ਚੰਡੀਗੜ੍ਹ, (ਗੁਰਜੀਤ ਬਿੱਲਾ)-ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦੇ ਬਿਆਨ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ | ਉਨ੍ਹਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ ਸਿਹਤ ਕ੍ਰਾਂਤੀ ਤੋਂ ਡਰ ਗਈ ਹੈ | ਇਸੇ ਲਈ ਕੇਂਦਰੀ ਸਿਹਤ ਮੰਤਰੀ ਪੰਜਾਬ ਦੀ ਸਿਹਤ ਪ੍ਰਣਾਲੀ ਬਾਰੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |
ਬੁੱਧਵਾਰ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਿਹਤ ਮੰਤਰੀ ਨੇ ਤੱਥ ਪੇਸ਼ ਕਰਦਿਆਂ ਕੇਂਦਰ ਸਰਕਾਰ ‘ਤੇ ਜਾਣਬੁੱਝ ਕੇ ਘੱਟ ਪੈਸੇ ਦੇਣ ਦਾ ਦੋਸ਼ ਲਾਇਆ | ਉਨ੍ਹਾ ਕਿਹਾ ਕਿ ਨੈਸ਼ਨਲ ਹੈੱਲਥ ਮਿਸ਼ਨ ਲਈ ਕੇਂਦਰ ਸਰਕਾਰ ਨੂੰ 60 ਫੀਸਦੀ ਅਤੇ ਸੂਬਿਆਂ ਨੂੰ 40 ਫੀਸਦੀ ਖਰਚ ਕਰਨਾ ਪੈਂਦਾ ਹੈ | ਇਸ ਲਈ ਕੁੱਲ 1114 ਕਰੋੜ ਵਿੱਚੋਂ ਕੇਂਦਰ ਨੇ 668 ਕਰੋੜ ਦੇਣੇ ਸਨ, ਪਰ ਕੇਂਦਰ ਸਰਕਾਰ ਨੇ ਸਿਰਫ 438 ਕਰੋੜ ਹੀ ਦਿੱਤੇ, ਜਦੋਂ ਕਿ ਪੰਜਾਬ ਸਰਕਾਰ ਨੇ 445 ਕਰੋੜ ਰੁਪਏ ਖਰਚ ਕਰਨੇ ਸਨ, ਪਰ 618 ਕਰੋੜ ਰੁਪਏ ਖਰਚ ਕੀਤੇ | ਮਤਲਬ ਕੇਂਦਰ ਸਰਕਾਰ ਨੇ 40% ਤੋਂ ਘੱਟ ਪੈਸਾ ਦਿੱਤਾ ਅਤੇ ਅਸੀਂ 60% ਤੋਂ ਵੱਧ ਖਰਚ ਕੀਤਾ | ਕੇਂਦਰੀ ਸਿਹਤ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ |
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਿਹਤ ਪ੍ਰਣਾਲੀ ਦੇਸ਼ ਭਰ ਵਿੱਚ ਨੰਬਰ ਇੱਕ ਹੈ | ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਸਿਹਤ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ ਅਤੇ ਸਿਹਤ ਸਹੂਲਤਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ | ਪਿਛਲੀਆਂ ਸਰਕਾਰਾਂ ਦੌਰਾਨ ਸਿਹਤ ਕੇਂਦਰਾਂ ਵਿੱਚ ਨਾ ਤਾਂ ਸਹੀ ਡਾਕਟਰ ਸਨ, ਨਾ ਦਵਾਈਆਂ ਅਤੇ ਨਾ ਹੀ ਟੈਸਟ ਕੀਤੇ ਜਾਂਦੇ ਸਨ | ਇਸ ਤੋਂ ਇਲਾਵਾ ਸਿਹਤ ਵਿਭਾਗ ਵਿੱਚ ਵੀ ਕਈ ਘਪਲੇ ਸਾਹਮਣੇ ਆਏ ਹਨ | ਪਿਛਲੀ ਸਰਕਾਰ ਦੌਰਾਨ ਸੈਨੇਟਾਈਜ਼ਰ ਅਤੇ ਮਾਸਕ ਘੁਟਾਲਾ ਹੋਇਆ ਸੀ, ਜਿਸ ਵਿੱਚ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ | ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਡਾਕਟਰ ਲਗਾਤਾਰ ਆਮ ਆਦਮੀ ਕਲੀਨਿਕ ਵਿੱਚ ਬੈਠ ਰਹੇ ਹਨ | ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ ਮੌਜੂਦ ਹਨ | ਮਰੀਜ਼ਾਂ ਦਾ ਚੰਗਾ ਇਲਾਜ ਕੀਤਾ ਜਾ ਰਿਹਾ ਹੈ | ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ 40 ਤੋਂ ਵੱਧ ਪ੍ਰਕਾਰ ਦੇ ਟੈਸਟ ਕੀਤੇ ਜਾ ਰਹੇ ਹਨ | ਓ ਪੀ ਡੀ ਦੀ ਗਿਣਤੀ ਵੀ ਪਹਿਲਾਂ ਦੇ ਮੁਕਾਬਲੇ ਲਗਭਗ ਚਾਰ ਗੁਣਾ ਵਧ ਗਈ ਹੈ |
ਉਨ੍ਹਾ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੂੰ ਆਮ ਆਦਮੀ ਕਲੀਨਿਕ ਦੀਆਂ ਕਮੀਆਂ ਸੰਬੰਧੀ ਕੋਈ ਮੁੱਦਾ ਨਹੀਂ ਮਿਲਿਆ ਤਾਂ ਉਹ ਇਸ ਦੀ ਬ੍ਰਾਂਡਿੰਗ ‘ਤੇ ਸਵਾਲ ਉਠਾ ਰਹੀ ਹੈ | ਇਸ ਲਈ ਸਿਹਤ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਦੇ ਸਮੇਂ ‘ਚ ‘ਆਯੂਸ਼ ਬੀਮਾ ਯੋਜਨਾ’ ਦੀ ਬ੍ਰਾਂਡਿੰਗ ਕੈਪਟਨ ਦਾ ਨਾਂਅ ਅਤੇ ਤਸਵੀਰ ਲਗਾ ਕੇ ਕੀਤੀ ਗਈ ਸੀ | ਦੂਜੇ ਪਾਸੇ ਬਾਦਲ ਸਰਕਾਰ ਵਿੱਚ ਸਾਈਕਲ ਦੀ ਟੋਕਰੀ ਤੋਂ ਲੈ ਕੇ ਸਾਈਕਲ ਦੀ ਚੇਨ ਕਵਰ ਅਤੇ ਘੰਟੀ ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਚਿਪਕਾਈ ਗਈ | ਉਸ ਸਮੇਂ ਕੇਂਦਰ ਨੇ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ? ਉਸ ਸਮੇਂ ਤਾਂ ਪੀ ਐੱਚ ਸੀ ਵੀ ਖਸਤਾ ਹਾਲਤ ਵਿਚ ਸੀ, ਫਿਰ ਫੰਡ ਰੋਕਣ ਦੀ ਗੱਲ ਕਿਉਂ ਨਹੀਂ ਕੀਤੀ ਗਈ?