ਨਵੀਂ ਦਿੱਲੀ : ਆਬਕਾਰੀ ਨੀਤੀ ਕੇਸ ‘ਚ ਐਤਵਾਰ ਸੀ ਬੀ ਆਈ ਦਫਤਰ ‘ਚ ਪੇਸ਼ ਹੋਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਸੀ ਬੀ ਆਈ ਨੂੰ ਜਾਂਚ ‘ਚ ਪੂਰਾ ਸਹਿਯੋਗ ਦੇਣਗੇ | ਸੀ ਬੀ ਆਈ ਹੈੱਡਕੁਆਰਟਰ ਪੁੱਜਣ ਤੋਂ ਪਹਿਲਾਂ ਸਿਸੋਦੀਆ ਰਾਜਘਾਟ ਵੀ ਗਏ | ਸਿਸੋਦੀਆ ਨੇ ਕਿਹਾ ਕਿ ਜੇ ‘ਝੂਠੇ ਦੋਸ਼ਾਂ’ ਲਈ ਉਨ੍ਹਾ ਨੂੰ ਜੇਲ੍ਹ ਵੀ ਜਾਣਾ ਪਿਆ ਤਾਂ ਉਨ੍ਹਾ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ | ਸਿਸੋਦੀਆ, ਜਿਨ੍ਹਾ ਕੋਲ ਵਿੱਤ ਮੰਤਰਾਲਾ ਵੀ ਹੈ, ਨੂੰ ਅਸਲ ‘ਚ ਪਿਛਲੇ ਐਤਵਾਰ ਨੂੰ ਪੁੱਛਗਿੱਛ ਲਈ ਸੰਮਨ ਕੀਤਾ ਗਿਆ ਸੀ, ਪਰ ਉਨ੍ਹਾ ਬਜਟ ਅਮਲ ਦੇ ਮੱਦੇਨਜ਼ਰ ਅੱਗੇ ਕਿਸੇ ਹੋਰ ਤਰੀਕ ਨੂੰ ਸੰਮਨ ਕੀਤੇ ਜਾਣ ਦੀ ਅਪੀਲ ਕੀਤੀ ਸੀ | ਸਿਸੋਦੀਆ ਨੇ ਹਿੰਦੀ ‘ਚ ਕੀਤੇ ਟਵੀਟ ‘ਚ ਕਿਹਾ—ਮੈਂ ਸੀ ਬੀ ਆਈ ਅੱਗੇ ਪੇਸ਼ ਹੋਣ ਜਾ ਰਿਹਾ ਹਾਂ | ਜਾਂਚ ‘ਚ ਪੂਰਾ ਸਹਿਯੋਗ ਦੇਵਾਂਗਾ | ਮੇਰੇ ਕੋਲ ਲੱਖਾਂ ਬੱਚਿਆਂ ਤੇ ਕਰੋੜਾਂ ਦੇਸ਼ ਵਾਸੀਆਂ ਦਾ ਪਿਆਰ ਹੈ | ਜੇਕਰ ਮੈਨੂੰ ਕੁਝ ਮਹੀਨਿਆਂ ਲਈ ਜੇਲ੍ਹ ਵੀ ਜਾਣਾ ਪਿਆ ਤਾਂ ਮੈਨੂੰ ਕੋਈ ਪ੍ਰਵਾਹ ਨਹੀਂ | ਅਸੀਂ ਭਗਤ ਸਿੰਘ ਦੇ ਅਨੁਯਾਈ ਹਾਂ | ਭਗਤ ਸਿੰਘ ਦੇਸ਼ ਲਈ ਸ਼ਹੀਦ ਹੋਏ | ਜੇਕਰ ਮੈਨੂੰ ਅਜਿਹੇ ਝੂਠੇ ਦੋਸ਼ਾਂ ਲਈ ਜੇਲ੍ਹ ਜਾਣਾ ਪਿਆ ਤਾਂ ਇਹ ਬਹੁਤ ਛੋਟੀ ਚੀਜ਼ ਹੈ | ਉਧਰ ਕੁਝ ‘ਆਪ’ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੁਝ ਕੌਂਸਲਰਾਂ ਨੂੰ ਰਾਜ ਘਾਟ ‘ਚ ਜਾਣ ਤੋਂ ਰੋਕਣ ਲਈ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ | ‘ਆਪ’ ਦੇ ਕੌਮੀ ਤਰਜਮਾਨ ਸੌਰਭ ਭਾਰਦਵਾਜ ਨੇ ਸਿਸੋਦੀਆ ਨੂੰ ਦੇਸ਼ ਦਾ ਭਵਿੱਖੀ ਸਿੱਖਿਆ ਮੰਤਰੀ ਦੱਸਦੇ ਹੋਏ ਕਿਹਾ—ਅਰਵਿੰਦ ਕੇਜਰੀਵਾਲ ਭਾਜਪਾ ਤੇ ਪ੍ਰਧਾਨ ਮੰਤਰੀ ਲਈ ਨਵੀਂ ਚੁਣੌਤੀ ਹੈ | ਖਤਰਾ ਰਾਹੁਲ ਗਾਂਧੀ ਤੋਂ ਨਹੀਂ, ਬਲਕਿ ਅਰਵਿੰਦ ਕੇਜਰੀਵਾਲ ਤੋਂ ਹੈ ਤੇ ਇਹੀ ਵਜ੍ਹਾ ਹੈ ਕਿ ਉਹ ਸਾਡੀ ਪਾਰਟੀ ਦੇ ਪਿੱਛੇ ਲੱਗੇ ਹੋਏ ਹਨ |