ਤੁਰਦੇ-ਫਿਰਦੇ ਅਚਾਨਕ ਮੌਤ

0
219

ਕਮਲਜੀਤ ਥਾਬਲਕੇ
ਵੈਸੇ ਤਾਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਆਮ ਹੀ ਕਿਹਾ ਜਾਂਦਾ ਹੈ ਜ਼ਿੰਦਗੀ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਹੈ, ਹੁਣ ਹੈ ਪਲ ਭਰ ਪਤਾ ਨਹੀਂ, ਪਰ ਫਿਰ ਵੀ ਸਾਡੇ ਸਾਰਿਆਂ ‘ਚ ਜ਼ਿੰਦਗੀ ਨੂੰ ਇਸੇ ਤਰ੍ਹਾਂ ਜੀਆ ਜਾਂਦਾ ਹੈ ਕਿ ਸ਼ਾਇਦ ਕਦੇ ਮਰਨਾ ਨਹੀਂ | ਸਭ ਕਾਸੇ ਨੂੰ ਇਕੱਠਾ ਕਰਨ ‘ਚ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ, ਫਿਰ ਵੀ ਹੱਥ ਖਾਲੀ ਦੇ ਖਾਲੀ ਹੀ | ਅੱਜਕੱਲ੍ਹ ਮੌਤ ਦੀ ਇੱਕ ਵੱਖਰੀ ਹੀ ਖੇਡ ਦੇਖਣ ਨੂੰ ਮਿਲ ਰਹੀ ਹੈ | ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਦੇਖਣ-ਸੁਣਨ ਨੂੰ ਮਿਲ ਰਹੀਆਂ ਹਨ ਕਿ ਕੋਈ ਫਲਾਣਾ ਬੈਠਾ-ਬੈਠਾ ਡਿੱਗ ਪਿਆ ਤੇ ਦੁਬਾਰਾ ਉਠਿਆ ਹੀ ਨਹੀਂ, ਮਸਲਨ ਰੱਬ ਨੂੰ ਪਿਆਰਾ ਹੋ ਗਿਆ, ਕੋਈ ਸੁੱਤਾ ਪਿਆ ਸੁੱਤਾ ਹੀ ਰਹਿ ਗਿਆ | ਕੋਈ ਖੇਡਦਾ-ਖੇਡਦਾ ਹੀ ਡਿੱਗ ਗਿਆ ਤੇ ਮੌਤ ਨੂੰ ਪਿਆਰਾ ਹੋ ਗਿਆ | ਕੀ ਕੁਦਰਤ ਨੇ ਕੋਈ ਨਵੀਂ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ ਜਾਂ ਇਨਸਾਨ ਦਾ ਕੁਦਰਤ ਪ੍ਰਤੀ ਜੋ ਰਵੱਈਆ ਹੈ, ਉਸ ਦਾ ਹਰਜਾਨਾ ਇਨਸਾਨ ਭੁਗਤ ਰਿਹਾ ਹੈ | ਇਨ੍ਹਾਂ ਅਚਾਨਕ ਮੌਤਾਂ ‘ਚ ਮਰਨ ਵਾਲਿਆਂ ‘ਚ ਕੋਈ ਵੀ ਇੱਕ-ਦੂਜੇ ਨੂੰ ਨਹੀਂ ਜਾਣਦਾ ਸੀ, ਪਰ ਇੱਕ ਗੱਲ ਸਮਾਨ ਹੈ ਅਚਾਨਕ ਮੌਤ |
