ਚੇਨਈ (ਗਿਆਨ ਸੈਦਪੁਰੀ)-ਦੇਸ਼ ਭਰ ਵਿੱਚ ਜ਼ਮੀਨੀ ਸੁਧਾਰ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ, ਭੋਜਨ ਸੁਰੱਖਿਆ ਵਰਗੇ ਐਕਟ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਅਤੇ ਹੋਰ ਭਖਦੀਆਂ ਮੰਗਾਂ ਨੂੰ ਮੰਨਵਾਉਣ ਲਈ ਜ਼ੋਰਦਾਰ ਸੰਘਰਸ਼ ਵਿੱਢਣ ਦਾ ਅਹਿਦ ਕਰਨ ਅਤੇ ਬੀ.ਕੇ.ਐੱਮ.ਯੂ. ਨੂੰ ਹਰ ਪੱਖੋਂ ਮਜ਼ਬੂਤ ਕਰਨ ਦੇ ਵਿਚਾਰ-ਵਟਾਂਦਰੇ ਉਪਰੰਤ ਇੱਥੇ ਚੱਲ ਰਹੀ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਸਮਾਪਤ ਹੋ ਗਈ | ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਪਹਿਲੇ ਦਿਨ ਰਿਪੋਰਟ ‘ਤੇ ਹੋਈ ਬਹਿਸ ਵਿੱਚ ਉੱਠੇ ਸਵਾਲਾਂ ਦੇ ਜਵਾਬ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਉਠਾਏ ਗਏ ਸਵਾਲਾਂ ਅਤੇ ਦਿੱਤੇ ਗਏ ਸੁਝਾਵਾਂ ਤੋਂ ਲੱਗਦਾ ਹੈ ਕਿ ਖੇਤ ਮਜ਼ਦੂਰ ਸੰਗਠਨ ਪੂਰੇ ਦੇਸ਼ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ | ਉਨ੍ਹਾ ਕਿਹਾ ਕਿ ਕਿਰਤੀਆਂ ਦੇ ਇਸ ਸੰਗਠਨ ਨੂੰ ਮਜ਼ਬੂਤ ਕਰਨ ਲਈ ਔਰਤਾਂ ਦੀ ਹੋਰ ਵਧੇਰੇ ਸਰਗਰਮੀ ਨੂੰ ਯਕੀਨੀ ਬਣਾਇਆ ਜਾਵੇਗਾ |
ਸੀਨੀਅਰ ਆਗੂ ਨਗੇਂਦਰ ਨਾਥ ਓਝਾ ਨੇ ਵੱਖ-ਵੱਖ ਮੰਗਾਂ ਲਈ ਪਹਿਲਾਂ ਚੱਲ ਰਹੇ ਧਰਨੇ-ਪ੍ਰਦਰਸ਼ਨਾਂ ਦੀ ਲਗਾਤਾਰਤਾ ਕਾਇਮ ਰੱਖਣ ਦੇ ਐਲਾਨ ਨਾਲ ਖੇਤ ਮਜ਼ਦੂਰਾਂ ਦੇ ਕੰਮ ਨੂੰ ‘ਬੇਗਾਰ’ ਵਰਗੀ ਸੰਗਿਆ ਤੋਂ ਮੁਕਤ ਕਰਨ ਲਈ ਖੇਤ ਮਜ਼ਦੂਰਾਂ ਲਈ ਬਦਲਵੇਂ ਕੰਮਾਂ ਦਾ ਉਚਿੱਤ ਪ੍ਰਬੰਧ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ |
ਯੂਨੀਅਨ ਦੇ ਸੀਨੀਅਰ ਆਗੂ ਅਤੇ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਜਨਰਲ ਸਕੱਤਰ ਕਾਮਰੇਡ ਵੀ.ਐੱਸ. ਨਿਰਮਲ ਨੇ 2018 ਵਿੱਚ ਤਿਰੂਪਤੀ ਵਿੱਚ ਹੋਈ ਕੌਮੀ ਕਾਨਫਰੰਸ ਤੋਂ ਲੈ ਕੇ ਹੁਣ ਤੱਕ ਯੂਨੀਅਨ ਵੱਲੋਂ ਕੀਤੇ ਗਏ ਕੰਮਾਂ-ਕਾਰਾਂ ਦੀ ਵਿਸਥਾਰ ਨਾਲ ਚਰਚਾ ਕੀਤੀ | ਯੂਨੀਅਨ ਦੀ ਮਜ਼ਬੂਤੀ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਾਮਰੇਡ ਨਿਰਮਲ ਨੇ ਹਰ ਵਰਕਰ ਤੋਂ ਲੈ ਕੇ ਸਿਖਰਲੇ ਆਗੂਆਂ ਨੂੰ ਸਵੈ ਪੜਚੋਲ ਕਰਨ ਦਾ ਸੁਝਾਅ ਦਿੱਤਾ |
ਇਸੇ ਦੌਰਾਨ ਸ਼ੁੱਕਰਵਾਰ ਨੂੰ ਨਵਾਂ ਜ਼ਮਾਨਾ ਦੇ ਸੰਪਾਦਕੀ ‘ਗੀਤ ਤੋਂ ਡਰ ਗਈ ਯੋਗੀ ਸਰਕਾਰ’ ਦੀ ਦੱਖਣ ਦੇ ਸ਼ਹਿਰ ਚੇਨਈ ਵਿੱਚ ਹੋ ਰਹੀ ਮੀਟਿੰਗ ਦੌਰਾਨ ਚਰਚਾ ਹੁੰਦੀ ਰਹੀ | ਇਹ ਚਰਚਾ ਉਸ ਵੇਲੇ ਹੋਈ ਜਦੋਂ ਕਾਮਰੇਡ ਗੋਰੀਆ ਦੇਸ਼ ਵਿੱਚ ਫਾਸ਼ੀਵਾਦ ਵਿਰੁੱਧ ਖੱਬੀਆਂ ਧਿਰਾਂ ਵੱਲੋਂ ਲੜੀ ਜਾ ਰਹੀ ਲੜਾਈ ਦਾ ਜ਼ਿਕਰ ਕਰ ਰਹੇ ਸਨ | ਉਨ੍ਹਾ ਜਦੋਂ ਨਵਾਂ ਜ਼ਮਾਨਾ ਦੀ ਸੰਪਾਦਕੀ ਦਾ ਜ਼ਿਕਰ ਕੀਤਾ ਤਾਂ ਕਾਰਜਕਾਰਨੀ ਦੇ ਮੈਂਬਰਾਂ (ਸਮੇਤ ਦੱਖਣੀ ਰਾਜਾਂ) ਨੇ ਇਸ ਗੱਲ ਵੱਲ ਵਿਸ਼ੇਸ਼ ਰੁਚੀ ਵਿਖਾਈ | ਪੰਜਾਬ ਤੋਂ ਗਏ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਕਾਮਰੇਡ ਪ੍ਰੀਤਮ ਸਿੰਘ ਨਿਆਮਤਪੁਰ ਨੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਅਤੇ ਹੋਰ ਮਜ਼ਦੂਰ ਅਤੇ ਦਲਿਤ ਜਥੇਬੰਦੀਆਂ ਨਾਲ ਮਿਲ ਕੇ ਕੀਤੇ ਜਾ ਰਹੇ ਸੰਘਰਸ਼ ਬਾਰੇ ਚਾਨਣਾ ਪਾਇਆ | ਬਿਹਾਰ ਰਾਜ ਤੋਂ ਬੀ.ਕੇ.ਐੱਮ.ਯੂ. ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਾਮ ਨਰੇਸ਼ ਪਾਂਡੇ ਨੇ ਤਿਰੂਪਤੀ ਵਿੱਚ ਦਿੱਤੇ ਗਏ ਸੱਦੇ ਨੂੰ ਦੁਹਰਾਉਂਦਿਆਂ ਮਹਾਂ ਸਮਾਗਮ ਬਿਹਾਰ ਵਿੱਚ ਕਰਨ ਦਾ ਸੱਦਾ ਦਿੱਤਾ ਜੋ ਕਿ ਮੀਟਿੰਗ ਨੇ ਸਵੀਕਾਰ ਕਰ ਲਿਆ | ਮੀਟਿੰਗ ਨੂੰ ਪੁਡੂਚੇਰੀ ਦੀ ਸੀਨੀਅਰ ਆਗੂ ਕੇ. ਰਾਮਾ ਮੂਰਤੀ ਨੇ ਵੀ ਸੰਬੋਧਨ ਕੀਤਾ | ਸੀ.ਪੀ.ਆਈ ਦੀ ਤਾਮਿਲਨਾਡੂ ਇਕਾਈ ਦੇ ਸਕੱਤਰ ਕਾਮਰੇਡ ਮਥੁਰਾਸਨ ਨੇ ਸਫਲ ਮੀਟਿੰਗ ਦੀ ਵਧਾਈ ਦਿੱਤੀ | ਡੀ.ਐੱਮ.ਕੇ. ਦੇ ਕੌਮੀ ਪ੍ਰਧਾਨ ਕਾਮਰੇਡ ਪੇਰੀਆ ਸਾਮੀ ਨੇ ਸਭ ਦਾ ਧੰਨਵਾਦ ਕੀਤਾ |