ਜਲੰਧਰ (ਰਾਜੇਸ਼ ਥਾਪਾ)-ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਬਾਨੀ ਅਤੇ ਉੱਘੇ ਕਮਿਊਨਿਸਟ ਨੇਤਾ ਕਾਮਰੇਡ ਜਸਵੰਤ ਸਿੰਘ ਸਮਰਾ ਦਾ 19 ਵਾਂ ਬਰਸੀ ਸਮਾਗਮ ਕਾਮਰੇਡ ਜਸਵੰਤ ਸਿੰਘ ਸਮਰਾ ਹਾਲ ਦੇ ਵਿਹੜੇ ਵਿੱਚ ਨੇੜੇ ਬੱਸ ਸਟੈਂਡ ਜਲੰਧਰ ਵਿਖੇ ਸ਼ੁੱਕਰਵਾਰ ਪੂਰੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਹੋਇਆ | ਬਰਸੀ ਸਮਾਗਮ ਵਿੱਚ ਪੰਜਾਬ ਦੇ 18 ਡਿਪੂਆਂ ਦੇ ਵਰਕਰ, ਪੈਨਸ਼ਨਰ, ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ |
ਸਮਾਗਮ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਏਟਕ ਨੇ ਕਾਮਰੇਡ ਜਸਵੰਤ ਸਿੰਘ ਸਮਰਾ ਵਲੋਂ ਰੋਡਵੇਜ਼ ਕਾਮਿਆਂ ਦੀ ਜਥੇਬੰਦੀ ਅਤੇ ਸਮੁੱਚੀ ਕਿਰਤੀ ਜਮਾਤ ਲਈ ਪਾਏ ਭਰਪੂਰ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਰਾ ਜੀ ਸਿਰਫ ਪੰਜਾਬ ਰੋਡਵੇਜ਼ ਕਾਮਿਆਂ ਨੂੰ ਹੀ ਨਹੀਂ, ਸਗੋਂ ਹਰ ਵਰਗ ਦੇ ਮੌਜੂਦਾ ਸਰਮਾਏਦਾਰੀ ਪ੍ਰਬੰਧ ਦੇ ਸਤਾਏ ਲੋਕਾਂ ਲਈ ਇਨਸਾਫ ਦਿਵਾਉਣ ਲਈ ਤਤਪਰ ਰਹਿੰਦੇ ਸਨ, ਸੰਘਰਸ਼ ਕਰਦੇ ਅਤੇ ਪ੍ਰਾਪਤੀ ਕਰਦੇ ਸਨ | ਅਜਿਹੇ ਆਗੂਆਂ ਦੀ ਕਮੀ ਕਰਕੇ ਹੁਣ ਦੇਸ਼ ਦੇ ਹਾਕਮ ਆਪਣੀ ਮਨਮਰਜ਼ੀ ਦੇ ਫੈਸਲੇ ਲਾਗੂ ਕਰਵਾ ਕੇ ਦੇਸ਼ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰਵਾ ਰਹੇ ਹਨ | ਉਨ੍ਹਾ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਮੁੱਚੇ ਪਬਲਿਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅੰਬਾਨੀ-ਅਡਾਨੀ ਨੂੰ ਵੇਚਣ ਦਾ ਦੋਸ ਲਗਾਉਂਦਿਆਂ ਕਿਹਾ ਕਿ ਸਭ ਤੋਂ ਖਤਰਨਾਕ ਰੁਝਾਨ ਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ ਫਿਰਕੂ ਰੰਗਤ ਦੀ ਭੇਟ ਚਾੜ੍ਹ ਕੇ ਦੇਸ਼ ਦੇ ਟੋਟੇ ਕਰਨ ਦੀ ਨੀਯਤ ਨੂੰ ਕਾਮਰੇਡ ਜਸਵੰਤ ਸਿੰਘ ਸਮਰਾ ਦੇ ਵਾਰਸ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ |
ਕਾਮਰੇਡ ਜਗਰੂਪ ਅਤੇ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕਾਮਰੇਡ ਜਸਵੰਤ ਸਿੰਘ ਸਮਰਾ ਅਤੇ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਜੋੜੀ ਨੇ ਅੱਤਵਾਦ ਦੇ ਸਮੇਂ ਵਿੱਚ ਅੱਤ ਦੇ ਮਾੜੇ ਦੌਰ ਵਿੱਚ ਵੀ ਏਟਕ ਦੇ ਲਾਲ ਝੰਡੇ ਨੂੰ ਹਮੇਸ਼ਾ ਉੱਚਾ ਰੱਖਿਆ ਅਤੇ ਨਾਹਰਾ ਦਿੱਤਾ— ‘ਨਾ ਹਿੰਦੂ ਰਾਜ, ਨਾ ਖਾਲਿਸਤਾਨ, ਜੁੱਗ-ਜੁੱਗ ਜੀਵੇ ਹਿੰਦੁਸਤਾਨ |’ ਭਾਵੇਂ ਇਸ ਸਦਕਾ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੂੰ ਕੁਰਬਾਨੀ ਵੀ ਦੇਣੀ ਪਈ | ਉਨ੍ਹਾਂ ਕਾਮਰੇਡ ਜਸਵੰਤ ਸਿੰਘ ਸਮਰਾ ਵੱਲੋਂ ਟ੍ਰਾਂਸਪੋਰਟ ਵਿੱਚ ਨਿਭਾਏ ਸ਼ਾਨਦਾਰ ਰੋਲ ਸਦਕਾ ਅਥਾਹ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ, ਪਰ ਅੱਜ ਪੰਜਾਬ ਵਿੱਚ ਰਾਜਸੀ ਪਾਰਟੀਆਂ ਵੱਲੋਂ ਵੋਟਾਂ ਦੀ ਰਾਜਨੀਤੀ ਤਹਿਤ ਪਬਲਿਕ ਅਦਾਰਿਆਂ ਦਾ ਘਾਣ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ, ਜੋ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਇਸ ਦੀ ਪ੍ਰਤੀ ਜੀਅ ਆਮਦਨ ਦੇਸ਼ ਵਿੱਚ ਪਹਿਲੇ ਨੰਬਰ ‘ਤੇ ਹੋਣ ਦੇ ਬਾਵਜੂਦ ਅੱਜ ਕੰਗਾਲ ਸੂਬਾ ਕਹਾਉਣ ਲੱਗ ਪਿਆ ਹੈ | ਸੂਬੇ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਬਿਜਲੀ ਬੋਰਡ ਅਤੇ ਟ੍ਰਾਂਸਪੋਰਟ ਦੇ ਅਦਾਰੇ ਅੱਜ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਵੀ ਅਸਮਰਥ ਹਨ | ਇਨ੍ਹਾਂ ਪਬਲਿਕ ਅਦਾਰਿਆਂ ਦੀ ਰਾਖੀ ਹੀ ਕਾਮਰੇਡ ਜਸਵੰਤ ਸਿੰਘ ਸਮਰਾ ਨੂੰ ਸਮੁੱਚੀ ਅਤੇ ਸੁੱਚੀ ਸ਼ਰਧਾਂਜਲੀ ਹੈ |
ਇਸ ਮੌਕੇ ਬਰਖਾਸਤ ਡੀ ਐੱਸ ਪੀ ਬਲਵਿੰਦਰ ਸਿੰਘ ਸੇਖੋਂ ਦੇ ਹੱਕ ਵਿੱਚ ਮਤਾ ਪੇਸ਼ ਕੀਤਾ ਗਿਆ ਕਿ ਪੰਜਾਬ/ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਛੇ ਮਹੀਨਿਆਂ ਦੀ ਸਜ਼ਾ ਮਾਫ ਕੀਤੀ ਜਾਵੇ | ਪੰਜਾਬ ਸਰਕਾਰ ਉਨ੍ਹਾ ਦੀ ਬਰਖਾਸਤਗੀ ਨੂੰ ਰੱਦ ਕਰ ਕੇ ਨੌਕਰੀ ਦੇ ਸਾਰੇ ਲਾਭ ਦੇਵੇ | ਇਸ ਮਤੇ ਨੂੰ ਦੋਵੇਂ ਬਾਹਵਾਂ ਖੜੀਆਂ ਕਰਕੇ ਹਾਜ਼ਰੀਨ ਨੇ ਪਾਸ ਕੀਤਾ |
ਜਥੇਬੰਦੀ ਦੇ ਸਰਪ੍ਰਸਤ ਗੁਰਦੀਪ ਸਿੰਘ ਮੋਤੀ ਅਤੇ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਸਾਡੀ ਜਥੇਬੰਦੀ ਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੀ ਜਥੇਬੰਦੀ ਦੀ ਅਗਵਾਈ ਕਾਮਰੇਡ ਜਸਵੰਤ ਸਿੰਘ ਸਮਰਾ ਅਤੇ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਵਰਗੇ ਮਾਣ ਅਤੇ ਇਤਿਹਾਸ ਵਾਲੇ ਆਗੂਆਂ ਹੱਥ ਰਹੀ ਹੈ, ਇਸ ਦਾ ਹੀ ਸਿੱਟਾ ਹੈ ਕਿ ਭਾਵੇਂ ਜਥੇਬੰਦੀ ਦੇ ਅਨੇਕਾਂ ਸਾਥੀਆਂ ਦੀ ਸ਼ਹਾਦਤ ਉਨ੍ਹਾਂ ਦੀ ਬਣਦੀ ਉਮਰ ਤੋਂ ਪਹਿਲਾਂ ਹੋ ਗਈ, ਪਰ ਜਥੇਬੰਦੀ ਉਨ੍ਹਾਂ ਦੇ ਪਾਏ ਪੂਰਨਿਆਂ ਉਪਰ ਚਲਦਿਆਂ ਹਮੇਸ਼ਾ ਹੀ ਅੱਗੇ ਵਧੀ ਹੈ | ਇਸ ਮੌਕੇ ਨਾਟਕ ਅਤੇ ਕੋਰੀਓਗ੍ਰਾਫੀਆਂ ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਵੱਲੋਂ ਪੇਸ਼ ਕੀਤੀਆਂ ਗਈਆਂ | ਸਮਾਗਮ ਨੂੰ ਪੰਜਾਬ ਇਸਤਰੀ ਸਭਾ ਦੀ ਸੂਭਾਈ ਆਗੂ ਨਰਿੰਦਰ ਕੌਰ ਸੋਹਲ, ਕੁਲਦੀਪ ਭੋਲਾ, ਐਡਵੋਕੇਟ ਰਾਜਿੰਦਰ ਮੰਡ, ਗੁਰਜੀਤ ਸਿੰਘ ਘੋੜੇਵਾਹ, ਗੁਰਮੇਲ ਸਿੰਘ ਮੈਡਲੇ, ਗੁਰਜੰਟ ਸਿੰਘ ਕੋਕਰੀ, ਅਵਤਾਰ ਸਿੰਘ ਤਾਰੀ, ਬਚਿੱਤਰ ਸਿੰਘ ਥੋਥੜ, ਸੁਰਿੰਦਰ ਬਰਾੜ, ਸਤਿਆ ਪਾਲ ਗੁਪਤਾ, ਗੁਰਜੀਤ ਸਿੰਘ ਜਲੰਧਰ, ਹਰਿੰਦਰ ਸਿੰਘ ਚੀਮਾ, ਕਸ਼ਮੀਰ ਚੰਦ, ਪਰਮਜੀਤ ਸਿੰਘ, ਹਰਜੀਤ ਸਿੰਘ ਤੇ ਸੁਮੀਤ ਆਦਿ ਨੇ ਸੰਬੋਧਨ ਕੀਤਾ |