ਫਾਜ਼ਿਲਕਾ : ਬੀਤੇ ਦਿਨੀਂ ਅਜਨਾਲਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ | ਸ਼ਨੀਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਘਟਨਾ ਸੰਬੰਧੀ ਟਵੀਟ ਕੀਤਾ ਗਿਆ ਹੈ | ਮੁੱਖ ਮੰਤਰੀ ਮਾਨ ਨੇ ਲਿਖਿਆ ‘ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਪੰਜਾਬੀਅਤ ਦੇ ‘ਵਾਰਿਸ’ ਅਖਵਾਉਣ ਦੇ ਕਾਬਿਲ ਨਹੀਂ ਹੋ ਸਕਦੇ |
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਤਰੇਵਾਲਾ ‘ਚ 578 ਕਰੋੜ ਦੀ ਲਾਗਤ ਵਾਲੇ ਜਲ ਪ੍ਰੋਜੈਕਟ ਦਾ ਉਦਘਾਟਨ ਕੀਤਾ | ਇੱਥੇ ਉਨ੍ਹਾ ਕਿਹਾ ਕਿ ਸਿਆਸਤ ‘ਚ ਆਉਣ ਤੋਂ ਪਹਿਲਾਂ ਵੀ ਮੈਂ ਫਾਜ਼ਿਕਲਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਨਾਲ ਜੁੜਿਆ ਰਿਹਾ ਹਾਂ | ਇੱਥੋਂ ਦੇ ਪਾਣੀ ਵਿੱਚ ਰਸਾਇਣਕ ਤੱਤਾਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਈ ਸਾਲਾਂ ਤੋਂ ਬੱਚੇ ਜਨਮ ਤੋਂ ਹੀ ਅੰਗਹੀਣ ਹੋ ਰਹੇ ਸਨ ਅਤੇ ਤੀਜੀ ਤੋਂ ਚੌਥੀ ਜਮਾਤ ਤੱਕ ਜਾਣ ਵਾਲੀਆਂ ਲੜਕੀਆਂ ਆਪਣੇ ਵਾਲ ਕਾਲੇ ਕਰਨ ਲਈ ਮਜਬੂਰ ਸਨ, ਪਰ ਹੁਣ ਸਰਹੱਦੀ ਪਿੰਡਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਪੰਜਾਬ ਸਰਕਾਰ ਜਲਦੀ ਹੀ ਸ਼ਹਿਰਾਂ ਵਾਂਗ ਪੇਂਡੂ ਖੇਤਰਾਂ ‘ਚ ਵੀ ਲੋਕਾਂ ਨੂੰ ਸਿੱਧਾ ਪਾਣੀ ਮੁਹੱਈਆ ਕਰਵਾਏਗੀ |
ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਪਾਤਰੇਵਾਲਾ ‘ਚ ਇਹ ਪ੍ਰੋਜੈਕਟ 578.28 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ, ਜਿਸ ਨਾਲ ਜ਼ਿਲ੍ਹੇ ਦੇ 122 ਪਿੰਡਾਂ ਨੂੰ ਸਾਫ ਪਾਣੀ ਮੁਹੱਈਆ ਹੋਵੇਗਾ, ਜਿਨ੍ਹਾਂ ‘ਚ ਜ਼ਿਆਦਾਤਰ ਸਰਹੱਦੀ ਪਿੰਡ ਹਨ | ਉਨ੍ਹਾ ਦੱਸਿਆ ਕਿ ਜਲਾਲਾਬਾਦ ਖੇਤਰ ‘ਚ ਵੀ ਅਜਿਹਾ ਹੀ ਇੱਕ ਪ੍ਰੋਜੈਕਟ ਚੱਲ ਰਿਹਾ ਹੈ, ਜਿਸ ਨਾਲ ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ |
ਉਨ੍ਹਾ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ‘ਚ ਡੀ ਸੀ ਦੀ ਕਮਾਨ ਵੀ ਇੱਕ ਔਰਤ ਦੇ ਹੱਥ ਵਿੱਚ ਹੈ ਅਤੇ ਐੱਸ ਐੱਸ ਪੀ ਦੀ ਕਮਾਨ ਵੀ ਇੱਕ ਔਰਤ ਦੇ ਹੱਥ ਵਿੱਚ ਹੈ | ਯਾਨੀ ਜ਼ਿਲ੍ਹੇ ਦੀ ਵਾਗਡੋਰ ਮਹਿਲਾ ਸ਼ਕਤੀ ਦੇ ਹੱਥਾਂ ‘ਚ ਹੈ | ਉਨ੍ਹਾ ਕਿਹਾ ਕਿ ਪੰਜਾਬ ਵਿੱਚ ਪੰਜ ਮਹਿਲਾ ਐੱਸ ਐੱਸ ਪੀ ਅਤੇ ਸੱਤ ਮਹਿਲਾਵਾਂ ਡੀ ਸੀ ਵਜੋਂ ਸੇਵਾਵਾਂ ਨਿਭਾਅ ਰਹੀਆਂ ਹਨ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਔਰਤਾਂ ਨੂੰ ਸਿੱਖਿਅਤ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ |
ਪਿਛਲੀਆਂ ਸਰਕਾਰਾਂ ‘ਤੇ ਸ਼ਬਦੀ ਹਮਲੇ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਕੰਮ ਸਿਰਫ ਵੋਟਾਂ ਲੈਣਾ ਸੀ | ਹੁਣ 70 ਸਾਲ ਪੁਰਾਣੀਆਂ ਗੰਢਾਂ ਖੁੱਲ੍ਹ ਰਹੀਆਂ ਹਨ, ਭਾਵੇਂ ਥੋੜ੍ਹਾ ਸਮਾਂ ਲੱਗ ਰਿਹਾ ਹੈ, ਪਰ 70 ਸਾਲ ਪੁਰਾਣੀਆਂ ਗੰਢਾਂ ਖੁੱਲ੍ਹਣ ਲੱਗੀਆਂ ਹਨ | ਹੁਣ ਪੈਸਾ ਲੁੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਕਿਉਂਕਿ ਕਾਨੂੰਨ ਸਭ ਦੇ ਲਈ ਇਕ ਹੈ | ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ‘ਤੇ ਭਗਵੰਤ ਮਾਨ ਨੇ ਬਾਦਲਾਂ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ | ਅਸੀਂ ਗੁਰੂ ਦਾ ਇਨਸਾਫ ਦਿਵਾਵਾਂਗੇ | ਗਲੀਆਂ ‘ਚ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਨੂੰ ਇਨ੍ਹਾਂ ਨੇ ਰੋਲਿਆ | ਭਗਵੰਤ ਮਾਨ ਨੇ ਕਿਹਾ ਕਿ ਮੈਂ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ ਇਥੇ ਦੇਰ ਹੈ ਅੰਧੇਰ ਨਹੀਂ, ਜੇ ਸਾਡੇ ਹੱਥ ਵਿਚ ਇਸਨਾਫ ਦਾ ਪੈੱਨ ਆ ਗਿਆ ਤਾਂ ਗੁਰੂ ਦਾ ਇਨਸਾਫ ਪੰਜਾਬ ਵਿਚ ਹੀ ਨਾ ਦਿਵਾ ਸਕੇ ਤਾਂ ਫਿਰ ਕਾਹਦੀਆਂ ਸਰਕਾਰਾਂ | ਹੁਣ ਗੁਰੂ ਦਾ ਇਨਸਾਫ ਦਿਵਾਵਾਂਗੇ | ਇਨ੍ਹਾਂ ਤੋਂ ਲੁੱਟ ਦਾ ਹਰ ਹਿਸਾਬ ਲਿਆ ਜਾਵੇਗਾ |