35.5 C
Jalandhar
Saturday, April 20, 2024
spot_img

ਗਵਰਨਰ ਹੱਦ ਨਾ ਉਲੰਘੇ

ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਗਵਰਨਰ ਬਨਵਾਰੀ ਲਾਲ ਪਰੋਹਿਤ ਵਿਚਕਾਰ ਜੰਗ ਜਾਰੀ ਹੈ | ਅਸਲ ਵਿੱਚ ਭਾਜਪਾ ਜਿਨ੍ਹਾਂ ਰਾਜਾਂ ਵਿੱਚ ਸੱਤਾਧਾਰੀ ਨਹੀਂ, ਉਥੇ ਉਹ ਗਵਰਨਰਾਂ ਰਾਹੀਂ ਰਾਜ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਦੱਖਣ ਦੇ ਤਿੰਨ ਰਾਜਾਂ ਕੇਰਲਾ, ਤਾਮਿਲਨਾਡੂ ਤੇ ਤੇਲੰਗਾਨਾ ਵਿੱਚ ਵੀ ਰਾਜਪਾਲ ਚੁਣੀਆਂ ਸਰਕਾਰਾਂ ਨਾਲ ਟਕਰਾਅ ਦੀ ਨੀਤੀ ‘ਤੇ ਚੱਲ ਰਹੇ ਹਨ | ਵਿਧਾਨ ਸਭਾਵਾਂ ਵਿੱਚ ਪਾਸ ਲੋਕਹਿੱਤ ਦੇ ਬਿੱਲਾਂ ਉੱਤੇ ਦਸਤਖਤ ਕਰਨ ਦੀ ਥਾਂ ਉਨ੍ਹਾਂ ਉੱਤੇ ਕੁੰਡਲੀ ਮਾਰ ਕੇ ਬੈਠੇ ਰਹਿਣ ਦੀ ਇੱਕ ਨਵੀਂ ਰਵਾਇਤ ਸ਼ੁਰੂ ਹੋ ਗਈ ਹੈ | ਰਾਜਪਾਲ ਇੱਕ ਸੰਵਿਧਾਨਕ ਮੁਖੀ ਹੁੰਦਾ ਹੈ, ਉਸ ਨੂੰ ਚੁਣੀ ਹੋਈ ਸਰਕਾਰ ਦੇ ਫੈਸਲਿਆਂ ਮੁਤਾਬਕ ਕੰਮ ਕਰਨਾ ਹੁੰਦਾ ਹੈ, ਪਰ ਇਸ ਦੇ ਉਲਟ ਰਾਜਪਾਲ ਸਮਾਂਤਰ ਸਰਕਾਰਾਂ ਚਲਾਉਣ ਵਿੱਚ ਲੱਗੇ ਹੋਏ ਹਨ |
ਪੰਜਾਬ ਵਿੱਚ ਤਾਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਰਾਜਪਾਲ ਦਾ ਉਸ ਨਾਲ ਇੱਟ-ਖੜਿੱਕਾ ਚੱਲ ਰਿਹਾ ਹੈ | ਪਿਛਲੇ ਦਿਨੀਂ ਗਵਰਨਰ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਤੇ ਮੁੱਖ ਮੰਤਰੀ ਵੱਲੋਂ ਉਸ ਦੇ ਦਿੱਤੇ ਜਵਾਬ ਨੇ ਲੜਾਈ ਸਿਖਰਾਂ ਉੱਤੇ ਪੁਚਾ ਦਿੱਤੀ ਹੈ | ਇਹ ਚਿੱਠੀ ਪਹਿਲਾਂ ਮੀਡੀਆ ਨੂੰ ਜਾਰੀ ਕੀਤੀ ਗਈ ਤੇ ਫਿਰ ਮੁੱਖ ਮੰਤਰੀ ਨੂੰ ਭੇਜੀ ਗਈ | ਇਸ ਚਿੱਠੀ ਵਿੱਚ ਗਵਰਨਰ ਨੇ ਮੁੱਖ ਮੰਤਰੀ ਤੋਂ ਚਿਤਾਵਨੀ ਦੇ ਲਹਿਜੇ ਵਿੱਚ ਕਈ ਸਵਾਲ ਪੁੱਛੇ ਹਨ | ਪਿ੍ੰਸੀਪਲਾਂ ਨੂੰ ਵਿਸ਼ੇਸ਼ ਟਰੇਨਿੰਗ ਲਈ ਸਿੰਗਾਪੁਰ ਭੇਜਣ ਬਾਰੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਚੋਣ ਕਰਨ ਸਮੇਂ ਪੱਖਪਾਤ ਕੀਤਾ ਗਿਆ ਹੈ | ਉਨ੍ਹਾ ਚੋਣ ਪ੍ਰਕਿਰਿਆ, ਮਾਪਦੰਡ ਤੇ ਯਾਤਰਾ ਦੇ ਖਰਚਿਆਂ ਦਾ ਵੇਰਵਾ ਦੇਣ ਲਈ ਕਿਹਾ ਹੈ | ਪੰਜਾਬ ਸੂਚਨਾ ਤੇ ਸੰਚਾਰ ਨਿਗਮ ਲਿਮਟਿਡ ਦਾ ਗੁਰਵਿੰਦਰਜੀਤ ਸਿੰਘ ਜਵੰਦਾ ਨੂੰ ਚੇਅਰਮੈਨ ਲਾਉਣ ਉਤੇ ਸਵਾਲ ਖੜ੍ਹਾ ਕੀਤਾ ਗਿਆ ਹੈ | ਪੰਜਾਬ ਕਾਡਰ ਦੇ ਆਈ ਪੀ ਐੱਸ ਅਧਿਕਾਰੀ ਨੂੰ ਜਲੰਧਰ ਦਾ ਪੁਲਸ ਕਮਿਸ਼ਨਰ ਲਾਏ ਜਾਣ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ | ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਜ਼ੀਫ਼ੇ ਨਾ ਮਿਲਣ ਕਾਰਨ ਅਨੁਸੂਚਿਤ ਜਾਤਾਂ ਦੇ ਦੋ ਲੱਖ ਵਿਦਿਆਰਥੀਆਂ ਦੀ ਪੜ੍ਹਾਈ ਛੁੱਟ ਗਈ ਹੈ, ਉਸ ਦਾ ਜਵਾਬ ਦਿੱਤਾ ਜਾਵੇ | ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਨੂੰ ਹਟਾਉਣ ਲਈ ਕਿਹਾ ਗਿਆ ਸੀ, ਪਰ ਹਾਲੇ ਤੱਕ ਹਟਾਇਆ ਕਿਉਂ ਨਹੀਂ ਗਿਆ |
ਇਸ ਚਿੱਠੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਸਟੈਂਡ ਲੈਂਦਿਆਂ ਕਿਹਾ ਕਿ ਉਹ ਪੰਜਾਬ ਦੇ ਤਿੰਨ ਕਰੋੜ ਲੋਕਾਂ ਪ੍ਰਤੀ ਜਵਾਬਦੇਹ ਹਨ, ਜਿਨ੍ਹਾਂ ਉਨ੍ਹਾ ਦੀ ਸਰਕਾਰ ਬਣਾਈ ਹੈ, ਕੇਂਦਰ ਦੇ ਨੁਮਾਇੰਦੇ ਰਾਜਪਾਲ ਪ੍ਰਤੀ ਨਹੀਂ | ਚਿੱਠੀ ਵਿੱਚ ਲਿਖੇ ਸਾਰੇ ਮਸਲੇ ਰਾਜ ਸ਼ਾਸਨ ਨਾਲ ਸੰਬੰਧਤ ਹਨ, ਉਹ ਇਨ੍ਹਾਂ ਬਾਰੇ ਕੇਂਦਰ ਅੱਗੇ ਵੀ ਜਵਾਬਦੇਹ ਨਹੀਂ ਹਨ | ਉਨ੍ਹਾ ਸਪੱਸ਼ਟ ਕਿਹਾ ਕਿ ਗਵਰਨਰ ਦੀ ਚਿੱਠੀ ਦਾ ਉਨ੍ਹਾ ਵੱਲੋਂ ਇਹੋ ਜਵਾਬ ਹੈ | ਇਸ ਤੋਂ ਬਾਅਦ ਰਾਜਪਾਲ ਨੇ ਇਹ ਦਬਕਾ ਮਾਰ ਦਿੱਤਾ ਹੈ ਕਿ ਜੇਕਰ ਮੁੱਖ ਮੰਤਰੀ ਦੋ ਹਫ਼ਤਿਆਂ ਵਿੱਚ ਉਨ੍ਹਾ ਦੀ ਚਿੱਠੀ ਦਾ ਜਵਾਬ ਨਹੀਂ ਦਿੰਦੇ ਤਾਂ ਉਹ ਕਾਨੂੰਨੀ ਸਲਾਹ ਲੈਣਗੇ | ਇਸ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਵੀ ਕਹਿ ਦਿੱਤਾ ਹੈ ਕਿ ਉਹ ਰਾਜਪਾਲ ਦੀ ਚਿੱਠੀ ਦਾ ਜਵਾਬ ਨਹੀਂ ਦੇਣਗੇ ਤੇ ਉਹ ਵੀ ਕਾਨੂੰਨੀ ਮਾਹਰਾਂ ਤੋਂ ਰਾਏ ਲੈਣਗੇ |
ਗਵਰਨਰ ਤੇ ਸਰਕਾਰ ਦਰਮਿਆਨ ਇਹ ਟਕਰਾਅ ਉਸ ਸਮੇਂ ਹੋ ਰਿਹਾ ਹੈ, ਜਦੋਂ ਮਾਰਚ ਦੇ ਪਹਿਲੇ ਹਫ਼ਤੇ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਵੇਗਾ | ਇਸ ਦੀ ਸ਼ੁਰੂਆਤ ਗਵਰਨਰ ਦੇ ਭਾਸ਼ਣ ਨਾਲ ਹੋਵੇਗੀ | ਗਵਰਨਰ ਦਾ ਭਾਸ਼ਣ ਸਰਕਾਰ ਵੱਲੋਂ ਤਿਆਰ ਕੀਤਾ ਜਾਂਦਾ ਹੈ | ਸਾਫ਼ ਹੈ ਕਿ ਇਸ ਭਾਸ਼ਣ ਵਿੱਚ ਪਿ੍ੰਸੀਪਲਾਂ ਨੂੰ ਸਿੰਗਾਪੁਰ ਜਾਣ ਨੂੰ ਰਾਜ ਸਰਕਾਰ ਇੱਕ ਪ੍ਰਾਪਤੀ ਵਜੋਂ ਪੇਸ਼ ਕਰੇਗੀ | ਇਸ ਤੋਂ ਇਲਾਵਾ ਹੋਰ ਵੀ ਕਈ ਕੰਮ ਸ਼ਾਮਲ ਹੋ ਸਕਦੇ ਹਨ, ਜਿਹੜੇ ਗਵਰਨਰ ਨੂੰ ਚੰਗੇ ਨਾ ਲੱਗਦੇ ਹੋਣ, ਪਰ ਰਾਜ ਸਰਕਾਰ ਪ੍ਰਾਪਤੀ ਸਮਝਦੀ ਹੋਵੇ | ਇਸ ਭਾਸ਼ਣ ਪ੍ਰਤੀ ਗਵਰਨਰ ਕੀ ਰਵੱਈਆ ਅਖਤਿਆਰ ਕਰਦੇ ਹਨ, ਇਹ ਉਹੋ ਜਾਣਦੇ ਹਨ | ਇੱਕ ਗੱਲ ਸਪੱਸ਼ਟ ਹੈ ਕਿ ਜੇਕਰ ਗਵਰਨਰ ਚੁਣੀ ਹੋਈ ਸਰਕਾਰ ਵਿਰੁੱਧ ਰਾਜ ਵਿੱਚ ਰਾਸ਼ਟਰਪਤੀ ਲਾਗੂ ਕੀਤੇ ਜਾਣ ਦਾ ਮਨ ਬਣਾਈ ਬੈਠੇ ਹਨ ਤਾਂ ਉਨ੍ਹਾ ਨੂੰ ਇਹ ਗੱਲ ਮਨ ਵਿੱਚੋਂ ਕੱਢ ਦੇਣੀ ਚਾਹੀਦੀ ਹੈ | ਇਹ ਇਸ ਸਰਹੱਦੀ ਸੂਬੇ ਵਿੱਚ ਅੱਗ ਨਾਲ ਖੇਡਣ ਵਾਲੀ ਗੱਲ ਹੋਵੇਗੀ | ਪੰਜਾਬ ਦੇ ਲੋਕਾਂ ਵਿੱਚੋਂ ਕੁਝ ਦੇ ਮੌਜੂਦਾ ਪੰਜਾਬ ਸਰਕਾਰ ਨਾਲ ਮਤਭੇਦ ਹੋ ਸਕਦੇ ਹਨ, ਪਰ ਅਜਿਹੀ ਕਿਸੇ ਵੀ ਗੈਰ-ਜਮਹੂਰੀ ਕਾਰਵਾਈ ਦਾ ਉਹ ਡਟ ਕੇ ਵਿਰੋਧ ਕਰਨਗੇ | ਇਸ ਲਈ ਗਵਰਨਰ ਸਾਹਿਬ ਨੂੰ ਆਪਣੀ ਹੱਦ ਨਹੀਂ ਉਲੰਘਣੀ ਚਾਹੀਦੀ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles