ਨਵਾਂ ਰਾਇਪੁਰ : ਕਾਂਗਰਸ ਦੀ ਸਟੀਅਰਿੰਗ ਕਮੇਟੀ ਨੇ ਸ਼ੁੱਕਰਵਾਰ ਪਾਰਟੀ ਦੀ ਫੈਸਲਾ ਲੈਣ ਵਾਲੀ ਸਭ ਤੋਂ ਵੱਡੀ ਬਾਡੀ ‘ਵਰਕਿੰਗ ਕਮੇਟੀ’ ਦੇ ਸਾਰੇ ਮੈਂਬਰ ਨਾਮਜ਼ਦ ਕਰਨ ਦਾ ਅਧਿਕਾਰ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਦੇ ਦਿੱਤਾ | ਇਸ ਤਰ੍ਹਾਂ ਵਰਕਿੰਗ ਕਮੇਟੀ ਦੀ ਚੋਣ ਵੋਟਾਂ ਰਾਹੀਂ ਨਹੀਂ ਹੋਵੇਗੀ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਟੀਅਰਿੰਗ ਕਮੇਟੀ ਵਿਚ ਵਰਕਿੰਗ ਕਮੇਟੀ ਦੀ ਚੋਣ ਦੇ ਮਾਮਲੇ ਵਿਚ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ ਤੇ ਮੀਟਿੰਗ ਵਿਚ ਮੌਜੂਦ ਲਗਪਗ ਸਾਰੇ 45 ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਨੂੰ ਮੈਂਬਰ ਨਾਮਜ਼ਦ ਕਰਨ ਦਾ ਅਧਿਕਾਰ ਦੇ ਦਿੱਤਾ | ਕਈ ਮੈਂਬਰਾਂ ਨੇ ਚੋਣ ਦੇ ਹੱਕ ਤੇ ਵਿਰੋਧ ਵਿਚ ਵਿਚਾਰ ਰੱਖੇ | ਰਮੇਸ਼ ਨੇ ਕਿਹਾ—ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਤੇ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਡੈਲੀਗੇਟ ਇਸ ਸਰਬਸੰਮਤ ਫੈਸਲੇ ਦੀ ਹਮਾਇਤ ਕਰਨਗੇ | ਰਮੇਸ਼ ਨੇ ਇਹ ਵੀ ਕਿਹਾ ਕਿ ਪਾਰਟੀ ਦਾ ਪਲੈਨਰੀ ਸੈਸ਼ਨ ਪਾਰਟੀ ਦੇ ਸੰਵਿਧਾਨ ਦੇ 32 ਨਿਯਮ-ਕਾਇਦਿਆਂ ਵਿਚ 16 ਸੋਧਾਂ ਕਰਨ ਬਾਰੇ ਫੈਸਲਾ ਕਰੇਗਾ | ਉਨ੍ਹਾ ਕਿਹਾ ਕਿ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਤੇ ਸਾਬਕਾ ਪ੍ਰਧਾਨਾਂ ਨੂੰ ਵਰਕਿੰਗ ਕਮੇਟੀ ਵਿਚ ਨੁਮਾਇੰਦਗੀ ਦਿੱਤੀ ਜਾਵੇਗੀ |