ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨਾਲ ਜੰਗ ਦਾ 24 ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਤੋਂ ਤਿੰਨ ਦਿਨ ਪਹਿਲਾਂ ਕਿਹਾ ਕਿ ਰੂਸ ਨੇ ਸ਼ੁਰੂਆਤ ਵਿਚ ਜੰਗ ਨੂੰ ਟਾਲਣ ਦੀਆਂ ਤਮਾਮ ਡਿਪਲੋਮੈਟਿਕ ਕੋਸ਼ਿਸ਼ਾਂ ਕੀਤੀਆਂ, ਪਰ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਗੱਠਜੋੜ ਨੇ ਇਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ | ਰੂਸ ਵੀ ਗੱਲਬਾਤ ਨਾਲ ਮਾਮਲਾ ਨਬੇੜਨਾ ਚਾਹੁੰਦਾ ਹੈ, ਪਰ ਉਸ ਨੂੰ ਸ਼ਰਤਾਂ ਮਨਜ਼ੂਰ ਨਹੀਂ |
ਪੁਤਿਨ ਨੇ ਕਿਹਾ ਕਿ ਯੂਕਰੇਨ ਨੂੰ ਲੰਮੀ ਰੇਂਜ ਦੇ ਡਿਫੈਂਸ ਸਿਸਟਮ ਦਿੱਤੇ ਜਾ ਰਹੇ ਹਨ | ਇਸ ਨਾਲ ਰੂਸੀ ਸਰਹੱਦ ‘ਤੇ ਖਤਰਾ ਮੰਡਰਾ ਰਿਹਾ ਹੈ | ਰੂਸ ਤੇ ਯੂਕਰੇਨ ਦਾ ਮਾਮਲਾ ਲੋਕਲ ਸੀ, ਪਰ ਅਮਰੀਕਾ ਤੇ ਉਸ ਦੇ ਸਾਥੀਆਂ ਨੇ ਗਲੋਬਲ ਬਣਾ ਦਿੱਤਾ |
ਉਨ੍ਹਾ ਕੌਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਤਾਕਤਾਂ ਕਰਕੇ ਜੰਗ ਦੀ ਸ਼ੁਰੂਆਤ ਹੋਈ | ਉਹ ਲੋਕ ਯੂਕਰੇਨ ਦੇ ਮੋਢਿਆਂ ‘ਤੇ ਰੱਖ ਕੇ ਬੰਦੂਕ ਚਲਾ ਰਹੇ ਹਨ ਤੇ ਉਨ੍ਹਾਂ ਨੂੰ ਮੂਰਖ ਬਣਾ ਰਹੇ ਹਨ | ਅਮਰੀਕਾ ਤੇ ਉਸ ਦੇ ਸਾਥੀ ਆਪਣਾ ਦਬਦਬਾ ਬਣਾਉਣ ਦੀ ਸਾਜ਼ਿਸ਼ ਤਹਿਤ ਦੂਜਿਆਂ ਨੂੰ ਮੋਹਰਾ ਬਣਾ ਰਹੇ ਹਨ |
ਪੱਛੜ ਕੇ ਸਾਹਮਣੇ ਆਈਆਂ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਦਾ ਮੋਟਰ ਕਾਫਲਾ ਐਤਵਾਰ ਤੜਕੇ 3:30 ਵਜੇ ਦੇ ਕਰੀਬ ਵ੍ਹਾਈਟ ਹਾਊਸ ਤੋਂ ਰਵਾਨਾ ਹੋ ਗਿਆ ਅਤੇ ਜੋਅ ਬਾਇਡਨ ਨੇ ਯੂਕਰੇਨ ਜਾਣ ਲਈ ਏਅਰ ਫੋਰਸ ਵਨ ਦੀ ਥਾਂ ਏਅਰ ਫੋਰਸ ਸੀ-32 ਜਹਾਜ਼ ਦੀ ਵਰਤੋਂ ਕੀਤੀ ਤਾਂ ਕਿ ਕਿਸੇ ਨੂੰ ਉਨ੍ਹਾ ਦੇ ਕੀਵ ਜਾਣ ਦੀ ਭਿਣਕ ਨਾ ਲੱਗੇ | ਏਅਰ ਫੋਰਸ ਸੀ-32 ਦੀ ਵਰਤੋਂ ਆਮ ਤੌਰ ‘ਤੇ ਘਰੇਲੂ ਯਾਤਰਾ ਲਈ ਕੀਤੀ ਜਾਂਦੀ ਹੈ | ਬਾਇਡਨ ਵ੍ਹਾਈਟ ਹਾਊਸ ਛੱਡਣ ਤੋਂ ਕੁਝ ਘੰਟਿਆਂ ਬਾਅਦ ਯੂਕਰੇਨ ਦੀ ਰਾਜਧਾਨੀ ਕੀਵ ‘ਚ ਨਜ਼ਰ ਆਏ | ਬਾਇਡਨ ਦੀ 23 ਘੰਟੇ ਦੀ ਯਾਤਰਾ ਆਧੁਨਿਕ ਇਤਿਹਾਸ ‘ਚ ਅਜਿਹੀ ਪਹਿਲੀ ਘਟਨਾ ਹੈ, ਜਦੋਂ ਕੋਈ ਅਮਰੀਕੀ ਨੇਤਾ ਅਜਿਹੇ ਯੁੱਧ ਦੇ ਮੈਦਾਨ ‘ਚ ਗਿਆ ਹੋਵੇ, ਜਿੱਥੇ ਅਮਰੀਕੀ ਫੌਜ ਮੌਜੂਦ ਨਹੀਂ ਹੈ | ਵ੍ਹਾਈਟ ਹਾਊਸ ਨੇ ਕਿਹਾ ਕਿ ਯਾਤਰਾ ‘ਚ ਖਤਰਾ ਸੀ, ਪਰ ਰੂਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ | ਰਾਸ਼ਟਰਪਤੀ ਦੀ ਲਿਮੋਜ਼ਿਨ ਦੀ ਬਜਾਏ ਚਿੱਟੇ ਰੰਗ ਦੀ ਐੱਸ ਯੂ ਵੀ ‘ਚ ਸਵਾਰ ਬਾਇਡਨ ਪੰਜ ਘੰਟੇ ਤੱਕ ਯੂਕਰੇਨ ਦੇ ਸ਼ਹਿਰ ‘ਚ ਕਈ ਥਾਵਾਂ ‘ਤੇ ਰੁਕੇ, ਪਰ ਇਸ ਦੌਰਾਨ ਯੂਕਰੇਨ ਦੇ ਲੋਕਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ‘ਚ ਅਮਰੀਕੀ ਰਾਸ਼ਟਰਪਤੀ ਵੀ ਸ਼ਾਮਲ ਹਨ | ਏਅਰ ਫੋਰਸ ਸੀ-32 ਜਹਾਜ਼, ਜਿਸ ਵਿਚ ਬਾਇਡਨ ਨੇ ਯਾਤਰਾ ਕੀਤੀ ਸੀ, ਨੂੰ ਜਰਮਨੀ ਵਿਚ ਈਾਧਨ ਭਰਨ ਲਈ ਰੋਕਿਆ ਗਿਆ ਸੀ, ਪਰ ਰਾਸ਼ਟਰਪਤੀ ਉਤਰੇ ਨਹੀਂ | ਫਿਰ ਉਹ ਪੋਲੈਂਡ ਦੇ ਜੌਵ ਤੋਂ ਰੇਲ ਗੱਡੀ ‘ਚ ਸਵਾਰ ਹੋ ਕੇ ਰਾਤ ਦੇ 10 ਘੰਟੇ ਦੇ ਸਫਰ ਤੋਂ ਬਾਅਦ ਕੀਵ ਪਹੁੰਚੇ |