ਤਾਨਾਸ਼ਾਹ ਹਾਕਮ ਡਰਪੋਕ ਹੁੰਦੇ ਹਨ | ਆਪਣੇ ਕੁਕਰਮਾਂ ਕਾਰਨ ਉਨ੍ਹਾਂ ਉੱਤੇ ਹਮੇਸ਼ਾ ਇਹ ਡਰ ਹਾਵੀ ਰਹਿੰਦਾ ਹੈ ਕਿ ਜੇਕਰ ਉਹ ਸੱਤਾ ਉੱਤੇ ਨਾ ਰਹੇ ਤਾਂ ਉਨ੍ਹਾਂ ਨੂੰ ਆਪਣੇ ਕੀਤੇ ਕੁਕਰਮਾਂ ਦੀ ਸਜ਼ਾ ਭੁਗਤਣੀ ਪਵੇਗੀ | ਇਸ ਲਈ ਉਹ ਨਿੱਕੀ-ਨਿੱਕੀ ਅਲੋਚਨਾ ਤੋਂ ਵੀ ਡਰਦੇ ਰਹਿੰਦੇ ਹਨ ਤੇ ਹਰ ਵਿਰੋਧ ਦੀ ਅਵਾਜ਼ ਨੂੰ ਕੁਚਲਣਾ ਉਨ੍ਹਾਂ ਦਾ ਰੋਜ਼ਾਨਾ ਦਾ ਹਕੂਮਤੀ ਕਿੱਤਾ ਬਣ ਜਾਂਦਾ ਹੈ |
ਪਿਛਲੇ ਦਿਨੀਂ ਚਰਚਿਤ ਭੋਜਪੁਰੀ ਗਾਇਕਾ ਨੇਹਾ ਰਾਠੌਰ ਨੇ ਆਪਣਾ ਇੱਕ ਗੀਤ ‘ਯੂ ਪੀ ਮੇਂ ਕਾ ਬਾ’ ਰਿਲੀਜ਼ ਕੀਤਾ ਸੀ | ਇਸ ਗਾਣੇ ਵਿੱਚ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਦੀ ਬੁਲਡੋਜ਼ਰ ਮੁਹਿੰਮ ਉੱਤੇ ਤਿੱਖਾ ਵਿਅੰਗ ਕੀਤਾ ਗਿਆ ਸੀ | ਸਿਰਫ਼ 1 ਮਿੰਟ ਤੇ ਕੁਝ ਸੈਕਿੰਡ ਦੇ ਗੀਤ ਵਿੱਚ ਕਾਨਪੁਰ ਦੇ ਪ੍ਰਸ਼ਾਸਨ ਵੱਲੋਂ ਨਜਾਇਜ਼ ਕਬਜ਼ਾ ਖ਼ਤਮ ਕਰਾਉਣ ਦੀ ਕਾਰਵਾਈ ਸਮੇਂ ਇੱਕ ਮਾਂ-ਬੇਟੀ ਦੇ ਅੱਗ ਨਾਲ ਜਲ ਕੇ ਮਰ ਜਾਣ ਦੀ ਘਟਨਾ ਦਾ ਜ਼ਿਕਰ ਹੈ |
”ਬਾਬਾ ਕੇ ਦਰਬਾਰ ਬਾ, ਢਹਿਤ ਘਰ ਬਾਰ ਬਾ, ਮਾਈ ਬੇਟੀ ਕੋ ਆਗ ਮੇਂ ਝੋਂਕਤ ਯੂ ਪੀ ਸਰਕਾਰ ਬਾ, ਕਾ ਬਾ, ਯੂ ਪੀ ਮੇ ਕਾ ਬਾ | ਅਰੇ ਬਾਬਾ ਕੀ ਡੀ ਐਮ ਤੋ ਬੜੀ ਰੰਗਬਾਜ਼ ਬਾ, ਕਾਨਪੁਰ ਦੇਹਾਤ ਮੇਂ ਲੇ ਆਇਲ ਰਾਮਰਾਜ ਬਾ, ਬੁਲਡੋਜ਼ਰ ਸੇ ਰੋਂਦਤ ਦੀਕਸ਼ਤ ਕੇ ਘਰਵਾ ਆਜ ਬਾ, ਯਹੀ ਬੁਲਡੋਜ਼ਰਵਾ ਪੇ ਬਾਬਾ ਕੋ ਨਾਜ਼ ਬਾ, ਕਾ ਬਾ, ਯੂ ਪੀ ਮੇਂ ਕਾ ਬਾ |”
ਹੁਣ ਯੂ ਪੀ ਦੀ ਪੁਲਸ ਵੱਲੋਂ ਇਸ ਗਾਣੇ ਲਈ ਨੇਹਾ ਸਿੰਘ ਰਾਠੌਰ ਨੂੰ ਇੱਕ ਨੋਟਿਸ ਭੇਜ ਕੇ ਕਿਹਾ ਗਿਆ ਹੈ ਕਿ ਉਸ ਦਾ ਇਹ ਗੀਤ ਵੈਰਭਾਵ ਤੇ ਤਣਾਅ ਪੈਦਾ ਕਰ ਰਿਹਾ ਹੈ | ਨੋਟਿਸ ਵਿੱਚ ਨੇਹਾ ਤੋਂ ਕੁਝ ਬੇਹੂਦਾ ਜਿਹੇ ਸਵਾਲ ਪੁੱਛ ਕੇ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਤਿੰਨ ਦਿਨਾਂ ਵਿੱਚ ਦੇਵੇ | ਇਸ ਦੇ ਨਾਲ ਹੀ ਇਹ ਧਮਕੀ ਵੀ ਦਿੱਤੀ ਗਈ ਹੈ ਕਿ ਜੇਕਰ ਉਸ ਦੇ ਜਵਾਬ ਪੁਲਸ ਨੂੰ ਸੰਤੋਸ਼ਜਨਕ ਨਾ ਲੱਗੇ ਤਾਂ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕਾਰਵਾਈ ਕੀਤੀ ਜਾਵੇਗੀ | ਸਵਾਲ ਦੇਖੋ, ਕੀ ਵੀਡੀਓ ਵਿੱਚ ਤੁਸੀਂ ਹੋ? ਕੀ ਤੁਸੀਂ ਇਹ ਵੀਡੀਓ ਖੁਦ ਅਪਲੋਡ ਕੀਤਾ ਹੈ? ਕੀ ਨੇਹਾ ਸਿੰਘ ਰਾਠੌਰ ਚੈਨਲ ਉਨ੍ਹਾ ਦਾ ਹੈ? ਕੀ ਗੀਤ ਤੁਸੀਂ ਖੁਦ ਲਿਖਿਆ ਹੈ? ਆਖ਼ਰੀ ਸਵਾਲ ਕੀ ਉਨ੍ਹਾ ਨੂੰ ਇਸ ਗੀਤ ਦੇ ਸਮਾਜ ਉੱਤੇ ਪੈਣ ਵਾਲੇ ਪ੍ਰਭਾਵ ਦਾ ਪਤਾ ਹੈ ਜਾਂ ਨਹੀਂ | ਸਪੱਸ਼ਟ ਹੈ ਕਿ ਉਕਤ ਸਾਰੇ ਸਵਾਲ ਸਿਰਫ਼ ਅਗਲੀ ਕਾਰਵਾਈ ਲਈ ਅਧਾਰ ਪੈਦਾ ਕਰਨ ਦਾ ਇੱਕ ਹੋਛਾ ਜਿਹਾ ਜਤਨ ਹਨ |
ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਨੇਹਾ ਸਿੰਘ ਨੇ ਕਿਹਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਯੂ ਪੀ ਸਰਕਾਰ ਨੂੰ ਉਨ੍ਹਾ ਦੇ ਗੀਤ ਵਿੱਚ ਵੈਰਭਾਵ ਜਾਂ ਤਣਾਅ ਕਿਉਂ ਦਿਸਿਆ ਹੈ | ਉਸ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਲੋਕ ਉਸ ਦੇ ਇਸ ਗੀਤ ਨੂੰ ਸੁਣਨ ਤੇ ਖੁਦ ਤੈਅ ਕਰਨ ਕਿ ਇਸ ਵਿਰੁੱਧ ਆਇਆ ਪੁਲਸ ਦਾ ਨੋਟਿਸ ਸਹੀ ਹੈ ਜਾਂ ਗਲਤ | ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਕਿਸੇ ਵੀ ਆਨਲਾਈਨ ਪਲੇਟਫਾਰਮ ਤੋਂ ਇਹ ਗੀਤ ਨਹੀਂ ਹਟਾਵੇਗੀ | ਨੇਹਾ ਨੇ ਪੁਲਸ ਨੋਟਿਸ ਭੇਜੇ ਜਾਣ ਬਾਰੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ | ਇਸ ਵਿੱਚ ਉਹ ਕਹਿੰਦੀ ਹੈ, ”ਕੁਝ ਲੋਕ ਕਹਿ ਰਹੇ ਹਨ ਕਿ ਮੈਂ ਸਿਰਫ਼ ਸਰਕਾਰ ਤੋਂ ਹੀ ਸਵਾਲ ਕਿਉਂ ਪੁੱਛਦੀ ਹਾਂ, ਤੁਸੀਂ ਦੱਸੋ ਸਵਾਲ ਕਿਸ ਤੋਂ ਪੁੱਛਣਾ ਚਾਹੀਦਾ ਹੈ? ਵਿਰੋਧੀ ਧਿਰਾਂ ਤੋਂ ਸਵਾਲ ਪੁੱਛਣ ਲਈ ਤਾਂ ਸਰਕਾਰ ਨੇ ਸਰਕਾਰੀ ਕਵੀਆਂ ਦੀ ਫੌਜ ਤਿਆਰ ਕਰ ਰੱਖੀ ਹੈ, ਕੋਈ ਤਾਂ ਚਾਹੀਦਾ ਜਿਹੜਾ ਸਰਕਾਰ ਤੋਂ ਸਵਾਲ ਪੁੱਛੇ |”
ਇਸ ਦੌਰਾਨ ਕਈ ਪਾਰਟੀਆਂ ਦੇ ਆਗੂਆਂ ਨੇ ਨੇਹਾ ਸਿੰਘ ਰਾਠੌਰ ਨੂੰ ਨੋਟਿਸ ਭੇਜੇ ਜਾਣ ਲਈ ਯੋਗੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ | ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਟਵਿੱਟਰ ‘ਤੇ ਨੇਹਾ ਦੇ ਗੀਤਾਂ ਦੀ ਤਰਜ਼ ਉੱਤੇ ਹੀ ਲਿਖਿਆ ਹੈ | ”ਯੂ ਪੀ ਮੇਂ ਝੂਠੇ ਕੇਸੋਂ ਕੀ ਬਹਾਰ ਬਾ, ਯੂ ਪੀ ਮੇਂ ਗਰੀਬ ਕਿਸਾਨ ਬੇਹਾਲ ਬਾ,ਯੂ ਪੀ ਮੇਂ ਪਿਛੜੇ, ਦਲਿਤੋਂ ਪਰ ਪ੍ਰਹਾਰ ਬਾ,ਯੂ ਪੀ ਮੇਂ ਕਾਰੋਬਾਰ ਕਾ ਬੰਟਾਧਾਰ ਬਾ, ਯੂ ਪੀ ਮੇਂ ਭਿ੍ਸ਼ਟਾਚਾਰ ਹੀ ਭਿ੍ਸ਼ਟਾਚਾਰ ਬਾ |”
ਹੁਣ ਸ਼ਾਇਦ ਪੁਲਸ ਅਖਿਲੇਸ਼ ਯਾਦਵ ਨੂੰ ਵੀ ਨੋਟਿਸ ਭੇਜ ਦੇਵੇ | ਇਸ ਦੇ ਨਾਲ ਹੀ ਪਾਰਟੀ ਦੇ ਮੀਡੀਆ ਸੈੱਲ ਨੇ ਲਿਖਿਆ ਹੈ, ”ਭਾਜਪਾ ਦਾ ਚਿਹਰਾ ਬਦਸੂਰਤ, ਕਰੂਰ ਤੇ ਵਹਿਸ਼ੀ ਹੈ, ਇਸ ਲਈ ਇਹ ਸਰਕਾਰ ਸ਼ੀਸ਼ੇ ਤੋਂ ਡਰਦੀ ਹੈ ਤੇ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਵਾਲਿਆਂ ਨੂੰ ਨੋਟਿਸ ਭੇਜਦੀ ਹੈ | ‘ਸ਼ਰਮ ਕਰੋ ਭਾਜਪਾ’ |” ਉੱਤਰ ਪ੍ਰਦੇਸ਼ ਕਾਂਗਰਸ ਨੇ ਨੇਹਾ ਦਾ ਸਮਰਥਨ ਕਰਦਿਆਂ ਲਿਖਿਆ ਹੈ- ”ਗਲੇ ਕੀ ਬਾਗ਼ ਔਰ ਕਲੇਜੇ ਕੀ ਆਗ ਬਰਕਰਾਰ ਰਖੀਏਗਾ | ਤਾਨਾਸ਼ਾਹੀ ਵਿਰੁੱਧ ਹਮ ਲੜੇਂਗੇ ਔਰ ਜੀਤੇਂਗੇ |”
ਆਮ ਆਦਮੀ ਪਾਰਟੀ ਦੇ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਆਪਣੇ ਗੀਤਾਂ ਰਾਹੀਂ ਸੱਤਾ ਨੂੰ ਬੇਬਾਕ ਸਵਾਲ ਪੁੱਛਣ ਵਾਲੀ ਲੋਕ ਗਾਇਕਾ ਦੀ ਅਵਾਜ਼ ਤੋਂ ਭਾਜਪਾ ਏਨਾ ਡਰ ਗਈ ਹੈ ਕਿ ਉਸ ਨੂੰ ਪੁਲਸ ਰਾਹੀਂ ਨੋਟਿਸ ਭਿਜਵਾ ਦਿੱਤਾ | ਸ਼ਰਮਨਾਕ, ਬੇਹੱਦ ਸ਼ਰਮਨਾਕ ਹੈ ਇਹ |