ਮੋਦੀ ਸਰਕਾਰ ਮਹਾਂਚੋਰ ਤੇ ਧੋਖੇਬਾਜ਼ ਅਡਾਨੀ ਦੀ ਕਰ ਰਹੀ ਮਦਦ : ਮਾੜੀਮੇਘਾ

0
199

ਜਲੰਧਰ, (ਨ ਜ਼ ਸ)-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਅਹੁਦੇਦਾਰਾਂ ਦੀ ਮੀਟਿੰਗ ਕਮੇਟੀ ਪ੍ਰਧਾਨ ਅਜਮੇਰ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਫੈਸਲੇ  ਜਾਰੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕਮੇਟੀ ਵੱਲੋਂ 27 ਫਰਵਰੀ ਨੂੰ ਬੱਬਰਾਂ ਤੇ ਚੰਦਰ ਸ਼ੇਖਰ ਆਜ਼ਾਦ ਦੇ ਦਿਨ ‘ਤੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਜਲੰਧਰ ਵਿਖੇ ਪ੍ਰੋਗਰਾਮ ਕੀਤਾ ਜਾਵੇਗਾ | ਮੀਟਿੰਗ ਵਿੱਚ ਮੋਦੀ ਸਰਕਾਰ ਦੀ ਨਿੰਦਾ ਕੀਤੀ ਗਈ ਕਿ ਉਹ ਮਹਾਂਚੋਰ ਤੇ ਧੋਖੇਬਾਜ਼ ਅਡਾਨੀ ਦੀ ਮਦਦ ਕਰ ਰਹੀ ਹੈ | ਅਡਾਨੀ ਨੇ ਲੋਕਾਂ ਦੇ ਨਾਵਾਂ ‘ਤੇ ਝੂਠੇ ਸ਼ੇਅਰ ਖਰੀਦ ਕੇ ਲੁੱਟ ਮਚਾਈ ਹੋਈ ਸੀ ਤੇ ਉਹ ਪੈਸੇ ਦੇ ਪੱਖ ਤੋਂ ਦੁਨੀਆ ਭਰ ‘ਚੋਂ ਦੂਜੇ ਨੰਬਰ ‘ਤੇ ਆ ਗਿਆ ਸੀ | ਮੋਦੀ ਦੀ ਢੀਠਤਾਈ ਏਨੀ ਹੈ ਕਿ ਉਹ ਇਸ ਵਿੱਚ ਦੇਸ਼ ਦੀ ਤਰੱਕੀ ਦੇ ਸੋਹਲੇ ਗਾਈ ਜਾਂਦਾ ਹੈ | ਅਡਾਨੀ ਦੇ ਰਾਜ਼ ਦਾ ਪਰਦਾ ਅਮਰੀਕੀ ਏਜੰਸੀ ਹਿੰਡਨਬਰਗ ਨੇ ਉਠਾਇਆ ਹੈ | ਅਡਾਨੀ ਦਾ ਭੇਦ ਜਦੋਂ ਜੱਗ ਜ਼ਾਹਰ ਹੋ ਗਿਆ ਤੇ ਸ਼ੇਅਰ ਯਕਦਮ ਡਿੱਗ ਪਏ ਤਾਂ ਸਾਰੇ ਦੇਸ਼ ਵਿੱਚ ਹਫੜਾ-ਦਫੜੀ ਮਚ ਗਈ | ਲੋਕਾਂ ਦਾ ਬਹੁਤ ਸਾਰਾ ਪੈਸਾ ਅਡਾਨੀ ਦੀ ਵਜ੍ਹਾ ਕਰਕੇ ਰੁੜ੍ਹ ਗਿਆ | ਗੁਜਰਾਤ ਵਿੱਚ ਮੋਦੀ ਸਰਕਾਰ ਨੇ ਘੱਟ ਗਿਣਤੀ ਵਸੋਂ ਦਾ ਯੋਜਨਾਬੰਦ ਢੰਗ ਨਾਲ ਕਤਲੇਆਮ ਕਰਵਾਇਆ ਸੀ ਤੇ ਉਸ ਦਾ ਰਾਜ਼ ਬੀ ਬੀ ਸੀ ਨੇ ਇੱਕ ਫਿਲਮ ਬਣਾ ਕੇ ਖੋਲ੍ਹ ਦਿੱਤਾ ਹੈ | ਮੋਦੀ ਇਹ ਕਹਿ ਰਿਹਾ ਹੈ ਕਿ ਮੀਡੀਆ ਨੂੰ ਇਸ ਤਰ੍ਹਾਂ ਚੱਲਣ ਨਹੀਂ ਦਿੱਤਾ ਜਾਵੇਗਾ ਕਿ ਉਹ ਆਪਣੀਆਂ ਮਨਮਾਨੀਆਂ ਕਰੇ | ਮੋਦੀ ਇਸ ਨੀਤੀ ਤਹਿਤ ਬੀ ਬੀ ਸੀ ਦੇ ਦਫ਼ਤਰਾਂ ‘ਤੇ ਛਾਪੇ ਮਾਰ ਰਿਹਾ ਹੈ | ਕਮੇਟੀ ਨੇ ਇਹ ਵੀ ਜ਼ੋਰ ਨਾਲ ਮਸਲਾ ਉਠਾਇਆ ਹੈ ਕਿ ਨਜਾਇਜ਼ ਤੌਰ ‘ਤੇ ਜਿਹੜੇ ਸਿਆਸੀ ਲੋਕ, ਬੁੱਧੀਜੀਵੀ, ਪੱਤਰਕਾਰ, ਖੱਬੇ-ਪੱਖੀ ਵਿਚਾਰਾਂ ਵਾਲੇ ਅਤੇ ਸਜ਼ਾਵਾਂ ਭੁਗਤ ਚੁੱਕੇ ਕੈਦੀ, ਜਿਨ੍ਹਾਂ ਵਿੱਚ ਸਿੱਖ ਵੀ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ | ਪਿਛਲੇ ਦਿਨਾਂ ਵਿੱਚ ਜਲੰਧਰ ਸ਼ਹਿਰ ਵਿੱਚ ਵਸਦਾ ਲਤੀਫ਼ਪੁਰਾ ਮੁਹੱਲਾ ਸਰਕਾਰ ਨੇ ਜ਼ੋਰ-ਜਬਰ ਨਾਲ ਢਾਹ ਦਿੱਤਾ ਤੇ ਲੋਕ ਘਰੋਂ ਬੇਘਰ ਹੋ ਗਏ ਹਨ | ਉਨ੍ਹਾਂ ਦੀ ਵਿਸ਼ੇਸ਼ ਤੌਰ ‘ਤੇ ਮਦਦ ਮਜ਼ਦੂਰਾਂ ਦਾ ਸੁਬਾਈ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਕਰ ਰਿਹਾ ਸੀ | ਕਮੇਟੀ ਨੇ ਨਿਖੇਧੀ ਕੀਤੀ ਕਿ ਸਰਕਾਰ ਨੇ ਉਸ ਨੂੰ ਹੋਰ ਕਿਸੇ ਕੇਸ ਵਿੱਚ ਗਿ੍ਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ, ਤਾਂ ਜੋ ਘੁੱਗਸ਼ੋਰ ਲਤੀਫ਼ਪੁਰਾ ਲੋਕਾਂ ਦੀ ਮਦਦ ਨਾ ਕਰ ਸਕੇ |

LEAVE A REPLY

Please enter your comment!
Please enter your name here