ਹੁਣੇ ਜਿਹੇ ਹੈਦਰਾਬਾਦ ‘ਚ ਇੱਕ ਘਰ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ | ਘਰ ‘ਚ ਗੀਤ-ਸੰਗੀਤ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ | ਸਾਹਮਣੇ ਵਿਆਂਦੜ ਬੈਠਾ ਸੀ, ਹਲਦੀ ਦੀ ਰਸਮ ਚੱਲ ਰਹੀ ਸੀ | ਖੁਸ਼ੀ ਦਾ ਮਾਹੌਲ ਸੀ | ਇੱਕ ਵਿਅਕਤੀ ਹਲਦੀ ਲਗਾਉਣ ਲਈ ਵਿਆਂਦੜ ਕੋਲ ਪਹੁੰਚਦਾ ਹੈ ਤੇ ਹਲਦੀ ਲਗਾਉਣ ਹੀ ਲੱਗਦਾ ਬਸ ਮੂਧੇ ਮੂੰਹ ਡਿੱਗ ਪੈਂਦਾ ਤੇ ਦੁਬਾਰਾ ਨਹੀਂ ਉਠਦਾ | ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ, ਜਿੱਥੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਜਾਂਦਾ ਹੈ |
ਇਸੇ ਤਰ੍ਹਾਂ ਦਾ ਨੰਦੇੜ ਤੋਂ ਇੱਕ ਵੀਡੀਓ ਸਾਹਮਣੇ ਆਉਂਦਾ ਹੈ, ਜਿੱਥੇ ਸਿਰਫ਼ ਇਕ 19 ਸਾਲ ਦਾ ਨੌਜਵਾਨ ਤੇਲੰਗਾਨਾ ਤੋਂ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ‘ਚ ਆਇਆ ਸੀ | ਵਿਆਹ ਦਾ ਮਾਹੌਲ ਹੋਣ ਕਰਕੇ ਡਾਂਸ ਦਾ ਪ੍ਰੋਗਰਾਮ ਚੱਲ ਰਿਹਾ ਸੀ | ਲੋਕ ਖੁਸ਼ ਸਨ, ਗੀਤ ਗਾਏ ਜਾ ਰਹੇ ਸਨ | ਇਸੇ ਸਮੇਂ ਨੌਜਵਾਨ ਉਠ ਕੇ ਨੱਚਣ ਲੱਗਦਾ, ਬਸ ਦੂਜੇ ਹੀ ਪਲ ਉਹ ਡਿੱਗ ਪੈਂਦਾ ਤੇ ਰੱਬ ਨੂੰ ਪਿਆਰ ਹੋ ਜਾਂਦਾ | ਲੋਕ ਉਸ ਨੂੰ ਚੁੱਕਦੇ, ਜਦ ਤੱਕ ਉਸ ਦੇ ਸਾਹ ਰੁਕ ਗਏ ਸਨ ਤੇ ਸਰੀਰ ਬੇਜਾਨ ਹੋ ਗਿਆ | ਅਹਿਮਦਾਬਾਦ ਤੋਂ ਵੀ ਇਸੇ ਤਰ੍ਹਾਂ ਦਾ ਹੀ ਵੀਡੀਓ ਸਾਹਮਣੇ ਆਇਆ, ਜਿੱਥੇ ਜੀ ਐੱਸ ਟੀ ਅਤੇ ਜ਼ਿਲ੍ਹਾ ਪੰਚਾਇਤ ਵਿਭਾਗ ਵਿਚਾਲੇ ਕ੍ਰਿਕਟ ਮੈਚ ਚੱਲ ਰਿਹਾ ਸੀ | ਬਸੰਤ ਰਠੌੜ ਨਾਂਅ ਦਾ ਨੌਜਵਾਨ ਗੇਂਦਬਾਜ਼ੀ ਕਰਨ ਲਈ ਆਉਂਦਾ ਹੈ, ਉਸੇ ਸਮੇਂ ਉਸ ਨੂੰ ਕੁਝ ਮਹਿਸੂਸ ਹੁੰਦਾ ਤੇ ਉਹ ਮੈਦਾਨ ‘ਚ ਬੈਠ ਜਾਂਦਾ, ਫਿਰ ਉਸ ਨੂੰ ਉਸ ਦੇ ਸਾਥੀ ਉਠਾ ਕੇ ਤੋਰਨ ਲੱਗਦੇ, ਚਾਰ-ਪੰਜ ਕਦਮ ਚੱਲਦੇ ਹੀ ਫਿਰ ਉਠ ਕੇ ਬੈਠ ਜਾਂਦਾ | ਟੀਮ ਦੇ ਬਾਕੀ ਖਿਡਾਰੀ ਵੀ ਉਸ ਕੋਲ ਆਉਣ ਲੱਗਦੇ | ਉਦੋਂ ਹੀ ਉਹ ਜ਼ਮੀਨ ‘ਤੇ ਲੰਮਾ ਪੈ ਜਾਂਦਾ ਤੇ ਦੁਬਾਰਾ ਨਹੀਂ ਉਠਦਾ |
ਮੱਧ ਪ੍ਰਦੇਸ਼ ਦੇ ਸਾਗਰ ਇਲਾਕੇ ‘ਚ ਵੀ ਇਸੇ ਤਰ੍ਹ੍ਹਾਂ ਦੀ ਘਟਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿੱਥੇ ਇੱਕ ਸਕਿਉਰਿਟੀ ਗਾਰਡ ਖਾਣਾ ਖਾ ਰਿਹਾ ਸੀ | ਉਸੇ ਸਮੇਂ ਅਚਾਨਕ ਦਰਦ ਹੁੰਦਾ ਤੇ ਉਹ ਟੇਬਲ ਦੇ ਥੱਲੇ ਡਿੱਗ ਜਾਂਦਾ ਤੇ ਉਸ ਦੀ ਵੀ ਮੌਤ ਹੋ ਜਾਂਦੀ | ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਕਿਤੇ ਕੋਈ ਬੈਡਮਿੰਟਨ ਖੇਡਦਾ, ਕੋਈ ਸਕੂਟੀ ਚਲਾਉਂਦੇ ਤੇ ਕੋਈ ਕਾਰ ‘ਚ ਬੈਠਾ-ਬੈਠਾ ਹੀ ਰੱਬ ਨੂੰ ਪਿਆਰਾ ਹੋ ਰਿਹਾ ਹੈ | ਇਹ ਸਾਰੀਆਂ ਮੌਤਾਂ ਇੱਕ ਹੀ ਕਾਰਨ ਦਿਲ ਦਾ ਦੌਰਾ ਹੈ | ਪਿਛਲੇ ਇੱਕ-ਦੋ ਸਾਲਾਂ ‘ਚ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਨੇ ਪੂਰ ਦੁਨੀਆ ਨੂੰ ਡਰਾ ਦਿੱਤਾ ਹੈ | ਪਿਛਲੇ ਕੁਝ ਸਮੇਂ ‘ਚ ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਰਾਜੂ ਸ੍ਰੀਵਾਸਤਵ ਤੋਂ ਲੈ ਕੇ ਗੀਤਕਾਰ ਕੇ ਕੇ ਜਾਂ ਫਿਰ ਕੰਨੜ ਅਦਾਕਾਰ ਪੁਨੀਤ ਰਾਜਕੁਮਾਰ ਜਾਂ ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ, ਇਨ੍ਹਾਂ ਸਾਰਿਆਂ ਦੀ ਮੌਤ ਦਾ ਕਾਰਨ ਇੱਕ ਹੀ ਸੀ, ਦਿਲ ਦਾ ਦੌਰਾ |
