ਚੰਡੀਗੜ੍ਹ : ਮਾਲਵਾ ਪੱਟੀ ‘ਚ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਮੰਗਲਵਾਰ ਅਚਾਨਕ ਬਦਲੇ ਮੌਸਮ ਨੇ ਕਿਸਾਨਾਂ ਨੂੰ ਡਰਾ ਦਿੱਤਾ | ਤੇਜ਼ ਹਵਾ ਕਾਰਨ ਅਗੇਤੀਆਂ ਅਤੇ ਭਾਰੀਆਂ ਕਣਕਾਂ ਟੇਢੀਆਂ ਹੋ ਗਈਆਂ ਤੇ ਜਿਹੜੀਆਂ ਕਣਕਾਂ ਨੂੰ ਤਾਜ਼ਾ ਪਾਣੀ ਲੱਗਿਆ ਹੋਇਆ ਸੀ, ਉਹ ਵਿਛ ਗਈਆਂ | ਖੇਤੀ ਮਾਹਰਾਂ ਨੇ ਅਗਲੇ 72 ਘੰਟੇ ਕਣਕ ਸਮੇਤ ਹੋਰ ਫ਼ਸਲਾਂ ਨੂੰ ਪਾਣੀ ਨਾ ਦੇਣ ਦੀ ਸਿਫਾਰਸ਼ ਕੀਤੀ ਹੈ | ਮੌਸਮ ਮਹਿਕਮੇ ਨੇ ਅਗਲੇ 48 ਘੰਟੇ ਮੌਸਮ ਅਜਿਹਾ ਹੀ ਰਹਿਣ ਦੀ ਗੱਲ ਕਹੀ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਕਈ ਹਿੱਸਿਆਂ ‘ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੇ ਠੰਢੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ | ਪਹਿਲੀ ਮਾਰਚ ਨੂੰ ਭਰਵੇਂ ਮੀਂਹ ਦੀ ਆਸ ਹੈ | ਕਈ ਜ਼ਿਲਿ੍ਹਆਂ ‘ਚ ਘੱਟੋ-ਘੱਟ ਤਾਪਮਾਨ 6 ਤੋਂ 9 ਡਿਗਰੀ ਸੈਲਸ਼ੀਅਸ ਰਹਿ ਸਕਦਾ ਹੈ ਅਤੇ ਕੁੱਝ ਕੁ ਥਾਵਾਂ ‘ਤੇ ਗਰਜ ਦੇ ਨਾਲ-ਨਾਲ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ | ਮਾਹਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਣਕ ਸਮੇਤ ਆਪਣੀਆਂ ਫ਼ਸਲਾਂ ਨੂੰ ਪਾਣੀ ਨਾ ਲਾਉਣ | ਪਾਣੀ ਲਾਉਣ ਨਾਲ ਜੜ੍ਹਾਂ ਪੋਲੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਤੋਂ ਤੇਜ਼ ਹਵਾ ਸਹਾਰੀ ਨਹੀਂ ਜਾਂਦੀ, ਜਿਸ ਕਾਰਨ ਅਗੇਤੀਆਂ ਅਤੇ ਭਾਰੀ ਕਣਕਾਂ ਧਰਤੀ ‘ਤੇ ਡਿੱਗ ਪੈਦੀਆਂ ਹਨ, ਜੋ ਮਗਰੋਂ ਝਾੜ ਘਟਣ ਦਾ ਵੀ ਕਾਰਨ ਬਣ ਜਾਂਦੀਆਂ ਹਨ |