ਚੰਡੀਗੜ੍ਹ : ਈ-ਟੈਂਡਰਿੰਗ ਦਾ ਵਿਰੋਧ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੋਠੀ ਵੱਲ ਮਾਰਚ ਕਰ ਰਹੇ ਹਰਿਆਣਾ ਦੇ ਸਰਪੰਚਾਂ ‘ਤੇ ਪੁਲਸ ਨੇ ਬੁੱਧਵਾਰ ਤਕੜੀ ਡਾਂਗ ਵਰ੍ਹਾਈ | ਪਾਣੀ ਦੀਆਂ ਤੋਪਾਂ ਵੀ ਚਲਾਈਆਂ | ਪੁਲਸ ਨੇ ਪੰਚਕੂਲਾ ਵਿਚ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਬੈਰੀਕੇਡਾਂ ‘ਤੇ ਚੜ੍ਹ ਗਏ | ਇਸ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਕਰ ਦਿੱਤਾ, ਜਿਸ ਵਿਚ ਕਈ ਜ਼ਖਮੀ ਹੋ ਗਏ | ਮੁੱਖ ਮੰਤਰੀ ਨੇ ਓ ਐੱਸ ਡੀ ਨੂੰ ਗੱਲ ਸੁਣਨ ਲਈ ਘੱਲਿਆ, ਪਰ ਸਰਪੰਚਾਂ ਨੇ ਉਸ ਨੂੰ ਬੈਰੰਗ ਪਰਤਾ ਦਿੱਤਾ ਤੇ ਉਹ ਚੰਡੀਗੜ੍ਹ-ਪੰਚਕੂਲਾ ਬਾਰਡਰ ‘ਤੇ ਧਰਨਾ ਲਾ ਕੇ ਬੈਠ ਗਏ | ਸਰਕਾਰ ਨੇ ਦੋ ਲੱਖ ਤੋਂ ਵੱਧ ਦੇ ਕੰਮ ਲਈ ਈ-ਟੈਂਡਰਿੰਗ ਲਾਜ਼ਮੀ ਕਰ ਦਿੱਤੀ ਹੈ | ਸਰਪੰਚਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਹ ਗਲੀ-ਨਾਲੀ ਤੱਕ ਆਪਣੇ ਪੱਧਰ ‘ਤੇ ਨਹੀਂ ਬਣਵਾ ਸਕਦੇ | ਚੁਣੇ ਹੋਏ ਨੁਮਾਇੰਦਿਆਂ ਨੂੰ ਅਫਸਰਾਂ ਦਾ ਗੁਲਾਮ ਬਣਾਇਆ ਜਾ ਰਿਹਾ ਹੈ | ਪਿਛਲੇ ਦਿਨੀਂ ਸਰਪੰਚਾਂ ਨਾਲ ਮੀਟਿੰਗ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦਵਿੰਦਰ ਬਬਲੀ ਨੇ ਕਿਹਾ ਸੀ ਕਿ ਉਨ੍ਹਾ ਦੇ ਵੱਸ ਦੀ ਗੱਲ ਨਹੀਂ, ਉਹ ਮੁੱਖ ਮੰਤਰੀ ਨੂੰ ਤੁਹਾਡੇ ਵਿਚਾਰਾਂ ਤੋਂ ਜਾਣੰੂ ਕਰਵਾ ਦੇਣਗੇ | ਇਸ ਤੋਂ ਬਾਅਦ ਸਰਪੰਚਾਂ ਨੇ ਪਹਿਲੀ ਨੂੰ ਖੱਟਰ ਦੀ ਕੋਠੀ ਦੇ ਘੇਰਾਓ ਦਾ ਐਲਾਨ ਕੀਤਾ ਸੀ | ਇਸੇ ਦੌਰਾਨ ਅੰਦੋਲਨ ਵਿਚ ਹਿੱਸਾ ਲੈਣ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਨਵੀਨ ਜੈ ਹਿੰਦ ਵੀ ਪਹੁੰਚੇ ਹੋਏ ਸਨ |





