ਪਟਿਆਲਾ : ਇੱਥੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਐਕਸ਼ਨ ਕਮੇਟੀ ਵਿੱਚ ਸ਼ਾਮਲ ਪੀ ਆਰ ਟੀ ਸੀ ਦੀਆਂ ਛੇ ਜਥੇਬੰਦੀਆਂ ਨਾਲ ਸੰਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ ਬੀ ਸੀ , ਸੀਟੂ ਅਤੇ ਰਿਟਾਇਰਡ ਞਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਪੀ ਆਰ ਟੀ ਸੀ ਦੇ ਸਾਰੇ ਡੀਪੂਆਂ ਦੇ ਸਮੁੱਚੇ ਵਰਕਰਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਦਸੰਬਰ ਦੀ ਅਧੂਰੀ ਤਨਖਾਹ ਪੈਨਸ਼ਨ ਦੇਣ ਦੇ ਅਤੇ ਜਨਵਰੀ ਮਹੀਨੇ ਦੀ ਤਨਖਾਹ ਤੇ ਪੈਨਸ਼ਨ ਬਾਰੇ ਮੈਨੇਜਮੈਂਟ ਵੱਲੋਂ ਉਕਾ ਹੀ ਚੱੁਪ ਵੱਟ ਜਾਣ ਦੇ ਵਿਰੋਧ ਵਿੱਚ ਅਤੇ ਵਰਕਰਾਂ ਦੀਆਂ 26 ਮੰਗਾਂ ਦੇ ਮੰਗ ਪੱਤਰ ‘ਤੇ ਕੋਈ ਗੱਲਬਾਤ ਨਾ ਕਰਨ ਦੇ ਵਿਰੋਧ ਵਿੱਚ ਪੀ ਆਰ ਟੀ ਸੀ ਦੇ ਮੁੱਖ ਦਫਤਰ ਦੇ ਸਾਹਮਣੇ ਪਟਿਆਲਾ ਵਿਖੇ 21 ਫਰਵਰੀ ਨੂੰ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਹੁੰਮਹੁਮਾ ਕੇ ਪਹੁੰਚ ਕੇ ਮੈਨੇਜਮੈਂਟ ਅਤੇ ਸਰਕਾਰ ਨੂੰ ਤਨਖਾਹ ਅਤੇ ਪੈਨਸ਼ਨ ਦਾ ਭੁਗਤਾਨ ਕਰਨ ਲਈ ਮਜਬੂਰ ਕਰ ਦਿਓ | ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ , ਰਕੇਸ਼ ਕੁਮਾਰ ਦਤਾਰਪੁਰ , ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਕਿਹਾ ਕਿ ਸਰਕਾਰ ਮੁਫ਼ਤ ਸਫਰ ਬਦਲੇ ਬਣਦਾ 400 ਕਰੋੜ ਰੁਪਿਆ ਨਾ ਦੇ ਕੇ ਇੱਕ ਤਰ੍ਹਾਂ ਮੈਨੇਜਮੈਂਟ ਨੂੰ ਹਦਾਇਤ ਕਰ ਰਹੀ ਹੈ ਕਿ ਵਰਕਰਜ਼ ਨੂੰ ਬਿਨਾਂ ਤਨਖਾਹ ਅਤੇ ਪੈਨਸ਼ਨ ਤੋਂ ਗੁਜ਼ਾਰਾ ਕਰਨ ਦੀ ਆਦਤ ਪਾਈ ਜਾਵੇ ਅਤੇ ਉਨ੍ਹਾਂ ਨੂੰ ਤਨਖਾਹ ਤੇ ਪੈਨਸ਼ਨ ਦੋ ਮਹੀਨੇ ਵਿੱਚ ਇੱਕ ਵਾਰ ਦਿੱਤੀ ਜਾਵੇ | ਐਕਸ਼ਨ ਕਮੇਟੀ ਵੱਲੋਂ ਇਸ ਤਰ੍ਹਾਂ ਕਿਸੇ ਕੀਮਤ ‘ਤੇ ਵੀ ਕਰਨ ਨਹੀਂ ਦਿੱਤਾ ਜਾਵੇਗਾ |