ਦਿਲ ਦਾ ਦੌਰਾ ਤੇ ਫਿਰ ਮੌਤ ‘ਚ ਦਿਲ ਨਾਲ ਜੁੜੀ ਹਰ ਐਕਟੀਵਿਟੀ ਅਚਾਨਕ ਬੰਦ ਹੋ ਜਾਂਦੀ ਹੈ | ਇਸ ‘ਚ ਸਾਹ ਚੱਲਣਾ ਜਾਂ ਫਿਰ ਖੂਨ ਦਾ ਵਹਾਅ ਸਭ ਕੁਝ ਤੁਰੰਤ ਬੰਦ ਹੋ ਜਾਂਦਾ ਹੈ | ਕੁਝ ਹੀ ਸੈਕਿੰਡਾਂ ‘ਚ ਇਨਸਾਨ ਖ਼ਤਮ ਹੋ ਜਾਂਦਾ ਹੈ | ਅਚਾਨਕ ਦਿਲ ਦਾ ਦੌਰਾ ਪੈਣਾ ਤੇ ਮੌਤ ਹੋ ਜਾਣਾ ਵੱਖਰੀ ਗੱਲ ਹੈ | ਇਸ ‘ਚ ਦਿਲ ਦੀ ਧੜਕਣ ਵਿਗੜਦੀ ਹੈ ਅਤੇ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ | ਇਸ ‘ਚ ਜੇਕਰ ਤੁਰੰਤ ਫਸਟਏਡ ਸੀ ਪੀ ਆਰ ਮਿਲ ਜਾਵੇ ਤਾਂ ਜਾਨ ਬਚਾਈ ਜਾ ਸਕਦੀ ਹੈ | ਦਿਲ ਦੇ ਦੌਰੇ ‘ਚ ਕਿਸੇ ਕਲਾਟ ਕਾਰਨ ਖੂਨ ਦਾ ਵਹਾਅ ਰੁਕ ਜਾਂਦਾ ਹੈ | ਅਚਾਨਕ ਹੋ ਰਹੀਆਂ ਮੌਤਾਂ ਦਿਲ ਦੇ ਦੌਰੇ ਤੋਂ ਵੱਖਰੀਆਂ ਦਿਖਾਈ ਦੇ ਰਹੀਆਂ ਹਨ | ਇਹ ਸਾਰੇ ਮਾਮਲੇ ਅਚਾਨਕ ਦਿਲ ਦਾ ਦੌਰਾ ਤੇ ਮੌਤ ਨਾਲ ਜੁੜੇ ਹੋਏ ਲੱਗ ਰਹੇ ਹਨ |
ਦਿਲ ਦੇ ਮਾਹਰ ਡਾਕਟਰ ਦੱਸਦੇ ਹਨ ਕਿ ਅਚਾਨਕ ਦਿਲ ਦੇ ਦੌਰੇ ਕਾਰਨ ਦਿਲ ਦੇ ਇਲੈਕਟ੍ਰੀਕਲ ਸਿਗਨਿਲੰਗ ‘ਚ ਗੜਬੜ ਆਉਣ ਸਮੱਸਿਆ ਆਉਂਦੀ ਹੈ | ਜਦ ਦਿਲ ਦੀ ਧੜਕਣ ਬਹੁਤ ਤੇਜ਼ ਹੁੰਦੀ ਹੈ ਤਾਂ ਦਿਲ ਦਾ ਹੇਠਲਾ ਚੈਂਬਰ ਖੂਨ ਨੂੰ ਪੰਪ ਕਰਨ ਦੀ ਬਜਾਏ ਬਿਨਾਂ ਮਤਲਬ ਫੜਫੜਾਉਣ ਲੱਗਦਾ ਹੈ | ਦਿਲ ‘ਤੇ ਕਿਸੇ ਵੀ ਕਾਰਨ ਜ਼ੋਰ ਪੈਂਦਾ ਹੈ ਜਾਂ ਇਸ ਦੇ ਟਿਸ਼ੂਆਂ ਨੂੰ ਨੁਕਸਾਨ ਹੁੰਦਾ ਹੈ ਤਾਂ ਅਚਾਨਕ ਮੌਤ ਹੋਣ ਦਾ ਖ਼ਤਰਾ ਵਧ ਜਾਂਦਾ ਹੈ | ਡਾਕਟਰਾਂ ਅਨੁਸਾਰ ਜੇਕਰ ਤੁਹਾਡੀ ਧੜਕਣ ਜ਼ਿਆਦਾ ਤੇਜ ਧੜਕਦੀ ਹੈ ਜਾਂ ਕੋਈ ਕੰਮ ਕਰਨ, ਕਸਰਤ ਕਰਦੇ ਸਮੇਂ ਬੇਹੋਸ਼ੀ ਆਉਂਦੀ ਤਾਂ ਇਹ ਦਿਲ ਨਾਲ ਜੁੜੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ | ਇਸ ਤੋਂ ਇਲਾਵਾ ਪੌੜੀਆਂ ਚੜ੍ਹਦੇ ਸਮੇਂ ਸਾਹ ਚੜ੍ਹਨਾ, ਸਾਹ ਫੁੱਲਣਾ ਵਗੈਰਾ ਵੀ ਦਿਲ ਨਾਲ ਜੁੜੀ ਸਮੱਸਿਆ ਦੇ ਸੰਕੇਤ ਵੱਲ ਇਸ਼ਾਰਾ ਕਰਦਾ ਹੈ | ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਦਿਲ ਦੇ ਦੌਰੇ ਨਾਲ ਹੋਣ ਵਾਲੀਆ ਮੌਤਾਂ ‘ਚ ਘੱਟ ਉਮਰ ਦੇ ਨੌਜਵਾਨਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ | ਇਸ ਸਭ ‘ਚ ਸੋਚਣ ਵਾਲੀ ਗੱਲ ਇਹ ਹੈ ਕਿ 19-20 ਜਾਂ 25-30 ਸਾਲ ਦਾ ਨੌਜਵਾਨ ਕਿਸ ਤਰ੍ਹਾਂ ਸਮਝੇ ਕਿ ਉਸ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਹੈ | ਇੱਕ ਰਿਪੋਰਟ ਅਨੁਸਾਰ ਬੀਤੇ ਸਾਲਾਂ ‘ਚ 50 ਤੋਂ ਘੱਟ ਉਮਰ ਦੇ 50 ਫੀਸਦੀ ਅਤੇ 40 ਸਾਲ ਤੋਂ ਘੱਟ ਉਮਰ ਦੇ 25 ਫੀਸਦੀ ਲੋਕਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾ ਦੇਖਿਆ ਗਿਆ ਹੈ | ਸਿੱਧਾ ਜਿਹਾ ਮਤਲਬ ਹੈ ਕਿ ਨੌਜਵਾਨਾਂ ‘ਚ ਦਿਲ ਦੇ ਦੌਰੇ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ | ਡਾਕਟਰਾਂ ਦਾ ਮੰਨਣਾ ਹੈ ਕਿ ਨੌਜਵਾਨਾਂ ‘ਚ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਜੰਕ ਫੂਡ ਹੈ, ਕੋਈ ਕਸਰਤ ਨਾ ਕਰਨਾ, ਨਾਲ ਹੀ ਜ਼ਿਆਦਾ ਟੈਨਸ਼ਨ ‘ਚ ਰਹਿਣਾ | ਡਾਕਟਰਾਂ ਦਾ ਮੰਨਣਾ ਹੈ ਕਿ ਦਿਲ ਦੀ ਸਿਹਤ ਤੰਦਰੁਸਤ ਰੱਖਣੀ ਹੈ ਤਾਂ ਘੱਟੋ-ਘੱਟ 1 ਘੰਟਾ ਰੋਜ਼ਾਨਾ ਸਵੇਰ ਦੀ ਸੈਰ ਕਰੋ ਅਤੇ ਪੌਸ਼ਟਿਕ ਭੋਜਨ ਖਾਓ ਅਤੇ ਜਿੰਨਾ ਹੋ ਸਕੇ ਆਪਣੇ ਆਪ ਨੂੰ ਖੁਸ਼ ਰੱਖੋ |

LEAVE A REPLY

Please enter your comment!
Please enter your name here