ਕੇਂਦਰੀ ਖੇਤੀ ਮੰਤਰਾਲੇ ਦੀ 2021-22 ਦੀ ਸਾਲਾਨਾ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਬਿਹਾਰ, ਪੱਛਮੀ ਬੰਗਾਲ, ਓਡੀਸ਼ਾ, ਛਤੀਸਗੜ੍ਹ ਤੇ ਉਤਰਾਖੰਡ ਦੇ ਕਿਸਾਨਾਂ ਦੀ ਤੁਲਨਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜਰਾਤ ਦੇ ਕਿਸਾਨਾਂ ਦੀ ਹਾਲਤ ਕਾਫੀ ਖਰਾਬ ਹੈ | ਗੁਜਰਾਤ ਦੇ ਹਰ ਕਿਸਾਨ ਪਰਵਾਰ ‘ਤੇ ਔਸਤ 56,568 ਰੁਪਏ ਦਾ ਕਰਜ਼ਾ ਹੈ, ਜਦਕਿ ਬਿਹਾਰ ਦੇ ਕਿਸਾਨ ਪਰਵਾਰ ‘ਤੇ 23,534 ਰੁਪਏ, ਪੱਛਮੀ ਬੰਗਾਲ ਦੇ ਕਿਸਾਨ ਪਰਵਾਰ ‘ਤੇ 26,452 ਰੁਪਏ, ਓਡੀਸ਼ਾ ਦੇ ਕਿਸਾਨ ਪਰਵਾਰ ‘ਤੇ 32,721 ਰੁਪਏ, ਛਤੀਸਗੜ੍ਹ ਦੇ ਕਿਸਾਨ ਪਰਵਾਰ ‘ਤੇ 21,443 ਰੁਪਏ ਅਤੇ ਉਤਰਾਖੰਡ ਦੇ ਕਿਸਾਨ ਪਰਵਾਰ ‘ਤੇ 48,338 ਰੁਪਏ ਦਾ ਕਰਜ਼ਾ ਹੈ | ਇਸੇ ਤਰ੍ਹਾਂ ਗੁਜਰਾਤ ਦੇ ਕਿਸਾਨ ਪਰਵਾਰ ਦੀ ਮਾਸਕ ਆਮਦਨ 12,631 ਰੁਪਏ ਹੈ, ਜੋ ਕਿ ਬਿਹਾਰ, ਪੱਛਮੀ ਬੰਗਾਲ, ਓਡੀਸ਼ਾ, ਛਤੀਸਗੜ੍ਹ ਤੇ ਉੱਤਰਾਖੰਡ ਦੇ ਕਿਸਾਨਾਂ ਦੀ ਤੁਲਨਾ ਵਿਚ ਬਹੁਤ ਘੱਟ ਹੈ | ਗੁਜਰਾਤ ਦਾ ਕਿਸਾਨ ਪਰਵਾਰ ਫਸਲਾਂ ਤੋਂ ਔਸਤਨ 4318 ਰੁਪਏ, ਪਸ਼ੂ ਪਾਲਣ ਤੋਂ 3477 ਰੁਪਏ, ਮਜ਼ਦੂਰੀ ਤੋਂ 4415 ਰੁਪਏ, ਹਾਲੇ ਤੋਂ 53 ਰੁਪਏ ਤੇ ਹੋਰ 369 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ | ਗੁਜਰਾਤ ਵਿਚ 66,02,700 ਪਰਵਾਰ ਹਨ, ਜਿਨ੍ਹਾਂ ਵਿੱਚੋਂ 40,36,900 ਖੇਤੀ ਕਰਦੇ ਹਨ, ਯਾਨਿ ਕਿ ਸੂਬੇ ਦੇ 61.10 ਫੀਸਦੀ ਪਰਵਾਰ ਖੇਤੀ ਕਰਦੇ ਹਨ | ਸੂਬੇ ਵਿਚ ਪ੍ਰਤੀ ਕਿਸਾਨ ਪਰਵਾਰ ਕੋਲ ਔਸਤਨ 0.616 ਹੈਕਟੇਅਰ ਜ਼ਮੀਨ ਹੈ | ਪ੍ਰਤੀ ਪਰਵਾਰ ਜ਼ਮੀਨ ਦੇ ਮਾਮਲੇ ਵਿਚ ਗੁਜਰਾਤ ਦੇਸ਼ ਵਿਚ ਦਸਵੇਂ ਸਥਾਨ ‘ਤੇ ਹੈ |
