ਸ੍ਰੀ ਫ਼ਤਿਹਗੜ੍ਹ ਸਾਹਿਬ, (ਪ੍ਰਮੋਦ ਭਾਰਦਵਾਜ)-ਬਸੀ ਪਠਾਣਾਂ ਵਿਖੇ ਬੁੱਧਵਾਰ ਸ਼ਾਮ ਕਰੀਬ ਪੰਜ ਵਜੇ ਹੋਏ ਪੁਲਸ ਮੁਕਾਬਲੇ ‘ਚ ਕਥਿਤ ਗੈਂਗਸਟਰ ਤੇਜਾ ਅਤੇ ਉਸ ਦੇ ਦੋ ਸਾਥੀਆਂ ਦੀ ਮੌਤ ਹੋ ਗਈ | ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਥਾਰ ਜੀਪ ‘ਚ ਸਵਾਰ ਹੋ ਕੇ ਮੋਰਿੰਡਾ ਸਾਈਡ ਤੋਂ ਫ਼ਤਿਹਗੜ੍ਹ ਸਾਹਿਬ ਵੱਲ ਨੂੰ ਜਾ ਰਹੇ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਤੇ ਬਸੀ ਪਠਾਣਾਂ ਦੇ ਬੱਸ ਅੱਡੇ ਕੋਲ ਪਹੁੰਚ ਕੇ ਜਦੋਂ ਏ ਜੀ ਟੀ ਐੱਫ ਦੀਆਂ ਦੋ ਟੀਮਾਂ ਨੇ ਥਾਰ ਜੀਪ ਨੂੰ ਅੱਗਿਓਾ ਅਤੇ ਪਿੱਛਿਓਾ ਦੋਵੇਂ ਪਾਸਿਓਾ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਥਾਰ ‘ਚ ਸਵਾਰ ਗੈਂਗਸਟਰ ਤੇਜਾ ਅਤੇ ਉਸ ਦੇ ਸਾਥੀਆਂ ਨੇ ਪੁਲਸ ਮੁਲਾਜ਼ਮਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਦਿਆਂ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਗੁਰਪ੍ਰੀਤ ਸਿੰਘ ਨਾਮਕ ਪੁਲਸ ਮੁਲਾਜ਼ਮ ਦੇ ਗੋਲੀ ਲੱਗੀ ਅਤੇ ਇੱਕ ਹੋਰ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ | ਉਪਰੰਤ ਚੱਲੇ ਮੁਕਾਬਲੇ ‘ਚ ਥਾਰ ਗੱਡੀ ‘ਚ ਸਵਾਰ ਗੈਂਗਸਟਰ ਤੇਜਾ ਅਤੇ ਉਸ ਦੇ ਇੱਕ ਸਾਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਗੰਭੀਰ ਜ਼ਖਮੀ ਹੋਏ ਤੀਸਰੇ ਸਾਥੀ ਨੂੰ ਪੁਲਸ ਵੱਲੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਜਾਣ ਦੀ ਖਬਰ ਹੈ | ਏ ਜੀ ਟੀ ਐੱਫ ਦੇ ਏ ਡੀ ਜੀ ਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਗੈਂਗਸਟਰ ਤੇਜਾ ਨੇ ਆਪਣਾ ਵੱਖਰਾ ਗਰੋਹ ਬਣਾਇਆ ਹੋਇਆ ਸੀ, ਜਿਸ ਵਿਰੁੱਧ ਵੱਖ-ਵੱਖ ਥਾਣਿਆਂ ‘ਚ 38 ਤੋਂ ਵੱਧ ਮੁਕੱਦਮੇ ਦਰਜ ਸਨ | ਇਹ ਲੰਮੇ ਸਮੇਂ ਤੋਂ ਪੁਲਸ ਤੋਂ ਬਚਦਾ ਆ ਰਿਹਾ ਸੀ | ਬੀਤੀ 8 ਜਨਵਰੀ ਨੂੰ ਗੈਂਗਸਟਰ ਤੇਜਾ ਅਤੇ ਉਸ ਦੇ ਸਾਥੀਆਂ ਨੇ ਫਗਵਾੜਾ ਤੋਂ ਇੱਕ ਗੱਡੀ ਖੋਹੀ ਗਈ ਸੀ, ਜਿਨ੍ਹਾਂ ਫਿਲੌਰ ਨਜ਼ਦੀਕ ਪਿੱਛਾ ਕਰ ਰਹੇ ਪੁਲਸ ਕਰਮਚਾਰੀ ਕੁਲਦੀਪ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ | ਉਕਤ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਏ ਜੀ ਟੀ ਐੱਫ ਲਗਾਤਾਰ ਕੋਸ਼ਿਸ਼ ਕਰ ਰਹੀ ਸੀ | ਅੱਜ ਜਦੋਂ ਟੀਮ ਨੇ ਬਸੀ ਪਠਾਣਾਂ ਨਜ਼ਦੀਕ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਸ ਮੁਲਾਜ਼ਮਾਂ ‘ਤੇ ਗੱਡੀ ਚਾੜ੍ਹਦੇ ਹੋਏ ਫਾਇਰਿੰਗ ਕਰ ਦਿੱਤੀ | ਮੁਕਾਬਲੇ ‘ਚ ਦੋ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ | ਬਾਨ ਨੇ ਦੱਸਿਆ ਤੇਜਾ ਨਾਲ ਮੌਜੂਦ ਦੂਸਰੇ ਵਿਅਕਤੀਆਂ ਦੀ ਹਾਲੇ ਪਹਿਚਾਣ ਨਹੀਂ ਹੋ ਸਕੀ | ਏ ਜੀ ਟੀ ਐੱਫ ਦੀ ਇਸ ਟੀਮ ਦੀ ਅਗਵਾਈ ਏ ਆਈ ਜੀ ਸੰਦੀਪ ਗੋਇਲ ਕਰ ਰਹੇ ਸਨ | ਟੀਮ ‘ਚ ਡੀ ਐੱਸ ਪੀ ਬਿਕਰਮ ਬਰਾੜ, ਡੀ ਐੱਸ ਪੀ ਪਰਮਿੰਦਰ ਸਿੰਘ, ਇੰਸਪੈਕਟਰ ਪੁਸ਼ਪਿੰਦਰ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਸ਼ਾਮਲ ਸਨ |