ਬੇਂਗਲੁਰੂ : ਲੋਕਾਯੁਕਤ ਪੁਲਸ ਨੇ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਜਾਣ ਤੋਂ ਇਕ ਦਿਨ ਬਾਅਦ ਭਾਜਪਾ ਵਿਧਾਇਕ ਮਦਲ ਵਿਰੂਪਕਸ਼ੱਪਾ ਦੇ ਪੁੱਤਰ ਪ੍ਰਸ਼ਾਂਤ ਕੁਮਾਰ ਦੇ ਘਰੋਂ 8 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਲੋਕਾਯੁਕਤ ਸੂਤਰਾਂ ਅਨੁਸਾਰ ਬੇਂਗਲੁਰੂ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੀਫ ਅਕਾਊਾਟ ਅਫਸਰ ਪ੍ਰਸ਼ਾਂਤ ਨੂੰ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ (ਕੇ ਐੱਸ ਡੀ ਐੱਲ) ਦੇ ਦਫਤਰ ‘ਚ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ | ਲੋਕਾਯੁਕਤ ਸੂਤਰਾਂ ਨੇ ਦੱਸਿਆ ਕਿ ਵਿਰੂਪਕਸ਼ੱਪਾ ਕੇ ਐੱਸ ਡੀ ਐੱਲ ਦਾ ਚੇਅਰਮੈਨ ਹੈ ਅਤੇ ਪ੍ਰਸ਼ਾਂਤ ਕਥਿਤ ਤੌਰ ‘ਤੇ ਆਪਣੇ ਪਿਤਾ ਦੀ ਤਰਫੋਂ ਰਿਸ਼ਵਤ ਦੀ ‘ਪਹਿਲੀ ਕਿਸ਼ਤ’ ਲੈ ਰਿਹਾ ਸੀ |
ਪੁਲਸ ਮੁਲਾਜ਼ਮਾਂ ਨੂੰ ਕੇ ਐੱਸ ਡੀ ਐੱਲ ਦਫਤਰ ਵਿੱਚੋਂ ਨਕਦੀ ਨਾਲ ਭਰੇ ਤਿੰਨ ਬੈਗ ਵੀ ਮਿਲੇ | ਲੋਕਾਯੁਕਤ ਅਧਿਕਾਰੀਆਂ ਨੇ ਪ੍ਰਸ਼ਾਂਤ ਦੇ ਫੜੇ ਜਾਣ ਤੋਂ ਤੁਰੰਤ ਬਾਅਦ ਉਸ ਦੇ ਘਰ ਛਾਪਾ ਮਾਰਿਆ | ਛਾਪਿਆਂ ਵਿਚ 8 ਕਰੋੜ ਰੁਪਏ ਮਿਲੇ | ਵੀਰੂਪਕਸ਼ੱਪਾ ਨੇ ਕੇ ਐੱਸ ਡੀ ਐੱਲ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਉਸ ਨੇ ਕਿਹਾ ਕਿ ਜਿਸ ਟੈਂਡਰ ਦੇ ਮਾਮਲੇ ‘ਚ ਬੇਟੇ ਨੇ ਰਿਸ਼ਵਤ ਲਈ, ਉਸ ਵਿਚ ਉਹ ਸ਼ਾਮਲ ਨਹੀਂ ਸੀ | ਵੀਰੂਪਕਸ਼ੱਪਾ ਦੇ ਅਸਤੀਫੇ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਸੀ ਕਿ ਲੋਕਾਯੁਕਤ ਨੂੰ ਮੁੜ ਸ਼ੁਰੂ ਕਰਨ ਦਾ ਮਕਸਦ ਰਾਜ ਵਿਚ ਭਿ੍ਸ਼ਟਾਚਾਰ ਨੂੰ ਖਤਮ ਕਰਨਾ ਸੀ |
ਲੋਕਾਯੁਕਤ ਅਧਿਕਾਰੀਆਂ ਮੁਤਾਬਕ ਪ੍ਰਸ਼ਾਂਤ ਕਰਨਾਟਕ ਐਡਮਨਿਸਟ੍ਰੇਟਿਵ ਸਰਵਿਸ ਦੇ 2008 ਬੈਚ ਦਾ ਅਧਿਕਾਰੀ ਹੈ | ਉਸ ਨੇ ਸਾਬਣ ਤੇ ਹੋਰ ਡਿਟਰਜੈਂਟ ਬਣਾਉਣ ਲਈ ਕੱਚੇ ਮਾਲ ਨੂੰ ਖਰੀਦਣ ਦੇ ਸੌਦੇ ਲਈ ਇਕ ਠੇਕੇਦਾਰ ਤੋਂ 80 ਲੱਖ ਰੁਪਏ ਮੰਗੇ ਸੀ | ਠੇਕੇਦਾਰ ਨੇ ਇਸ ਦੀ ਸ਼ਿਕਾਇਤ ਲੋਕਾਯੁਕਤ ਨੂੰ ਕੀਤੀ ਸੀ | ਲੋਕਾਯੁਕਤ ਦੇ ਅਧਿਕਾਰੀ ਮੁਤਾਬਕ ਪ੍ਰਸ਼ਾਂਤ ਨੂੰ ਰੰਗੇ ਹੱਥ ਨੱਪਣ ਦੀ ਯੋਜਨਾ ਬਣਾਈ ਗਈ |
ਅਧਿਕਾਰੀ ਮੁਤਾਬਕ ਰਿਸ਼ਵਤ ਮਦਲ ਵੀਰਪਕਸ਼ੱਪਾ ਦੀ ਤਰਫੋਂ ਇਹ ਰਕਮ ਲਈ ਗਈ | ਅਜਿਹੇ ਵਿਚ ਪਿਤਾ-ਪੁੱਤਰ ਦੋਨੋਂ ਮੁਲਜ਼ਮ ਹਨ | ਮਦਲ ਵੀਰੂਪਕਸ਼ੱਪਾ ਕਰਨਾਟਕ ਦੇ ਦਾਵਣਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਤੋਂ ਵਿਧਾਇਕ ਹੈ | ਕਰਨਾਟਕ ਦੱਖਣੀ ਭਾਰਤ ਦਾ ਇਕਲੌਤਾ ਰਾਜ ਹੈ, ਜਿੱਥੇ ਭਾਜਪਾ ਸੱਤਾ ਵਿਚ ਹੈ | ਅਪ੍ਰੈਲ-ਮਈ ਵਿਚ ਹੋਣ ਵਾਲੀ ਅਸੰਬਲੀ ਚੋਣ ਤੋਂ ਪਹਿਲਾਂ ਕੁਰੱਪਸ਼ਨ ਦਾ ਮੁੱਦਾ ਫਿਰ ਗਰਮਾ ਗਿਆ ਹੈ |