ਮੁਹਾਲੀ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਤਿੰਨ ਕਰੋੜ ਪੰਜਾਬੀਆਂ ਦੇ ਪਰਵਾਰ ਵਿੱਚ ਸ਼ਾਮਲ ਹੋਣ ਲਈ ਕਾਰੋਬਾਰੀਆਂ ਦਾ ਸਵਾਗਤ ਹੋਏ ਉਨ੍ਹਾਂ ਨੂੰ ਸੂਬੇ ਦੇ ਸਮਾਜਕ-ਆਰਥਕ ਵਿਕਾਸ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ |
ਮੁੱਖ ਮੰਤਰੀ ਨੇ ਪੰਜਵੇਂ ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਉਦਘਾਟਨੀ ਸੈਸ਼ਨ ਦੌਰਾਨ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚ ਨਿਵੇਸ਼ ਲਈ ਸਭ ਤੋਂ ਅਨੁਕੂਲ ਸਥਾਨ ਹੈ ਅਤੇ ਕਾਰੋਬਾਰੀਆਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਭਗਵੰਤ ਮਾਨ ਨੇ ਪੰਜਾਬ ਨੂੰ ਦੇਸ਼ ਦਾ ਉਦਯੋਗਿਕ ਹੱਬ ਬਣਾਉਣ ਲਈ ਸੂਬਾ ਸਰਕਾਰ ਅਤੇ ਉਦਯੋਗਪਤੀਆਂ ਦਰਮਿਆਨ ਮਜ਼ਬੂਤ ਸਾਂਝ ਦੀ ਉਮੀਦ ਜ਼ਾਹਰ ਕੀਤੀ |
ਮੁੱਖ ਮੰਤਰੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦੀ ਸਹੂਲਤ ਦੇਣ ਲਈ ਸਰਕਾਰ ਛੇਤੀ ਹੀ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (ਸੀ ਐੱਲ ਯੂ) ਅਤੇ ਐੱਨ ਓ ਸੀ ਨੂੰ ਖਤਮ ਕਰ ਦੇਵੇਗੀ, ਜੋ ਉਦਯੋਗਾਂ ਲਈ ਪ੍ਰੇਸ਼ਾਨੀ ਦਾ ਸਬੱਬ ਹਨ |
ਉਹਨਾ ਉਮੀਦ ਜ਼ਾਹਰ ਕੀਤੀ ਕਿ ਨਵੀਂ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ-2022 ਲੋੜੀਂਦੇ ਆਰਥਕ ਵਿਕਾਸ ਨੂੰ ਗਤੀ ਦੇਵੇਗੀ | ਨੀਤੀ ਦਾ ਉਦੇਸ਼ ਆਉਣ ਵਾਲੇ ਪੰਜ ਸਾਲਾਂ ਵਿੱਚ ਵੱਡੇ ਨਿਵੇਸ਼ ਨੂੰ ਉਤਸ਼ਾਹਤ ਕਰਨਾ ਅਤੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨਾ ਹੈ |
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਦੀ ਉਡੀਕ ਕਰਨ ਦੀ ਬਜਾਏ ਉਨ੍ਹਾ ਸੂਬੇ ਵਿੱਚ ਨਿਵੇਸ਼ ਕਰਨ ਲਈ ਉੱਦਮੀਆਂ ਤੱਕ ਪਹੁੰਚ ਕਰਨ ਲਈ ਘਰ-ਘਰ ਜਾਣ ਦੀ ਨੀਤੀ ਅਪਣਾਈ ਹੈ | ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਵਿੱਚ ਮਾਰਚ 2022 ਤੋਂ ਹੁਣ ਤੱਕ 40,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਸੂਬੇ ਵਿੱਚ ਲੱਗਭੱਗ 2.50 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ, ਜਿਨ੍ਹਾਂ ਵਿੱਚ ਟਾਟਾ ਸਟੀਲ, ਨੈਸਲੇ, ਫਰੂਡੇਨਬਰਗ, ਕਾਰਗਿਲ, ਹਿੰਦੁਸਤਾਨ ਯੂਨੀਲੀਵਰ, ਸਨਾਥਨ ਟੈਕਸਟਾਈਲ ਵਰਗੀਆਂ ਵੱਡੀਆਂ ਕੰਪਨੀਆਂ ਸੂਬੇ ਵਿੱਚ ਆਈਆਂ ਹਨ |
ਸੂਬਾ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਪ੍ਰਤੀ ਹੁੰਗਾਰਾ ਭਰਦਿਆਂ ਦੇਸ਼ ਭਰ ਦੇ ਉੱਘੇ ਉਦਯੋਗਪਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਅਹਿਮ ਪਹਿਲਕਦਮੀਆਂ ਦੀ ਸਲਾਘਾ ਕੀਤੀ | ਆਪਣੇ ਸੰਬੋਧਨ ਵਿੱਚ ਮੇਦਾਂਤਾ ਗਰੁੱਪ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਨ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਵਿਕਾਸਸ਼ੀਲ ਹੈ, ਇਸ ਲਈ ਸੂਬੇ ਵਿੱਚ ਅਥਾਹ ਸੰਭਾਵਨਾਵਾਂ ਹਨ | ਉਨ੍ਹਾ ਕਿਹਾ ਕਿ ਉਨ੍ਹਾ ਦੀਆਂ ਜੜ੍ਹਾਂ ਪੰਜਾਬ ਵਿੱਚ ਡੂੰਘੀਆਂ ਹਨ ਅਤੇ ਸੂਬਾ ਸਰਕਾਰ ਦੇ ਸਰਗਰਮ ਸਹਿਯੋਗ ਨਾਲ ਉਹ ਸੂਬੇ ਦੇ ਸਿਹਤ ਖੇਤਰ ਵਿੱਚ ਨਿਵੇਸ਼ ਕਰਨ ਦੇ ਮੌਕੇ ਤਲਾਸ਼ ਰਹੇ ਹਨ |
ਆਈ ਟੀ ਸੀ ਗਰੁੱਪ ਦੇ ਚੇਅਰਮੈਨ ਸੰਜੀਵ ਪੁਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਅਤੇ ਮੁੱਖ ਮੰਤਰੀ ਦੇ ਸੂਬੇ ਦੀ ਕਾਇਆ-ਕਲਪ ਕਰਨ ਦੇ ਵਿਜ਼ਨ ਸਦਕਾ ਪੰਜਾਬ ਨਿਵੇਸ਼ ਲਈ ਤਰਜੀਹੀ ਸਥਾਨ ਬਣ ਗਿਆ ਹੈ |
ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਦੀ ਕਾਰਜਕਾਰੀ ਚੇਅਰਪਰਸਨ ਨਿਸਾਬਾ ਗੋਦਰੇਜ ਨੇ ਸੂਬੇ ਦੀ ਕਾਇਆ-ਕਲਪ ਕਰਨ ਲਈ ਮੁੱਖ ਮੰਤਰੀ ਦੀ ਪੇਸ਼ੇਵਰ ਅਤੇ ਉਦਯੋਗਿਕ ਪੱਖੀ ਪਹੁੰਚ ਦੀ ਵੀ ਸ਼ਲਾਘਾ ਕੀਤੀ |
ਭਾਰਤੀ ਗਰੁੱਪ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਸੂਬੇ ਨੂੰ ਮੁੱਖ ਮੰਤਰੀ ਅਤੇ ਉਨ੍ਹਾ ਦੀ ਸਰਕਾਰ ਤੋਂ ਬਹੁਤ ਆਸਾਂ ਹਨ |
ਮੁਰੂਗੱਪਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਮੁਰੂਗੱਪਨ ਨੇ ਵਿਆਪਕ ਇਲੈਕਟਿ੍ਕ ਵਾਹਨ ਨੀਤੀ ਦੀ ਸ਼ੁਰੂਆਤ ਕਰਨ ਲਈ ਸੂਬਾ ਸਰਕਾਰ ਦੀ ਸ਼ਲਾਘਾ ਵੀ ਕੀਤੀ | ਕਾਰਗਿਲ ਇੰਡੀਆ ਦੇ ਮੁਖੀ ਸਾਈਮਨ ਜਾਰਜ ਨੇ ਕਿਹਾ ਕਿ ਉਨ੍ਹਾ ਵੱਲੋਂ ਆਉਣ ਵਾਲੇ ਦੋ ਸਾਲਾਂ ਵਿੱਚ ਆਪਣਾ ਨਿਵੇਸ਼ ਦੁੱਗਣਾ ਕਰ ਦਿੱਤਾ ਜਾਵੇਗਾ |
ਆਰ ਜੇ ਕਾਰਪੋਰੇਸ਼ਨ ਦੇ ਚੇਅਰਮੈਨ ਰਵੀਕਾਂਤ ਜੈਪੁਰੀਆ ਨੇ ਉਦਯੋਗਪਤੀਆਂ ਨੂੰ ਸੂਬੇ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਲਈ ਕਿਹਾ |
ਮਹਿੰਦਰਾ ਐਂਡ ਮਹਿੰਦਰਾ ਦੇ ਕਾਰਜਕਾਰੀ ਡਾਇਰੈਕਟਰ ਰਾਜੇਸ਼ ਜੇਜੂਰੀਕਰ ਨੇ ਕਿਹਾ ਕਿ ਪੰਜਾਬ ਮਿਹਨਤੀ ਅਤੇ ਸਮਰਪਿਤ ਲੋਕਾਂ ਦੀ ਧਰਤੀ ਹੈ, ਇਸ ਦੇ ਨਾਲ ਹੀ ਇੱਥੇ ਸਨਅਤਕਾਰਾਂ ਦੇ ਵਿਕਾਸ ਲਈ ਉਸਾਰੂ ਮਾਹੌਲ ਵੀ ਮੌਜੂਦ ਹੈ |
ਐੱਚ ਐੱਮ ਈ ਅੱੈਲ ਦੇ ਬੋਰਡ ਆਫ਼ ਡਾਇਰੈਕਟਰ ਪ੍ਰਭ ਦਾਸ ਨੇ ਕਿਹਾ ਕਿ ਇਹ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ |
ਚੇਅਰਮੈਨ ਸੀ ਆਈ ਆਈ ਅੰਸ਼ੂਮਨ ਮੈਗਜ਼ੀਨ ਨੇ ਕਿਹਾ ਕਿ ਇਹ ਸੰਮੇਲਨ ਸਫ਼ਲ ਰਿਹਾ, ਕਿਉਂਕਿ ਇਸ ਦੌਰਾਨ ਹੋਈ ਵਿਚਾਰ-ਚਰਚਾ ਬਹੁਤ ਲਾਭਕਾਰੀ ਰਹੀ |
ਮੁੱਖ ਮੰਤਰੀ ਨੇ ਇੰਡੀਅਨ ਸਕੂਲ ਆਫ ਬਿਜ਼ਨਸ ਵਿਖੇ ਹਾਈਟੈਕ ਐਗਜ਼ੀਬੀਸ਼ਨ ਦਾ ਉਦਘਾਟਨ ਕਰਦਿਆਂ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ ਕੀਤੀ | ਪ੍ਰਦਰਸ਼ਨੀ ‘ਚ ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ | ਮੁੱਖ ਮੰਤਰੀ ਨੇ ਹਰੇਕ ਸਟਾਲ ‘ਤੇ ਜਾ ਕੇ ਉਤਪਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ | ਮੁੱਖ ਮੰਤਰੀ ਨੇ ਉੱਦਮੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਜਲਦੀ ਹੀ ਸੂਬੇ ‘ਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ | ਉਨ੍ਹਾ ਸਾਰੇ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਹਰ ਉੱਦਮ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ | ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਉਭਰੇਗਾ |
ਇਸ ਦੌਰਾਨ ਮੁੱਖ ਮੰਤਰੀ ਨੇ ਐੱਚ ਐੱਮ ਈ ਐੱਲ ਬਠਿੰਡਾ, ਆਈ ਟੀ ਸੀ, ਪਲਕਸਾ ਯੂਨੀਵਰਸਿਟੀ, ਈ ਐੱਸ ਆਰ ਲੋਜਿਸਟਿਕਸ ਪ੍ਰਾਈਵੇਟ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ, ਟਾਇਨੋਰ ਆਰਥੋਟਿਕਸ ਪ੍ਰਾਈਵੇਟ ਲਿਮਟਿਡ, ਸਾਵੀ ਐਕਸਪੋਰਟਸ, ਸਨਾਥਨ ਪੋਲੀਓਟ ਪ੍ਰਾਈਵੇਟ ਲਿਮਟਿਡ, ਟ੍ਰਾਈਡੈਂਟ ਗਰੁੱਪ, ਯੂਕੇ ਹਾਈ ਕਮਿਸ਼ਨਰ ਆਫਿਸ, ਹਾਰਟੇਕ ਪਾਵਰ, ਮਾਸਟਰਜ਼ ਕਿ੍ਏਸ਼ਨ, ਗਿਲਾਰਡ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ, ਏਵਨ ਸਾਈਕਲਜ਼ ਲਿਮਟਿਡ, ਮੈਸਰਜ਼ ਰਾਜਾ ਫੈਟ ਐਂਡ ਫੀਡਸ ਪ੍ਰਾਈਵੇਟ ਲਿਮਟਿਡ, ਆਈ ਆਈ ਟੀ ਰੋਪੜ, ਟੈਕਨਾਲੋਜੀ ਬਿਜ਼ਨਸ ਇਨਕਿਊਬੇਸ਼ਨ ਫਾਊਾਡੇਸ਼ਨ, ਨਾਨੋਕਿ੍ਤੀ ਪ੍ਰਾਈਵੇਟ ਲਿਮਟਿਡ, ਐਡਿਥ ਹੈਲਥਕੇਅਰ, ਡਾਕਟਰਸ ਸਾਫਟਵੇਅਰ ਸਟਾਰਟਅੱਪ ਪੰਜਾਬ, ਮੈਸਰਜ਼ ਬਲੈਕ ਆਈ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਐਗਨੈਕਸਟ ਬੀ ਜੀ ਇਨੋਵਾਟੈਕ, ਹੋਲੋਕਿਤਾਬ ਟੈਕਨਾਲੋਜੀਜ਼, ਵਿਸ਼ਵਾਜ਼ ਏ ਆਈ ਪ੍ਰਾਈਵੇਟ ਲਿਮਟਿਡ, ਬਿ੍ਊ ਥੈਰਾਪਿਊਟਿਕਸ ਪ੍ਰਾਇਵੇਟ ਲਿਮਟਿਡ, ਕਿਲਡੇ ਪ੍ਰਾਇਵੇਟ ਲਿਮਟਿਡ, ਸਾਈਬਰ ਹਾਕਸ ਇੰਟੈਲੀਜੈਂਸ ਸਰਵਿਸਿਜ਼, ਐੱਲ ਐੱਲ ਪੀ ਲੋਕਲ ਵੈਂਚਰਜ਼ ਪ੍ਰਾਈਵੇਟ ਲਿਮਟਿਡ, ਨਿਰਵਿਘਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਕੇ ਸੀ ਐੱਸ ਏ ਡੀ ਲਾਈਟਸ (ਇੰਡੀਆ) ਪ੍ਰਾਈਵੇਟ ਲਿਮਟਿਡ, ਜੇਕੇ ਪੇਪਰਜ਼, ਨੈਸਲੇ ਇੰਡੀਆ ਲਿਮਟਿਡ ਅਤੇ ਪ੍ਰਦਰਸ਼ਨੀ ‘ਚ ਹਿੱਸਾ ਲੈਣ ਵਾਲੀਆਂ ਹੋਰ ਨਾਮਵਰ ਕੰਪਨੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕਈ ਕੈਬਨਿਟ ਮੰਤਰੀ, ਵਿਧਾਇਕ ਅਤੇ ਅਧਿਕਾਰੀ ਵੀ ਹਾਜ਼ਰ ਸਨ |