ਅਗਰਤਲਾ : 2023 ਦੀ ਪਹਿਲੀ ਅਸੰਬਲੀ ਚੋਣ ‘ਚ ਵੀਰਵਾਰ ਤਿ੍ਪੁਰਾ ਦੇ ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ | ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਪੋਲਿੰਗ ਦਾ ਸਮਾਂ ਸ਼ਾਮ ਚਾਰ ਵਜੇ ਖਤਮ ਹੋ ਗਿਆ ਸੀ, ਪਰ ਬੂਥਾਂ ਅੰਦਰ ਆ ਚੁੱਕੇ ਵੋਟਰ ਵੋਟਾਂ ਪਾ ਰਹੇ ਸਨ | 81 ਫੀਸਦੀ ਪੋਲਿੰਗ 5 ਵਜੇ ਤੱਕ ਹੋ ਚੁੱਕੀ ਸੀ | ਮਹਿਲਾ ਵੋਟਰਾਂ ‘ਚ ਵੋਟ ਪਾਉਣ ਲਈ ਜ਼ਿਆਦਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ | ਪਿਛਲੀ ਵਾਰ 90 ਫੀਸਦੀ ਪੋਲਿੰਗ ਹੋਈ ਸੀ ਤੇ ਭਾਜਪਾ ਨੇ ਪਹਿਲੀ ਵਾਰ ਸੂਬੇ ਵਿਚ ਸਰਕਾਰ ਬਣਾਈ ਸੀ | ਇਸ ਵਾਰ 28 ਲੱਖ 13 ਹਜ਼ਾਰ ਵੋਟਰਾਂ ਨੇ 259 ਉਮੀਦਵਾਰਾਂ ਵਿੱਚੋਂ 60 ਵਿਧਾਇਕ ਚੁਣਨੇ ਸਨ | ਨਤੀਜੇ 2 ਮਾਰਚ ਨੂੰ ਨਿਕਲਣਗੇ | ਇਸ ਵਾਰ ਭਾਜਪਾ ਤੇ ਉਸ ਦੀ ਇਤਿਹਾਦੀ ਇੰਡੀਜੇਨਸ ਪੀਪਲਜ਼ ਫਰੰਟ ਆਫ ਤਿ੍ਪੁਰਾ, ਖੱਬੇ-ਕਾਂਗਰਸ ਗੱਠਜੋੜ ਤੇ ਨਵੀਂ ਖੇਤਰੀ ਪਾਰਟੀ ਟਿਪਰਾ ਮੋਥਾ ਵਿਚਾਲੇ ਤਿਕੋਣਾ ਮੁਕਾਬਲਾ ਹੈ | ਭਾਜਪਾ ਨੇ 55 ਸੀਟਾਂ ਅਤੇ ਪੀਪਲਜ਼ ਫਰੰਟ ਨੇ ਛੇ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ | ਅੰਪੀਨਗਰ ਵਿਚ ਦੋਹਾਂ ਵਿਚਾਲੇ ਦੋਸਤਾਨਾ ਮੁਕਾਬਲਾ ਹੈ | ਖੱਬੀਆਂ ਪਾਰਟੀਆਂ ਨੇ 47 ਤੇ ਕਾਂਗਰਸ ਨੇ 13 ਸੀਟਾਂ ਲੜੀਆਂ ਹਨ | ਟਿਪਰਾ ਮੋਥਾ ਨੇ 42 ਉਮੀਦਵਾਰ ਉਤਾਰੇ |
ਦੱਖਣੀ ਤਿ੍ਪੁਰਾ ਦੇ 36-ਸ਼ਾਂਤੀ ਬਾਜ਼ਾਰ ਵਿਚ ਕਲਾਚੇਰਾ ਬੂਥ ‘ਤੇ ਇਕ ਸੀ ਪੀ ਆਈ ਹਮਾਇਤੀ ਨੂੰ ਕੱੁਟ ਦਿੱਤਾ ਗਿਆ, ਜਿਸ ਨੂੰ ਹਸਪਤਾਲ ਲਿਜਾਣਾ ਪਿਆ |
ਬੌਕਸਾਨਗਰ ਵਿਚ ਅਣਪਛਾਤਿਆਂ ਨੇ ਹਮਲਾ ਕਰਕੇ ਮਾਰਕਸੀ ਪਾਰਟੀ ਦੇ ਸਥਾਨਕ ਸਕੱਤਰ ਨੂੰ ਜ਼ਖਮੀ ਕਰ ਦਿੱਤਾ | ਗੋਮਤੀ ਜ਼ਿਲ੍ਹੇ ਵਿਚ ਕਕਰਾਬਨ ਹਲਕੇ ਵਿਚ ਮਾਰਕਸੀ ਪਾਰਟੀ ਦੇ ਦੋ ਪੋਲਿੰਗ ਏਜੰਟਾਂ ਨੂੰ ਕੁੱਟ ਦਿੱਤਾ ਗਿਆ | ਮਾਰਕਸੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਵਾਲਿਆਂ ਨੇ ਕਈ ਥਾਈਾ ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਿਆ | ਪੋਲਿੰਗ ਦੌਰਾਨ ਕਬਾਇਲੀ ਪਾਰਟੀ ਟਿਪਰਾ ਮੋਥਾ ਦੇ ਮੁਖੀ ਪ੍ਰਦਯੋਤ ਮਾਣਿਕਯ ਦੇਬਬਰਮਾ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਕਿ ਉਨ੍ਹਾ ਦੀ ਪਾਰਟੀ ਨੂੰ ਬਹੁਮਤ ਨਾ ਮਿਲਿਆ ਤਾਂ ਉਹ ਭਾਜਪਾ ਦੇ ਵਿਧਾਇਕਾਂ ਨੂੰ ਖਰੀਦਣ ਦੀ ਸੋਚਣਗੇ | ਚੋਣਾਂ ਤੋਂ ਬਾਅਦ ਗੱਠਜੋੜ ਤੇ ਖਰੀਦੋ-ਫਰੋਖਤ ਦੇ ਸਵਾਲ ‘ਤੇ ਦੇਬਬਰਮਾ ਨੇ ਕਿਹਾ—ਮੈਂ ਆਪਣੇ ਮਹਿਲ ਦੇ ਕੁਝ ਹਿੱਸੇ ਵੇਚ ਕੇ ਭਾਜਪਾ ਦੇ 25-30 ਵਿਧਾਇਕਾਂ ਨੂੰ ਖਰੀਦਣ ਬਾਰੇ ਸੋਚ ਰਿਹਾ ਸੀ | ਮੇਰੇ ਕੋਲ ਪੈਸਾ ਹੀ ਪੈਸਾ ਹੈ |
ਦੇਬਬਰਮਾ ਨੇ ਅੱਗੇ ਕਿਹਾ—ਅਜਿਹਾ ਕਿਉਂ ਮੰਨਿਆ ਜਾਂਦਾ ਹੈ ਕਿ ਸਿਰਫ ਅਸੀਂ ਵਿਕਾਊ ਹਾਂ? ਸਿਰਫ ਸਾਡੇ ‘ਤੇ ਹੀ ਸਵਾਲ ਕਿਉਂ ਚੁੱਕੇ ਜਾਂਦੇ ਹਨ? ਭਾਜਪਾ ਵਾਲਿਆਂ ਨੂੰ ਵੀ ਖਰੀਦਿਆ ਜਾ ਸਕਦਾ ਹੈ |





