ਨ ਵੀ ਸਾਲਾਂਬੱਧੀ ਘੁਟਾਲਿਆਂ ਉੱਤੇ ਮਿੱਟੀ ਪਾਉਣ ਦਾ ਕੰਮ ਕਰਦੇ ਰਹਿੰਦੇ ਹਨ | ਅਜੋਕੇ ਦੌਰ ਵਿੱਚ ਨੋਟਬੰਦੀ, ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੇ ਚੋਣ ਫੰਡ ਬਾਂਡ ਸਭ ਘੁਟਾਲੇ ਹੀ ਤਾਂ ਹਨ, ਜਿਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ | ਅਜਿਹੇ ਵਿੱਚ ਸਿਰਫ਼ ਜਨਤਕ ਦਬਾਅ ਹੀ ਹੈ, ਜਿਹੜਾ ਸਿਆਸਤ ਵਿੱਚ ਆਏ ਨਿਘਾਰ ਨੂੰ ਠੱਲ੍ਹ ਪਾ ਸਕਦਾ ਹੈ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles