ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੇ 80 ਦਿਨ ਬਾਅਦ ਦਿੱਲੀ ਨੂੰ ਸ਼ੈਲੀ ਓਬਰਾਇ ਦੇ ਰੂਪ ਵਿਚ ਨਵਾਂ ਮੇਅਰ ਮਿਲ ਗਿਆ | ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਦੀ ਓਬਰਾਇ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਨਾਲ ਹਰਾ ਦਿੱਤਾ | ਓਬਰਾਇ ਨੂੰ 150 ਤੇ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ | ਡਿਪਟੀ ਮੇਅਰ ਵੀ ‘ਆਪ’ ਦੇ ਆਲੇ ਮੁਹੰਮਦ ਇਕਬਾਲ ਚੁਣੇ ਗਏ, ਜਿਨ੍ਹਾ ਭਾਜਪਾ ਦੇ ਕਮਲ ਬਾਗੜੀ ਨੂੰ ਹਰਾਇਆ | ਇਕਬਾਲ ਨੂੰ 147 ਤੇ ਬਾਗੜੀ ਨੂੰ 116 ਵੋਟਾਂ ਮਿਲੀਆਂ |
2012 ਵਿਚ ਸ਼ੀਲਾ ਦੀਕਸ਼ਤ ਦੀ ਸਰਕਾਰ ਵੇਲੇ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ ਤੇ ਤਿੰਨ ਮੇਅਰ ਹੁੰਦੇ ਸਨ | ਕੇਂਦਰੀ ਭਾਜਪਾ ਸਰਕਾਰ ਨੇ ਤਿੰਨਾਂ ਨੂੰ ਇਕੱਠਿਆਂ ਕਰਕੇ ਇਕ ਨਿਗਮ ਬਣਾ ਦਿੱਤੀ ਤੇ ਸੀਟਾਂ 250 ਕਰ ਦਿੱਤੀਆਂ | ਪਿਛਲੇ ਸਾਲ ਚਾਰ ਦਸੰਬਰ ਨੂੰ ਹੋਈਆਂ ਚੋਣਾਂ ਦਾ ਨਤੀਜਾ 8 ਦਸੰਬਰ ਨੂੰ ਆਇਆ ਸੀ ਤੇ 15 ਸਾਲ ਤੋਂ ਰਾਜ ਕਰ ਰਹੀ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ | ਉਸ ਨੇ 104 ਵਾਰਡ ਜਿੱਤੇ ਸਨ, ਜਦਕਿ ਆਮ ਆਦਮੀ ਪਾਰਟੀ 134 ਵਾਰਡ ਜਿੱਤੀ ਸੀ | ਕਾਂਗਰਸ ਸਿਰਫ 9 ਵਾਰਡ ਜਿੱਤ ਸਕੀ ਸੀ | 250 ਸੀਟਾਂ ਵਾਲੇ ਸਦਨ ਵਿਚ ਮੇਅਰ ਬਣਨ ਲਈ ਘੱਟੋ-ਘੱਟ 138 ਵੋਟਾਂ ਚਾਹੀਦੀਆਂ ਸਨ, ਕਿਉਂਕਿ 10 ਸਾਂਸਦਾਂ ਤੇ 14 ਵਿਧਾਇਕਾਂ ਨੂੰ ਵੀ ਵੋਟ ਪਾਉਣ ਦਾ ਹੱਕ ਹੁੰਦਾ ਹੈ | ਇਸ ਤਰ੍ਹਾਂ ਚੋਣਕਾਰਾਂ ਦੀ ਗਿਣਤੀ 274 ਹੋ ਜਾਂਦੀ ਹੈ | ਭਾਜਪਾ ਸਾਂਸਦ ਹੰਸ ਰਾਜ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਸੀ ਕਿ ਭਾਜਪਾ ਜਿੱਤ ਰਹੀ ਹੈ | ਕਾਂਗਰਸੀ ਮੈਂਬਰਾਂ ਨੇ ਵੋਟ ਨਹੀਂ ਪਾਈ ਤੇ ਉਹ ਵੋਟਿੰਗ ਤੋਂ ਪਹਿਲਾਂ ਸਦਨ ‘ਚੋਂ ਨਿਕਲ ਗਏ | ਇਸ ਤੋਂ ਪਹਿਲਾਂ ਮੇਅਰ ਚੁਣਨ ਲਈ ਹੋਈਆਂ ਤਿੰਨ ਮੀਟਿੰਗਾਂ ‘ਚ ਹੰਗਾਮੇ ਕਾਰਨ ਚੋਣ ਨਹੀਂ ਹੋ ਸਕੀ ਸੀ | ਹੰਗਾਮੇ ਦਾ ਕਾਰਨ ਉਪ ਰਾਜਪਾਲ ਵੀ ਕੇ ਸਕਸੈਨਾ ਵੱਲੋਂ ਨਾਮਜ਼ਦ 10 ਮੈਂਬਰਾਂ ਨੂੰ ਵੋਟ ਦਾ ਅਧਿਕਾਰ ਦੇਣਾ ਸੀ | ਸਕਸੈਨਾ ਨੇ ਭਾਜਪਾ ਦੇ ਬੰਦੇ ਹੀ ਨਾਮਜ਼ਦ ਕੀਤੇ ਸਨ | ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਇ ਨੇ ਜਦੋਂ ਇਸ ਦੇ ਖਿਲਾਫ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ ਤਾਂ ਉਸ ਨੇ 17 ਫਰਵਰੀ ਨੂੰ ਨਾਮਜ਼ਦ ਮੈਂਬਰਾਂ ਨੂੰ ਵੋਟ ਦੇ ਯੋਗ ਨਹੀਂ ਮੰਨਿਆ ਤੇ ਚੋਣ ਕਰਾਉਣ ਲਈ 24 ਘੰਟਿਆਂ ਵਿਚ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ |
ਨਵੀਂ ਮੇਅਰ ਨੂੰ ਵਧਾਈ ਦਿੰਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਲੋਕਾਂ ਦੀ ਜਿੱਤ ਹੋਈ ਹੈ ਤੇ ਗੁੰਡਾਗਰਦੀ ਕਰਨ ਵਾਲਿਆਂ ਦੀ ਹਾਰ |