ਅੰਮਿ੍ਤਸਰ (ਜਸਬੀਰ ਸਿੰਘ ਪੱਟੀ)
ਪੰਜਾਬ ਵਿੱਚ ਖਾਲਿਸਤਾਨ ਪੱਖੀ ਸੰਗਠਨ ‘ਵਾਰਿਸ ਪੰਜਾਬ ਦੇ’ ਦੇ ਸਮਰਥਕ ਅੰਮਿ੍ਤਪਾਲ ਸਿੰਘ ਦੇ ਕਰੀਬੀ ਤੂਫਾਨ ਦੀ ਗਿ੍ਫਤਾਰੀ ਦੇ ਵਿਰੋਧ ਵਿੱਚ ਸੜਕਾਂ ‘ਤੇ ਉਤਰ ਆਏ ਅਤੇ ਮੰਗ ਕੀਤੀ ਕਿ ਉਹਨਾਂ ਦੇ ਸਾਥੀ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ | ਪਹਿਲ਼ਾਂ ਹੀ ਕੀਤੇ ਐਲਾਨ ਮੁਤਾਬਕ ਅੰਮਿ੍ਤਸਰ ਦੇ ਕਸਬਾ ਅਜਨਾਲਾ ਵਿੱਚ ਅੰਮਿ੍ਤਪਾਲ ਸਿੰਘ ਦੇ ਸਾਥੀ ਬੰਦੂਕਾਂ, ਤਲਵਾਰਾਂ ਅਤੇ ਲਾਠੀਆਂ ਨਾਲ ਲੈਸ ਹੋ ਕੇ ਲਲਕਾਰੇ ਮਾਰਦੇ ਹੋਏ ਥਾਣੇ ਵਿੱਚ ਬੈਰੀਅਰ ਤੋੜ ਕੇ ਦਾਖਲ ਹੋਏ | ਤਲਵਾਰਾਂ ਅਤੇ ਲਾਠੀਆਂ ਨਾਲ ਕੁਝ ਪੁਲਸ ਵਾਲੇ ਵੀ ਜ਼ਖਮੀ ਹੋਏ, ਪਰ ਪੁਲਸ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਸਖਤੀ ਨਹੀਂ ਕੀਤੀ | ਅੰਮਿ੍ਤਪਾਲ ਨੇ ਸਵੇਰੇ 11 ਵਜੇ ਆਪਣੇ ਸਮਰਥਕਾਂ ਨੂੰ ਅਜਨਾਲਾ ਪਹੁੰਚਣ ਲਈ ਕਿਹਾ ਸੀ |
ਹੰਗਾਮੇ ਦੀ ਸੂਚਨਾ ਮਿਲਦੇ ਹੀ ਅੰਮਿ੍ਤਪਾਲ ਵੀ ਥਾਣਾ ਅਜਨਾਲਾ ਪਹੁੰਚ ਗਿਆ ਤੇ ਐੱਸ ਐੱਸ ਪੀ ਸਤਿੰਦਰ ਸਿੰਘ ਨਾਲ ਮੀਟਿੰਗ ਕੀਤੀ, ਜਿਸ ਤੋਂ ਬਾਅਦ ਪੁਲਸ ਤੂਫਾਨ ਨੂੰ ਰਿਹਾਅ ਕਰਨਾ ਮੰਨ ਗਈ | 15 ਫਰਵਰੀ ਦੀ ਰਾਤ ਨੂੰ ਅਜਨਾਲਾ ਪਹੁੰਚੇ ਚਮਕੌਰ ਸਾਹਿਬ ਦੇ ਬਰਿੰਦਰ ਸਿੰਘ ਨੂੰ ਅੰਮਿ੍ਤਪਾਲ ਬਾਰੇ ਟਿੱਪਣੀ ਕਰਨ ‘ਤੇ ਕੁਝ ਵਿਅਕਤੀਆਂ ਨੇ ਅਗਵਾ ਕਰਕੇ ਕੁੱਟਿਆ ਸੀ, ਜਿਸ ਦੀ ਸ਼ਿਕਾਇਤ ‘ਤੇ ਅੰਮਿ੍ਤਪਾਲ ਅਤੇ ਉਸ ਦੇ ਸਮਰਥਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ |