ਪੁਣੇ : ਮਹਾਰਾਸ਼ਟਰ ਦੇ ਸੋਲਾਪੁਰ ਦੇ ਕਿਸਾਨ ਨੂੰ ਸਖਤ ਸਦਮਾ ਲੱਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਵੱਲੋਂ ਜ਼ਿਲ੍ਹੇ ਦੇ ਵਪਾਰੀ ਨੂੰ ਵੇਚੇ ਗਏ 512 ਕਿਲੋ ਪਿਆਜ ਲਈ ਉਸ ਨੂੰ ਸਿਰਫ 2.49 ਰੁਪਏ ਮਿਲੇ ਹਨ | ਸੋਲਾਪੁਰ ਦੀ ਬਾਰਸੀ ਤਹਿਸੀਲ ਦੇ ਵਸਨੀਕ ਕਿਸਾਨ ਰਾਜੇਂਦਰ ਚਵਾਨ (63) ਨੇ ਦੱਸਿਆ ਕਿ ਪਿਛਲੇ ਹਫਤੇ ਸੋਲਾਪੁਰ ਮਾਰਕੀਟ ਕੰਪਲੈਕਸ ‘ਚ ਉਸ ਦੇ ਪਿਆਜ ਦੀ ਕੀਮਤ 1 ਰੁਪਏ ਪ੍ਰਤੀ ਕਿਲੋ ਪਈ ਅਤੇ ਉਸ ਨੂੰ ਸਾਰੀਆਂ ਕਟੌਤੀਆਂ ਤੋਂ ਬਾਅਦ ਮਾਮੂਲੀ ਰਕਮ ਮਿਲੀ | ਉਸ ਨੇ ਕਿਹਾ—ਮੈਂ ਪੰਜ ਕੁਇੰਟਲ ਤੋਂ ਵੱਧ ਵਜ਼ਨ ਵਾਲੇ ਪਿਆਜ ਦੀਆਂ 10 ਬੋਰੀਆਂ ਸੋਲਾਪੁਰ ਦੇ ਪਿਆਜ ਵਪਾਰੀ ਨੂੰ ਵਿਕਰੀ ਲਈ ਭੇਜੀਆਂ ਸਨ | ਭਾੜੇ, ਆਵਾਜਾਈ, ਮਜ਼ਦੂਰੀ ਅਤੇ ਹੋਰ ਖਰਚਿਆਂ ਨੂੰ ਕੱਟਣ ਤੋਂ ਬਾਅਦ ਮੈਨੂੰ ਉਸ ਤੋਂ ਸਿਰਫ 2.49 ਰੁਪਏ ਮਿਲੇ ਹਨ | ਵਪਾਰੀ ਨੇ ਮੈਨੂੰ 100 ਰੁਪਏ ਪ੍ਰਤੀ ਕੁਇੰਟਲ ਦੀ ਪੇਸ਼ਕਸ਼ ਕੀਤੀ ਸੀ | ਉਸ ਨੇ ਦੱਸਿਆ ਕਿ ਇਸ ਫਸਲ ਦਾ ਕੁੱਲ ਵਜ਼ਨ 512 ਕਿਲੋ ਸੀ ਅਤੇ ਉਸ ਨੂੰ ਉਪਜ ਦਾ ਕੁੱਲ ਭਾਅ 512 ਰੁਪਏ ਮਿਲਿਆ ਹੈ | ਕਿਸਾਨ ਨੇ ਕਿਹਾ—509.51 ਰੁਪਏ ਦੀ ਫੀਸ ਕੱਟਣ ਤੋਂ ਬਾਅਦ ਮੈਨੂੰ 2.49 ਰੁਪਏ ਮਿਲੇ | ਵਪਾਰੀ ਨੇ ਕਿਹਾ—ਕਿਸਾਨ ਸਿਰਫ 10 ਬੋਰੀਆਂ ਲੈ ਕੇ ਆਇਆ ਸੀ ਅਤੇ ਪੈਦਾਵਾਰ ਵੀ ਨੀਵੇਂ ਦਰਜੇ ਦੀ ਸੀ | ਇਸ ਲਈ ਉਸ ਨੂੰ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਭਾਅ ਮਿਲਿਆ | ਇਸ ਲਈ ਸਾਰੀਆਂ ਕਟੌਤੀਆਂ ਤੋਂ ਬਾਅਦ ਉਸ ਨੂੰ 2 ਰੁਪਏ ਮਿਲੇ | ਉਸ ਨੇ ਕਿਹਾ—ਇਸੇ ਕਿਸਾਨ ਨੇ ਪਿਛਲੇ ਸਮੇਂ ‘ਚ ਮੈਨੂੰ ਪਿਆਜ ਦੀਆਂ 400 ਤੋਂ ਵੱਧ ਬੋਰੀਆਂ ਵੇਚ ਕੇ ਚੰਗਾ ਮੁਨਾਫਾ ਕਮਾਇਆ ਹੈ | ਇਸ ਵਾਰ ਉਹ ਬਾਕੀ ਬਚੀ ਉਪਜ, ਜੋ ਕਿ ਮੁਸ਼ਕਲ ਨਾਲ 10 ਬੋਰੀਆਂ ਸੀ, ਲੈ ਕੇ ਆਇਆ | ਕੀਮਤਾਂ ਘੱਟ ਗਈਆਂ ਹਨ ਤੇ ਉਸ ਨੂੰ ਇਸ ਕਰਕੇ ਘੱਟ ਭਾਅ ਮਿਲਿਆ ਹੈ |