ਜਵਾਨੀ ਹਿੰਦੁਸਤਾਨ ਨੂੰ ਫਿਰ ਸੋਨੇ ਦੀ ਚਿੜੀ ਬਣਾਉਣ ਵਾਸਤੇ ਮੈਦਾਨ ‘ਚ ਆਵੇ : ਮਾੜੀਮੇਘਾ

0
237

ਤਰਨ ਤਾਰਨ. ਗਦਰੀ ਦੇਸ਼ ਭਗਤ ਬਾਬਾ ਸੰਤਾ ਸਿੰਘ ਗੰਡੀਵਿੰਡ ਤੇ ਪੁਲਵਾਮਾ ਦੇ ਸ਼ਹੀਦ ਸੁਖਵਿੰਦਰ ਸਿੰਘ ਦਾ ਦਿਨ ਪਿੰਡ ਗੰਡੀਵਿੰਡ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਪਹਿਲਾਂ ਬਾਬਾ ਸੰਤਾ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਫਿਰ ਦੀਵਾਨ ਸਜਾਇਆ ਗਿਆ | ਮਹਾਨ ਕਥਾਵਾਚਕ ਜਸਵੰਤ ਸਿੰਘ ਨੇ ਕਥਾ ਸੁਣਾ ਕੇ ਸੰਗਤ ਦੇ ਹਿਰਦੇ ਵਿੱਚ ਗੁਰੂ ਸਾਹਿਬਾਂ ਦੀ ਵਿਚਾਰਧਾਰਾ ਵਸਾਉਣ ਦੀ ਕੋਸ਼ਿਸ਼ ਕੀਤੀ | ਸੰਗਤ ਉਨ੍ਹਾਂ ਦੀ ਕਥਾ ਸੁਣ ਕੇ ਨਿਹਾਲ ਹੋਈ | ਇਸ ਮੌਕੇ ਸ਼ਰਧਾਂਜਲੀ ਅਰਪਿਤ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਬਾਬਾ ਸੰਤਾ ਸਿੰਘ ਦੀ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਅਹਿਮ ਦੇਣ ਹੈ | ਉਹ ਅਮਰੀਕਾ ਵਿੱਚ ਗਏ ਕਮਾਈ ਕਰਨ ਸੀ, ਪਰ ਉਹ ਗਦਰ ਪਾਰਟੀ ਨਾਲ ਜੁੜ ਗਏ ਤੇ ਕਮਾਈ ਨੂੰ ਲੱਤ ਮਾਰੀ ਦੇਸ਼ ਆਜ਼ਾਦ ਕਰਾਉਣ ਲਈ ਹਿੰਦ ਆ ਗਏ | ਦੇਸ਼ ਦੀ ਆਜ਼ਾਦੀ ਲਈ ਘਾਲਣਾ ਘਾਲੀ ਤੇ ਅੰਗਰੇਜ਼ ਹਾਕਮਾਂ ਤਸੀਹੇ ਝੱਲੇ | ਉਹ ਗਦਰ ਲਹਿਰ ਦੇ ਦੂਜੇ ਪੜਾਅ ਦੇ ਪ੍ਰਮੁੱਖ ਆਗੂ ਸਨ | ਉਹ ਰੂਸ ਵਿੱਚੋਂ ਰੂਸ ਦੀ ਕ੍ਰਾਂਤੀ ਦਾ ਡੂੰਘਾਈ ਨਾਲ ਅਧਿਐਨ ਕਰਕੇ ਆਏ | ਉਹ ਹਿੰਦ ਆ ਕੇ ਕਿਰਤੀ ਕਿਸਾਨ ਪਾਰਟੀ ਨਾਲ ਜੁੜ ਗਏ ਅਤੇ ਪਾਰਟੀ ਦੇ ਸੂਬਾਈ ਸਕੱਤਰ ਬਣੇ | ਅੰਗਰੇਜ਼ਾਂ ਨੇ ਉਨ੍ਹਾਂ ਨੂੰ ਘਰ ਵਿੱਚ ਕੈਦ ਕਰਕੇ ਸਖਤ ਪਹਿਰਾ ਲਾ ਦਿੱਤਾ, ਪਰ ਉਨ੍ਹਾਂ ਅੰਡਰ ਗਰਾਉਂਡ ਰਹਿੰਦਿਆਂ ਸਰਗਰਮੀ ਜਾਰੀ ਰੱਖੀ | ਇਸ ਮਹਾਨ ਦੇਸ਼ ਭਗਤ ਬਾਰੇ ਗਦਰੀ ਬਾਬਾ ਭਗਤ ਸਿੰਘ ਬਿਲਗਾ ਲਿਖਦੇ ਹਨ ਕਿ ਜਦੋਂ ਮੈਂ ਰੂਸ ਵਿੱਚੋਂ ਪੜ੍ਹ ਕੇ ਆਇਆ ਤੇ ਮੈਨੂੰ ਰੂਸ ‘ਚੋਂ ਹੁਕਮ ਹੋਇਆ ਕਿ ਤੁਸੀਂ ਬਾਬਾ ਸੰਤਾ ਸਿੰਘ ਗੰਡੀਵਿੰਡ ਨੂੰ ਮਿਲਣਾ ਤੇ ਉਹ ਤੁਹਾਡੀ ਡਿਊਟੀ ਲਾਉਣਗੇ ਕਿ ਤੁਸੀਂ ਕਿਥੇ ਕੰਮ ਕਰਨਾ ਹੈ | ਉਹ ਸਰਿਹਾਲੀ ਤੋਂ ਤੁਰ ਕੇ ਰਾਤ ਨੂੰ ਗੰਡੀਵਿੰਡ ਪਹੁੰਚੇ | ਪੁਲਸ ਦੀ ਨਿਗ੍ਹਾ ਤੋਂ ਬਚਣ ਵਾਸਤੇ ਸਿੱਧਾ ਕੋਠੇ ‘ਤੇ ਚੜ੍ਹ ਗਏ ਤੇ ਛੱਤ ਖੜਕਾਈ ਤੇ ਫਿਰ ਬਾਬਾ ਜੀ ਨੇ ਦਰਵਾਜ਼ਾ ਖੋਲਿ੍ਹਆ ਤੇ ਉਹ ਅੰਦਰ ਵੜ ਗਏ | ਗੱਲਬਾਤ ਕੀਤੀ ਤੇ ਫਿਰ ਵਾਪਸ ਚਲੇ ਗਏ | ਇਹ ਵਰਤਾਰਾ ਇੱਕ ਹਫਤਾ ਚੱਲਦਾ ਰਿਹਾ, ਪਰ ਪੁਲਸ ਨੂੰ ਪਤਾ ਨਾ ਲੱਗਣ ਦਿੱਤਾ | ਇਸ ਤਰ੍ਹਾਂ ਦੇ ਇਹ ਸਿਰੜੀ ਬਾਬੇ ਸਨ, ਜਿਨ੍ਹਾਂ ਨੇ ਕੌਮ ਲਈ ਸਭ ਕੁਝ ਨਿਛਾਵਰ ਕਰ ਦਿੱਤਾ | ਬਾਬਾ ਸੰਤਾ ਸਿੰਘ ਗੰਡੀਵਿੰਡ ਉੱਚ ਕੋਟੀ ਦੇ ਲੇਖਕ ਵੀ ਸਨ | ਉਨ੍ਹਾਂ ਨੇ ਰੂਸ ਦੀ ਕ੍ਰਾਂਤੀ ਤੇ ਹਿੰਦੁਸਤਾਨ ਕਿਉਂ ਆਜ਼ਾਦ ਹੋਣਾ ਚਾਹੀਦਾ ਹੈ, ਬਾਰੇ ਬੜੀ ਡੂੰਘਾਈ ਨਾਲ ਕਿਰਤੀ ਅਖਬਾਰ ਵਿੱਚ ਲੜੀਵਾਰ ਲਿਖਤ ਲਿਖੀ | ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਪੂਰਿਆਂ ਕਰਨ ਵਾਸਤੇ ਜਵਾਨੀ ਵਿਦੇਸ਼ਾਂ ਵਿੱਚ ਰੁਲਣ ਦੀ ਥਾਂ ਹਿੰਦੁਸਤਾਨ ਨੂੰ ਫਿਰ ਸੋਨੇ ਦੀ ਚਿੜੀ ਬਣਾਉਣ ਵਾਸਤੇ ਮੈਦਾਨ ਵਿੱਚ ਆਵੇ | ਹਿੰਦੁਸਤਾਨ ਵਾਕਿਆ ਹੀ ਸੋਨੇ ਦੀ ਚਿੜੀ ਸੀ ਤੇ ਲੁਟੇਰੇ ਅੰਗਰੇਜ਼ ਇਸ ਨੂੰ ਲੁੱਟ ਕੇ ਲੈ ਗਏ, ਉਹ ਵਾਪਸ ਲੈਣੀ ਜਵਾਨੀ ਦਾ ਕੰਮ ਹੈ |

LEAVE A REPLY

Please enter your comment!
Please enter your name here