ਹੁਣ ਉਦਯੋਗਪਤੀਆਂ ਨਾਲ ਮੈਮੋਰੰਡਮ ਆਫ ਦਿਲ ਸੇ : ਮਾਨ

0
202

ਮੁਹਾਲੀ (ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੱੁਕਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐਮ ਓ ਯੂ) ਦਾ ਸਮਾਂ ਹੁਣ ਬੀਤ ਚੁੱਕਾ ਹੈ ਅਤੇ ਪੰਜਾਬ ‘ਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਉਦਯੋਗਪਤੀਆਂ ਨਾਲ ਨਿਵੇਸ਼ ਲਈ ਮੈਮੋਰੰਡਮ ਆਫ ਦਿਲ ਸੇ (ਐਮ ਓ ਡੀ ਐਸ) ਕਰੇਗੀ | ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਸਮਾਪਤੀ ਮੌਕੇ ਉਦਯੋਗਪਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਐਮ ਓ ਡੀ ਐਸ ਸਿੱਧੇ ਤੌਰ ‘ਤੇ ਦਿਲੋਂ ਕੀਤਾ ਪਵਿੱਤਰ ਸਮਝੌਤਾ ਹੈ ਅਤੇ ਪੰਜਾਬ ਨੂੰ ਉਦਯੋਗਿਕ ਖੇਤਰ ‘ਚ ਮੋਹਰੀ ਸੂਬਾ ਬਣਾਉਣ ਲਈ ਆਪਸ ਵਿੱਚ ਪੂਰਨ ਵਿਸ਼ਵਾਸ ਅਤੇ ਉਤਸ਼ਾਹ ਹੋਣਾ ਲਾਜ਼ਮੀ ਹੈ | ਉਨ੍ਹਾ ਕਿਹਾ ਕਿ ਸਨਅਤਕਾਰਾਂ ਦੀ ਬਾਂਹ ਮਰੋੜ ਕੇ ਜ਼ਬਰਦਸਤੀ ਸਮਝੌਤੇ ਕਰਨ ਦੀ ਪਹਿਲੀ ਪ੍ਰਥਾ ਹੁਣ ਖਤਮ ਹੋ ਗਈ ਹੈ | ਭਗਵੰਤ ਮਾਨ ਨੇ ਕਿਹਾ ਕਿ ਅੱਜ ਸੂਬੇ ‘ਚ ਵੱਡੇ ਪੱਧਰ ‘ਤੇ ਉਦਯੋਗੀਕਰਨ ਨੂੰ ਯਕੀਨੀ ਬਣਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਲੋਕ ਸੂਬੇ ਦੇ ਸਮਾਜਕ-ਆਰਥਕ ਵਿਕਾਸ ਵਿੱਚ ਭਾਈਵਾਲ ਬਣਨ ਲਈ ਆਪਣੇ ਬਲਬੂਤੇ ਆਏ ਹਨ | ਉਨ੍ਹਾ ਕਿਹਾ ਕਿ ਕੰਪਨੀਆਂ ਆਪਣੇ ਟੀਚੇ ਅਨੁਸਾਰ ਸੂਬੇ ਵਿੱਚ ਵਿਸਤਾਰ ਦੀਆਂ ਸੰਭਾਵਨਾਵਾਂ ਤਲਾਸ਼ ਰਹੀਆਂ ਹਨ | ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਤਰੱਕੀ ਅਤੇ ਖੁਸ਼ਹਾਲੀ ਆਵੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ | ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਦਯੋਗ ਨੂੰ ਹੋਰ ਹੁਲਾਰਾ ਦੇਣ ਲਈ ਹਰ ਸਾਲ ਸੂਬਾ ਸਰਕਾਰ ਵੱਲੋਂ ਵਿੱਤੀ ਸਾਲ ਦੀ ਹਰ ਤਿਮਾਹੀ ਵਿੱਚ ਵੱਖ ਵੱਖ ਖੇਤਰਾਂ ‘ਤੇ ਅਧਾਰਤ ਸੰਮੇਲਨ ਕਰਵਾਏ ਜਾਣਗੇ | ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਦਯੋਗਪਤੀਆਂ ਨੂੰ ਸੂਬੇ ਵਿੱਚ ਬਿਤਾਏ ਗਏ ਸਮੇਂ ਦਾ ਯਾਦਗਾਰੀ ਤਜਰਬਾ ਹਾਸਲ ਹੋਵੇਗਾ | ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੂਬੇ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਜਿਵੇਂ ਕਿ ਵਪਾਰ ਕਰਨ ਵਿੱਚ ਸੌਖ ਅਤੇ ਸਭ ਤੋਂ ਅਨੁਕੂਲ ਵਪਾਰਕ ਮਾਹੌਲ ਦੇ ਤਜਰਬੇ ਨੂੰ ਦੂਜੇ ਸੂਬਿਆਂ ਵਿੱਚ ਆਪਣੇ ਸਾਥੀਆਂ ਤੱਕ ਪਹੁੰਚਾਉਣ ਲਈ ਸੂਬੇ ਦੇ ਦੂਤ ਬਣਨ ਲਈ ਕਿਹਾ | ਭਗਵੰਤ ਮਾਨ ਨੇ ਕਿਹਾ ਕਿ ਸੂਬੇ ਨੂੰ ਦੇਸ਼ ਦਾ ਉਦਯੋਗਿਕ ਧੁਰਾ ਬਣਾਉਣ ਲਈ ਇਸ ਵਿੱਚ ਵੱਧ ਤੋਂ ਵੱਧ ਨਿਵੇਸ਼ ਨੂੰ ਯਕੀਨੀ ਬਣਾਉਣਾ ਹੈ | ਮੁੱਖ ਮੰਤਰੀ ਨੇ ਇਨਵੈਸਟ ਪੰਜਾਬ ਨੂੰ ਇਸ ਸਮਾਗਮ ਦੀ ਸਫਲਤਾ ਲਈ ਵਧਾਈ ਵੀ ਦਿੱਤੀ | ਉਨ੍ਹਾ ਡਿਪਟੀ ਕਮਿਸ਼ਨਰਾਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਸਮਾਗਮ ਨੂੰ ਵੱਡੀ ਪੱਧਰ ‘ਤੇ ਸਫਲ ਬਣਾਉਣ ਲਈ ਜ਼ਮੀਨੀ ਪੱਧਰ ‘ਤੇ ਸਖਤ ਮਿਹਨਤ ਕੀਤੀ | ਭਗਵੰਤ ਮਾਨ ਨੇ ਸੂਬੇ ਵਿੱਚ ਨਿਵੇਸ਼ ਕਰਨ ਲਈ ਵੱਡੀ ਗਿਣਤੀ ਵਿੱਚ ਆਏ ਉਦਯੋਗਪਤੀਆਂ ਦਾ ਧੰਨਵਾਦ ਵੀ ਕੀਤਾ | ਇਸ ਤੋਂ ਪਹਿਲਾਂ ਇਨਵੈਸਟਮੈਂਟ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਵੱਲੋਂ ਸੂਬੇ ‘ਚ ਉਦਯੋਗ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੁੱਖ ਮੰਤਰੀ ਕੋਲ ਸੂਬੇ ਨੂੰ ਪ੍ਰਗਤੀਸ਼ੀਲ ਪੰਜਾਬ ਬਣਾਉਣ ਦੀ ਦੂਰਅੰਦੇਸ਼ ਪਹੁੰਚ ਅਤੇ ਲਗਨ ਹੈ | ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਦਲੀਪ ਕੁਮਾਰ ਨੇ ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਦਾ ਸਵਾਗਤ ਕੀਤਾ | ਮੁੱਖ ਮੰਤਰੀ ਨੇ ਜੀ ਐਸ ਟੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਦੀ ਵੀ ਸ਼ਲਾਘਾ ਕੀਤੀ | ਭਗਵੰਤ ਮਾਨ ਨੇ ਉਦਯੋਗ ਨੂੰ ਪ੍ਰਫੁੱਲਤ ਕਰਨ ਵਾਸਤੇ ਉੱਤਮ ਕਾਰਗੁਜ਼ਾਰੀ ਲਈ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਵੀ ਸਨਮਾਨਤ ਕੀਤਾ | ਉਨ੍ਹਾ ਨੇ ਬਿਹਤਰ ਕਾਰਗੁਜ਼ਾਰੀ ਲਈ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਡਾ. ਰਿਸ਼ੀ ਪਾਲ ਅਤੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਪੂਨਮ ਦੀਪ ਕੌਰ ਨੂੰ ਵੀ ਸਨਮਾਨਤ ਕੀਤਾ | ਇਸ ਮੌਕੇ ਸੀ ਈ ਓ ਇਨਵੈਸਟ ਪੰਜਾਬ ਕੇ ਕੇ ਯਾਦਵ ਨੇ ਧੰਨਵਾਦ ਮਤਾ ਪੇਸ਼ ਕੀਤਾ |

LEAVE A REPLY

Please enter your comment!
Please enter your name here