ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਵਿਜੀਲੈਂਸ ਨੇ ‘ਆਪ’ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਵੀਰਵਾਰ ਤੜਕੇ ਕਰਨਾਲ ਨੇੜਿਓਾ ਗਿ੍ਫਤਾਰ ਕਰ ਲਿਆ | ਬਠਿੰਡਾ ਦੀ ਅਦਾਲਤ ਨੇ ਉਸ ਦਾ 27 ਫਰਵਰੀ ਤੱਕ ਲਈ ਪੁਲਸ ਰਿਮਾਂਡ ਦਿੱਤਾ ਹੈ | ਉਸ ਦੇ ਪੀ ਏ ਨੂੰ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਚਾਰ ਲੱਖ ਰੁਪਏ ਸਣੇ ਗਿ੍ਫਤਾਰ ਕੀਤਾ ਸੀ | ਬਠਿੰਡਾ ਦੇ ਪਿੰਡ ਘੁੱਦਾ ਦੀ ਸਰਪੰਚ ਦੇ ਪਤੀ ਵੱਲੋਂ ਪੇਸ਼ ਕੀਤੀ ਗਈ ਆਡੀਓ ਰਿਕਾਰਡਿੰਗ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਇਹ ਸਾਬਤ ਹੋਇਆ ਕਿ ਰਿਕਾਰਡਿੰਗ ‘ਚ ਆਵਾਜ਼ ਵਿਧਾਇਕ ਦੀ ਹੀ ਹੈ | ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਬੁੱਧਵਾਰ ਰਾਤ ਸਪੱਸ਼ਟ ਕੀਤਾ ਕਿ ਵਿਧਾਇਕ ਨੂੰ ਗਿ੍ਫਤਾਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਪਾਰਟੀ ਦਾ ਨਾਂਅ ਬਦਨਾਮ ਕਰ ਰਿਹਾ ਸੀ | ਆਡੀਓ ਰਿਕਾਰਡਿੰਗ ਤੋਂ ਸ਼ੱਕ ਦੂਰ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਇਕ ਨੂੰ ਗਿ੍ਫਤਾਰ ਕਰਨ ਲਈ ਵਿਜੀਲੈਂਸ ਬਿਊਰੋ ਨੂੰ ਹਰੀ ਝੰਡੀ ਦੇ ਦਿੱਤੀ |
ਇਸੇ ਦੌਰਾਨ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਭਿ੍ਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲਿਆਂ ਵਿਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ, ਭਾਵੇਂ ਉਹ ਕੋਈ ਵੀ ਹੋਵੇ |
ਵਿਜੀਲੈਂਸ ਨੇ ਪਹਿਲਾਂ ਰਤਨ ਦੇ ਸਾਥੀ ਨੂੰ ਫੜਿਆ ਸੀ ਤੇ ਉਸ ‘ਤੇ ਰਤਨ ਨੂੰ ਬਚਾਉਣ ਦਾ ਦੋਸ਼ ਲੱਗ ਰਿਹਾ ਸੀ | ਕਾਂਗਰਸ ਆਗੂ ਹਰਵਿੰਦਰ ਲਾਡੀ ਨੇ ਵੀਰਵਾਰ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਸੀ | ਸਰਕਾਰ ਨੂੰ ਇਹ ਵੀ ਚਿੰਤਾ ਸੀ ਕਿ ਆਪੋਜ਼ੀਸ਼ਨ ਵਾਲੇ ਅਸੰਬਲੀ ਦੇ ਬਜਟ ਅਜਲਾਸ ਦੌਰਾਨ ਉਸ ਨੂੰ ਘੇਰਨਗੇ |
ਇਸ ਤੋਂ ਪਹਿਲਾਂ ਨੌਕਰੀਆਂ ਦਿਵਾਉਣ ਦੇ ਨਾਂਅ ‘ਤੇ ਪੈਸੇ ਲੈਣ ਦੇ ਦੋਸ਼ ਵਿਚ ਰਤਨ ਨੂੰ ਅਕਾਲੀ ਦਲ ਨੇ ਕੱਢ ਦਿੱਤਾ ਸੀ | ਉਸ ਦੀ ਗਿ੍ਫਤਾਰੀ ਤੋਂ ਬਾਅਦ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸਰਕਾਰ ਨੇ ਰਤਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਿਆਸੀ ਪਾਰਟੀਆਂ ਦੇ ਦਬਾਅ ਹੇਠ ਗਿ੍ਫਤਾਰ ਕਰਨ ਲਈ ਉਸ ਨੂੰ ਮਜਬੂਰ ਹੋਣਾ ਪਿਆ | ਉਨ੍ਹਾਂ ਮੰਗ ਕੀਤੀ ਕਿ ਵਿਧਾਇਕ ਖਿਲਾਫ ਆਜ਼ਾਦਾਨਾ ਜਾਂਚ ਕਰਵਾਈ ਜਾਵੇ |