ਖੇਤੀ ਵਿਗਿਆਨੀ ਤੇ ਗੁਜਰਾਤ ਵਿਦਿਆਪੀਠ ਦੇ ਸਾਬਕਾ ਵਾਈਸ ਚਾਂਸਲਰ ਰਜਿੰਦਰ ਖਿਮਾਨੀ ਦਾ ਕਹਿਣਾ ਹੈ ਕਿ ਖੇਤੀ ਉਤਪਾਦਾਂ ਦੀਆਂ ਕੀਮਤਾਂ ਲਾਗਤਾਂ ਦੇ ਹਿਸਾਬ ਨਾਲ ਨਹੀਂ ਵਧਦੀਆਂ | ਖੇਤੀ ਲਾਗਤਾਂ ਵਿਚ 60 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਪਿਛਲੇ ਤਿੰਨ ਸਾਲਾਂ ਵਿਚ ਫਸਲਾਂ ਦੀਆਂ ਕੀਮਤਾਂ ‘ਚ 30 ਫੀਸਦੀ ਤੋਂ ਵੱਧ ਦਾ ਵਾਧਾ ਨਹੀਂ ਹੋਇਆ | ਲਾਗਤਾਂ ਤੇ ਉਤਪਾਦਾਂ ਦੀਆਂ ਕੀਮਤਾਂ ਵਿਚਾਲੇ ਵੱਡਾ ਫਰਕ ਕਿਸਾਨਾਂ ‘ਤੇ ਕਰਜ਼ੇ ਦੀ ਪੰਡ ਨੂੰ ਭਾਰੀ ਕਰਦਾ ਜਾ ਰਿਹਾ ਹੈ |
ਸੰਸਦ ਵਿਚ ਪੇਸ਼ ਅੰਕੜਿਆਂ ਮੁਤਾਬਕ ਗੁਜਰਾਤ ਦੇ ਕਿਸਾਨਾਂ ਸਿਰ 2019-20 ਵਿਚ 73, 228.67 ਕਰੋੜ ਦਾ ਕਰਜ਼ਾ ਸੀ, ਜਿਹੜਾ 2021-22 ਵਿਚ ਵਧ ਕੇ 96,963.07 ਕਰੋੜ ਰੁਪਏ ਹੋ ਗਿਆ | ਦੋ ਸਾਲਾਂ ਵਿਚ ਕਰਜ਼ਾ 45 ਫੀਸਦੀ ਵਧਿਆ ਹੈ | ਪ੍ਰਤੀ ਖਾਤਾ ਕਰਜ਼ਾ ਇਕ ਲੱਖ 71 ਹਜ਼ਾਰ ਰੁਪਏ ਤੋਂ ਵਧ ਕੇ 2 ਲੱਖ 48 ਹਜ਼ਾਰ ਰੁਪਏ ਹੋ ਗਿਆ ਹੈ | ਅਰਥ ਸ਼ਾਸਤਰੀ ਹੇਮੰਤ ਸ਼ਾਹ ਦਾ ਕਹਿਣਾ ਹੈ ਕਿ ਅੰਕੜੇ ਦੱਸਦੇ ਹਨ ਕਿ ਕਈ ਕਿਸਾਨ ਕਾਫੀ ਕਰਜ਼ ਵਿਚ ਡੁੱਬੇ ਹੋਏ ਹਨ ਅਤੇ ਜਿਹੜੇ ਹਾਸ਼ੀਏ ‘ਤੇ ਹਨ, ਉਨ੍ਹਾਂ ਦੀ ਆਮਦਨ ਨਹੀਂ ਵਧ ਸਕਦੀ | ਸਰਕਾਰ ਨੇ ਦਾਅਵਾ ਕੀਤਾ ਸੀ 2022 ਤੋਂ ਪਹਿਲਾਂ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ, ਪਰ ਕਰਜ਼ਾ ਦੁੱਗਣਾ ਹੋ ਗਿਆ ਹੈ | ਵਧਦੇ ਕਰਜ਼ੇ ਕਾਰਨ ਗੁਜਰਾਤ ਵਿਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਵੀ ਵਧੀਆਂ ਹਨ | ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ ਕੋਰੋਨਾ ਮਹਾਂਮਾਰੀ ਦੌਰਾਨ 2020 ਵਿਚ ਗੁਜਰਾਤ ‘ਚ 126 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ |