ਗੁਰਦਾਸਪੁਰ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਨੇ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਅੰਮਿ੍ਤਸਰ-ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਹੈ, ਜਿਸ ਕਾਰਨ 10 ਦੇ ਕਰੀਬ ਟ੍ਰੇਨਾਂ ਪ੍ਰਭਾਵਤ ਹੋਈਆਂ ਹਨ, ਜਦਕਿ ਦਿੱਲੀ ਅਤੇ ਲੌਂਗ ਰੂਟ ਵਾਲੀਆਂ ਟ੍ਰੇਨਾਂ ਦਾ ਰੂਟ ਪਲਾਨ ਬਦਲਣਾ ਪਿਆ ਹੈ | ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਸਵਿੰਦਰ ਸਿੰਘ ਚੌਤਾਲਾ ਨੇ ਕਿਹਾ ਕਿ 30 ਜਨਵਰੀ ਨੂੰ ਜਦੋਂ ਬਟਾਲਾ ‘ਚ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤਾ ਸੀ ਤਾਂ ਪ੍ਰਸ਼ਾਸਨ ਨੇ ਇਹ ਕਹਿ ਕੇ ਖਤਮ ਕਰਵਾ ਦਿੱਤਾ ਸੀ ਕਿ 15 ਫਰਵਰੀ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਵੇਗਾ, ਪਰ ਕਿਸਾਨ 15 ਫਰਵਰੀ ਤੋਂ ਪੂਰੇ ਇੱਕ ਹਫਤੇ ਬਾਅਦ ਦੁਬਾਰਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣ ਲਈ ਰੇਲ ਰੋਕ ਰਹੇ ਹਨ | ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਗੰਨੇ ਦੇ ਬਕਾਏ ਨੂੰ ਲੈ ਕੇ ਹੈ ਜੋ ਕਿ ਇੱਕ ਹਜ਼ਾਰ ਕਰੋੜ ਰੁਪਏ ਦੇ ਕਰੀਬ ਹੋ ਚੁੱਕਿਆ ਹੈ | ਇਸ ਤੋਂ ਇਲਾਵਾ ਹਾਈਵੇ ਅਤੇ ਐਕਸਪ੍ਰੈਸ ਵੇਅ ਵਿਚ ਆਉਂਦੀਆਂ ਜ਼ਮੀਨਾਂ ਦੇ ਵਾਜਬ ਅਤੇ ਵੇਲੇ ਸਿਰ ਮੁਆਵਜ਼ੇ ਦਿਵਾਉਣਾ ਵੀ ਇਸ ਸੰਘਰਸ ਦਾ ਮੁੱਖ ਏਜੰਡਾ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ੇ ਦੇ ਵੱਡੇ ਮਗਰਮੱਛਾਂ ਦੇ ਖਿਲਾਫ ਕਾਰਵਾਈ ਕਰਕੇ ਜ਼ਮੀਨੀ ਪੱਧਰ ‘ਤੇ ਨੌਜਵਾਨਾਂ ਨੂੰ ਬਚਾਉਣਾ ਵੀ ਕਿਸਾਨਾਂ ਦੀ ਲੜਾਈ ਵਿਚ ਸ਼ਾਮਲ ਹੈ |
ਪੁਲਸ ਕਿਲੋ ਦੇ ਹਿਸਾਬ ਨਾਲ ਨਸ਼ਾ ਫੜ ਰਹੀ ਹੈ, ਜਦ ਕਿ ਪੰਜਾਬ ‘ਚ ਟਨਾਂ ਦੇ ਹਿਸਾਬ ਨਾਲ ਨਸ਼ਾ ਆ ਰਿਹਾ ਹੈ | ਇਸ ਨੂੰ ਪੁਲਸ ਦੀ ਵੱਡੀ ਕਾਮਯਾਬੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਦੋਂ ਤੱਕ ਵੱਡੇ ਸੌਦਾਗਰ ਫੜੇ ਨਹੀਂ ਜਾਂਦੇ, ਨਸ਼ਾ ਪੰਜਾਬ ‘ਚ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋ ਸਕਦਾ | ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣਾ ਅਤੇ ਜਨਹਿਤ ਦੇ ਹੋਰ ਕਈ ਮੁੱਦੇ ਵੀ ਕਿਸਾਨਾਂ ਨੇ ਆਪਣੇ ਇਸ ਸੰਘਰਸ਼ ‘ਚ ਸ਼ਾਮਲ ਕੀਤੇ ਹਨ, ਜਿਨ੍ਹਾਂ ‘ਚ ਬੰਦੀ ਸਿੰਘਾਂ ਦੀ ਰਿਹਾਈ, ਐੱਮ ਐੱਸ ਪੀ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣੀ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਆਦਿ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਸੰਘਰਸ਼ ਅਤੇ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ |