ਨਵੀਂ ਦਿੱਲੀ : ਮਾਰਚ ਮਹੀਨੇ ਦੀ ਸ਼ੁਰੂਆਤ ਐੱਲ ਪੀ ਜੀ ਦੀ ਕੀਮਤ ‘ਚ ਬੁੱਧਵਾਰ 50 ਰੁਪਏ ਪ੍ਰਤੀ ਸਿਲੰਡਰ ਦੇ ਵਾਧੇ ਨਾਲ ਹੋਈ, ਜਦੋਂ ਕਿ ਹਵਾਬਾਜ਼ੀ ਟਰਬਾਈਨ ਫਿਊਲ (ਏ ਟੀ ਐੱਫ) ਦੀ ਕੀਮਤ ‘ਚ ਚਾਰ ਫੀਸਦੀ ਦੀ ਕਟੌਤੀ ਕੀਤੀ ਗਈ | ਤੇਲ ਮਾਰਕੀਟਿੰਗ ਕੰਪਨੀ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਗੈਰ-ਸਬਸਿਡੀ ਵਾਲੇ ਐੱਲ ਪੀ ਜੀ ਜਾਂ ਰਸੋਈ ਗੈਸ ਦੀ ਕੀਮਤ 1,103 ਰੁਪਏ ਪ੍ਰਤੀ ਸਿਲੰਡਰ (14.2 ਕਿਲੋਗ੍ਰਾਮ) ਕਰ ਦਿੱਤੀ ਗਈ ਹੈ |
ਜੁਲਾਈ 2022 ਤੋਂ ਬਾਅਦ ਇਹ ਪਹਿਲਾ ਵਾਧਾ ਹੈ | 19 ਕਿਲੋ ਦਾ ਕਮਰਸ਼ੀਅਲ ਸਿਲੰਡਰ ਵੀ 350 ਰੁਪਏ 50 ਪੈਸੇ ਮਹਿੰਗਾ ਹੋ ਕੇ ਦਿੱਲੀ ‘ਚ ਹੁਣ 2119 ਰੁਪਏ 50 ਪੈਸੇ ਦਾ ਹੋ ਗਿਆ ਹੈ | ਇਸ ਤੋਂ ਪਹਿਲਾਂ ਇਕ ਜਨਵਰੀ ਨੂੰ ਵੀ 25 ਰੁਪਏ ਮਹਿੰਗਾ ਹੋਇਆ ਸੀ |
ਬੀਤੇ ਇਕ ਸਾਲ ਵਿਚ ਘਰੇਲੂ ਗੈਸ ਸਿਲੰਡਰ ਵਿਚ ਪੰਜ ਵਾਰ ਤਬਦੀਲੀ ਕੀਤੀ ਗਈ ਹੈ | 22 ਮਾਰਚ 2022 ਨੂੰ 50 ਰੁਪਏ, 7 ਮਈ ਨੂੰ 50 ਰੁਪਏ, 19 ਮਈ ਨੂੰ ਢਾਈ ਰੁਪਏ ਤੇ 6 ਜੁਲਾਈ ਨੂੰ 50 ਰੁਪਏ ਵਧਾਏ ਗਏ ਸਨ | ਕੀਮਤਾਂ ‘ਚ ਵਾਧਾ ਤਿ੍ਪੁਰਾ, ਮੇਘਾਲਿਆ ਤੇ ਨਾਗਾਲੈਂਡ ਅਸੰਬਲੀ ਦੀਆਂ ਚੋਣਾਂ ਹੋ ਜਾਣ ਤੋਂ ਬਾਅਦ ਕੀਤਾ ਗਿਆ ਹੈ |
ਇਸੇ ਦੌਰਾਨ ਹਵਾਬਾਜ਼ੀ ਟਰਬਾਈਨ ਫਿਊਲ (ਏ ਟੀ ਐੱਫ) ਦੀ ਕੀਮਤ 4,606.50 ਰੁਪਏ ਪ੍ਰਤੀ ਕਿਲੋਲਿਟਰ (ਚਾਰ ਫੀਸਦੀ) ਘਟਾ ਕੇ 1,07,750.27 ਰੁਪਏ ਪ੍ਰਤੀ ਕਿਲੋਲਿਟਰ ਕੀਤੀ ਗਈ ਹੈ |
ਗੈਸ ਮਹਿੰਗੀ ਕਰਨ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਦੋਂ ਤੱਕ ‘ਲੁੱਟ ਦੇ ਹੁਕਮ’ ਜਾਰੀ ਰਹਿਣਗੇ | ਖੜਗੇ ਨੇ ਟਵੀਟ ਕੀਤਾ-ਲੋਕ ਪੁੱਛ ਰਹੇ ਹਨ ਕਿ ਹੁਣ ਹੋਲੀ ਦੇ ਪਕਵਾਨ ਕਿਵੇਂ ਬਣਨਗੇ, ਲੁੱਟ ਦੇ ਇਹ ਫਰਮਾਨ ਕਦੋਂ ਤੱਕ ਜਾਰੀ ਰਹਿਣਗੇ?





