ਨਵੀਂ ਦਿੱਲੀ : ਪੂਰਾ ਦੇਸ਼ ਇਹ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਦੇਸ਼ ਵਿੱਚ ਸਿਰਫ ਅਰਵਿੰਦ ਕੇਜਰੀਵਾਲ ਹੀ ਹੈ, ਜੋ ਚੋਣ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾ ਸਕਦੇ ਹਨ | ਇਸ ਲਈ ਪ੍ਰਧਾਨ ਮੰਤਰੀ ਮੋਦੀ ਰਾਹੁਲ ਗਾਂਧੀ ਤੋਂ ਨਹੀਂ, ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ, ਕਿਉਂਕਿ ਅਰਵਿੰਦ ਕੇਜਰੀਵਾਲ ਚੋਣ ਲੜਾਈ ਵਿੱਚ ਉਨ੍ਹਾ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਮਾਤ ਦਿੰਦੇ ਹਨ | ਜਿਵੇਂ-ਜਿਵੇਂ ਕੇਜਰੀਵਾਲ ਦੀ ਲੋਕਪਿ੍ਅਤਾ ਵਧਦੀ ਜਾਵੇਗੀ, ਉਵੇਂ-ਉਵੇਂ ਉਹ ਸੀ ਬੀ ਆਈ-ਈ ਡੀ ਰਾਹੀਂ ‘ਆਪ’ ਆਗੂਆਂ ‘ਤੇ ਹਮਲੇ ਕਰਦੇ ਰਹਿਣਗੇ | ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਮੀਸਾ ਤਹਿਤ ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ | ਸੀ ਬੀ ਆਈ-ਈ ਡੀ ਵੀ ਉਹੀ ਕੰਮ ਕਰ ਰਹੀ ਹੈ | ਇਹ ਗੱਲਾਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਐਤਵਾਰ ਪਾਰਟੀ ਹੈੱਡਕੁਆਰਟਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਹੀਆਂ |
ਉਨ੍ਹਾ ਕਿਹਾ ਕਿ ਮੋਦੀ ਵੀ ਅਰਵਿੰਦ ਕੇਜਰੀਵਾਲ ਤੋਂ ਈਰਖਾ ਕਰਦੇ ਹਨ, ਕਿਉਂਕਿ ਉਨ੍ਹਾ ਦੀ ਕੈਬਨਿਟ ਵਿੱਚ ਕੋਈ ਵੀ ਅਜਿਹਾ ਨਹੀਂ, ਜੋ ਮਨੀਸ਼ ਸਿਸੋਦੀਆ ਵਰਗਾ ਕੰਮ ਕਰ ਸਕੇ | ਸਿਸੋਦੀਆ ‘ਤੇ ਲਗਾਏ ਗਏ ਸਾਰੇ ਦੋਸ਼ ਮਨਘੜਤ ਹਨ | ਭਾਜਪਾ ਦਾ ਮਕਸਦ ਸਿਰਫ ਕੇਜਰੀਵਾਲ ਨੂੰ ਖਤਮ ਕਰਨਾ ਹੈ | ਸਿਸੋਦੀਆ ਦਾ ਇੱਕੋ-ਇੱਕ ਗੁਨਾਹ ਹੈ ਕਿ ਉਨ੍ਹਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਦਾ ਭਵਿੱਖ ਬਦਲਣ ਦਾ ਕੰਮ ਕੀਤਾ ਹੈ |
ਰਾਘਵ ਚੱਢਾ ਨੇ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਦੇ ਜੇਲ੍ਹ ਜਾਣ ਦਾ ਅਫਸੋਸ ਨਾ ਕਰੋ, ਮਾਣ ਕਰੋ | ਇਹ ਅਫਸੋਸ ਦੀ ਗੱਲ ਨਹੀਂ, ਸਗੋਂ ਮਾਣ ਵਾਲੀ ਗੱਲ ਹੈ, ਕਿਉਂਕਿ ਜਦੋਂ ਵੀ ਜ਼ਾਲਮ ਜ਼ੁਲਮ ਕਰਦਾ ਹੈ, ਬਹੁਤ ਸਾਰੇ ਇਨਕਲਾਬੀਆਂ ਨੂੰ ਉਸ ਜ਼ੁਲਮ ਵਿਰੁੱਧ ਲੜਨ ਲਈ ਇਨਕਲਾਬ ਦਾ ਨਾਅਰਾ ਬੁਲੰਦ ਕਰਦਿਆਂ ਜੇਲ੍ਹ ਜਾਣਾ ਪੈਂਦਾ ਹੈ | ਉਹਨਾ ਕਿਹਾ ਕਿ ਸੱਤਾ ਦੇ ਨਸ਼ੇ ‘ਚ ਧੁੱਤ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਈਆਂ ਨੂੰ ਕੁਰਬਾਨੀ ਦੇਣੀ ਪੈ ਸਕਦੀ ਹੈ ਤੇ ਕਈਆਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ | ਉਹਨਾ ਕਿਹਾ ਕਿ ਸਿਸੋਦੀਆ ਭਾਰਤ ਦੇ ਹੀ ਨਹੀਂ, ਸਗੋਂ ਵਿਸ਼ਵ ਦੇ ਸਰਵੋਤਮ ਸਿੱਖਿਆ ਮੰਤਰੀ ਵਜੋਂ ਜਾਣੇ ਜਾਂਦੇ ਹਨ | ਦੇਸ਼ ਦੇ ਲੋਕ ਕੇਂਦਰੀ ਸਿੱਖਿਆ ਮੰਤਰੀ ਦਾ ਨਾਂਅ ਵੀ ਨਹੀਂ ਜਾਣਦੇ ਹੋਣਗੇ, ਪਰ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦਾ ਨਾਂਅ ਤਾਂ ਹਰ ਕੋਈ ਜਾਣਦਾ ਹੈ | ਉਹਨਾ ਕਿਹਾ ਕਿ ਸਿਸੋਦੀਆ ਨੇ ਦਿੱਲੀ ਦੇ ਲੱਖਾਂ ਬੱਚਿਆਂ ਦੇ ਹੱਥਾਂ ਵਿੱਚ ਪੈੱਨ ਅਤੇ ਕਿਤਾਬ ਦੇਣ ਦਾ ਕੰਮ ਕੀਤਾ ਹੈ | ਭਾਜਪਾ ਅੱਜ ਉਸੇ ਸਿਸੋਦੀਆ ਨੂੰ ਹੱਥਕੜੀ ਲਾਉਣ ਜਾ ਰਹੀ ਹੈ | ਇਸ ਲਈ ਦੇਸ਼ ਦੀ ਜਨਤਾ ਭਾਜਪਾ ਨੂੰ ਕਦੇ ਮੁਆਫ ਨਹੀਂ ਕਰੇਗੀ |