ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਨਤੋਨੀਓ ਗੁਤੇਰੇਸ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਗਲੋਬਲ ਵਾਰਮਿੰਗ ਨੂੰ ‘ਚਮਤਕਾਰੀ ਢੰਗ ਨਾਲ’ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰ ਵੀ ਲਿਆ ਜਾਵੇ ਤਾਂ ਵੀ ਸਮੁੰਦਰ ਦਾ ਪੱਧਰ ਕਾਫੀ ਵਧ ਜਾਵੇਗਾ ਅਤੇ ਇਹ ਭਾਰਤ, ਬੰਗਲਾਦੇਸ਼ ਤੇ ਚੀਨ ਵਰਗੇ ਦੇਸ਼ਾਂ ਲਈ ਖਤਰਨਾਕ ਹੈ | ਉਨ੍ਹਾ ਕਿਹਾ ਕਿ ਧਰਤੀ ਦੇ ਗਲੋਬਲ ਵਾਰਮਿੰਗ ਦੇ ਅਜਿਹੇ ਰਾਹ ‘ਤੇ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸਮੁੰਦਰ ਦੇ ਵਧਦੇ ਪੱਧਰ ਦਾ ਮਤਲਬ ਕਈ ਦੇਸ਼ਾਂ ਦੀ ਹੋਂਦ ਖਤਰੇ ‘ਚ ਹੋਵੇਗੀ | ਉਨ੍ਹਾ ਕਿਹਾ ਕਿ ਡਿਗਰੀ ਦੇ ਹਰ ਹਿੱਸੇ ਦੀ ਅਹਿਮੀਅਤ ਹੈ, ਕਿਉਂਕਿ ਤਾਪਮਾਨ ਦੋ ਡਿਗਰੀ ਸੈਲਸੀਅਸ ਵਧਣ ‘ਤੇ ਸਮੁੰਦਰ ਦਾ ਪੱਧਰ ਦੁੱਗਣਾ ਹੋ ਸਕਦਾ ਹੈ | ਸਮੁੰਦਰੀ ਪੱਧਰ ਦੇ ਵਾਧੇ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ਦੀ ਸ਼ੁਰੂਆਤ ‘ਤੇ ਬੋਲਦਿਆਂ ਉਨ੍ਹਾ ਕਿਹਾ ਕਿ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਹਰ ਦੇਸ਼ ਨੂੰ ਪੂਰਾ ਜ਼ੋਰ ਲਾਉਣ ਦੀ ਲੋੜ ਹੈ | ਬੈਠਕ ‘ਚ 75 ਦੇਸ਼ਾਂ ਨੇ ਹਿੱਸਾ ਲਿਆ | ਗੁਤੇਰੇਸ ਨੇ ਕਿਹਾ ਕਿ ਬੰਗਲਾਦੇਸ਼, ਚੀਨ, ਭਾਰਤ ਅਤੇ ਨੀਦਰਲੈਂਡ ਵਰਗੇ ਦੇਸ਼ ਖਤਰੇ ‘ਚ ਹਨ | ਕਾਹਿਰਾ, ਲਾਗੋਸ, ਮਾਪੁਤੋ, ਬੈਂਕਾਕ, ਢਾਕਾ, ਜਕਾਰਤਾ, ਮੁੰਬਈ, ਸ਼ੰਘਾਈ, ਕੋਪਨਹੇਗਨ, ਲੰਡਨ, ਲਾਸ ਏਾਜਲਸ, ਨਿਊਯਾਰਕ, ਬਿਊਨਸ ਆਇਰਸ ਅਤੇ ਸੈਂਤੀਆਗੋ ਸਮੇਤ ਹਰ ਮਹਾਂਦੀਪ ਦੇ ਵੱਡੇ ਸ਼ਹਿਰਾਂ ‘ਤੇ ਇਸ ਦਾ ਗੰਭੀਰ ਪ੍ਰਭਾਵ ਪਵੇਗਾ |


