25 C
Jalandhar
Sunday, September 8, 2024
spot_img

ਕੇਂਦਰੀ ਏਜੰਸੀਆਂ ਨੂੰ ਮਗਰ ਪਾਉਣ ਖਿਲਾਫ 9 ਆਪੋਜ਼ੀਸ਼ਨ ਲੀਡਰਾਂ ਦਾ ਮੋਦੀ ਨੂੰ ਪੱਤਰ

ਹੈਦਰਾਬਾਦ : ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇ ਸੀ ਆਰ) ਸਣੇ ਨੌਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਂਝਾ ਪੱਤਰ ਲਿਖ ਕੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਮਸਲਾ ਉਨ੍ਹਾ ਦੇ ਧਿਆਨ ‘ਚ ਲਿਆਂਦਾ ਹੈ | ਪੱਤਰ ‘ਚ ਲਿਖਿਆ ਹੈ ਕਿ ਇਨ੍ਹਾਂ ਏਜੰਸੀਆਂ ਜ਼ਰੀਏ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਇਸ ਪੱਤਰ ‘ਤੇ ਸਹੀ ਪਾਉਣ ਵਾਲੇ ਹੋਰਨਾਂ ਆਗੂਆਂ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਤੇਜਸਵੀ ਯਾਦਵ (ਆਰ ਜੇ ਡੀ), ਸ਼ਰਦ ਪਵਾਰ (ਐੱਨ ਸੀ ਪੀ), ਫਾਰੂਕ ਅਬਦੁੱਲਾ (ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ), ਊਧਵ ਠਾਕਰੇ (ਸ਼ਿਵ ਸੈਨਾ-ਯੂ ਬੀ ਟੀ) ਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਸ਼ਾਮਲ ਹਨ |
ਪੱਤਰ ਵਿੱਚ ਸੀ ਬੀ ਆਈ ਵੱਲੋਂ ਦਿੱਲੀ ਸ਼ਰਾਬ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਕੀਤੀ ਗਿ੍ਫਤਾਰੀ ਨੂੰ ਪ੍ਰਮੁੱਖਤਾ ਨਾਲ ਉਭਾਰਦਿਆਂ ਆਗੂਆਂ ਨੇ ਦਾਅਵਾ ਕੀਤਾ ਕਿ ‘ਆਪ’ ਆਗੂ ਖਿਲਾਫ ਲੱਗੇ ਦੋਸ਼ ਬੇਬੁਨਿਆਦ ਹਨ ਤੇ ਇਸ ਵਿਚੋਂ ਸਿਆਸੀ ਸਾਜ਼ਿਸ਼ ਦੀ ਝਲਕ ਮਿਲਦੀ ਹੈ | ਆਗੂਆਂ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਅਤੇ ਸਾਬਕਾ ਟੀ ਐੱਮ ਸੀ ਆਗੂਆਂ ਸੁਵੇਂਦੂ ਅਧਿਕਾਰੀ ਤੇ ਮੁਕੁਲ ਰਾਏ ਦੀ ਮਿਸਾਲ ਦਿੰਦਿਆਂ ਦਾਅਵਾ ਕੀਤਾ ਕਿ ਜਾਂਚ ਏਜੰਸੀਆਂ ਉਨ੍ਹਾਂ ਵਿਰੋਧੀ ਆਗੂਆਂ ਖਿਲਾਫ ਆਪਣੀ ਜਾਂਚ ਮੱਠੀ ਕਰ ਦਿੰਦੀਆਂ ਹਨ, ਜੋ ਭਾਜਪਾ ‘ਚ ਸ਼ਾਮਲ ਹੋ ਜਾਂਦੇ ਹਨ | ਉਨ੍ਹਾਂ ਕਿਹਾ—ਸਾਲ 2014 ਮਗਰੋਂ ਵਿਰੋਧੀ ਧਿਰਾਂ ਦੇ ਆਗੂਆਂ ਖਿਲਾਫ ਛਾਪਿਆਂ, ਕੇਸ ਦਰਜ ਕਰਨ ਤੇ ਉਨ੍ਹਾਂ ਨੂੰ ਗਿ੍ਫਤਾਰ ਕਰਨ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ | ਲਾਲੂ ਪ੍ਰਸਾਦ ਯਾਦਵ (ਆਰ ਜੇ ਡੀ), ਸੰਜੈ ਰਾਊਤ (ਸ਼ਿਵ ਸੈਨਾ), ਆਜ਼ਮ ਖਾਨ (ਸਪਾ), ਨਵਾਬ ਮਲਿਕ, ਅਨਿਲ ਦੇਸ਼ਮੁੱਖ (ਐੱਨ ਸੀ ਪੀ) ਤੇ ਅਭਿਸ਼ੇਕ ਬੈਨਰਜੀ (ਟੀ ਐੱਮ ਸੀ) ਜਿਹੇ ਆਗੂਆਂ ਖਿਲਾਫ ਵਿੱਢੀ ਜਾਂਚ ਇਸ ਖਦਸ਼ੇ ਨੂੰ ਹੋਰ ਪੱਕਾ ਕਰਦੀ ਹੈ ਕਿ ਕੇੇਂਦਰੀ ਏਜੰਸੀਆਂ ਕੇਂਦਰ ਦੇ ਹੱਥਠੋਕੇ ਵਜੋਂ ਕੰਮ ਕਰ ਰਹੀਆਂ ਹਨ | ਇਨ੍ਹਾਂ ਆਗੂਆਂ ਨੇ ਸਾਂਝੇ ਪੱਤਰ ‘ਚ ਤਾਮਿਲਨਾਡੂ, ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਤਿਲੰਗਾਨਾ ਦੇ ਰਾਜਪਾਲਾਂ ਅਤੇ ਦਿੱਲੀ ਦੇ ਉਪ ਰਾਜਪਾਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕਰਦਿਆਂ ਅਕਸਰ ਸਰਕਾਰ ਦੇ ਕੰਮ ‘ਚ ਬੇਲੋੜਾ ਦਖਲ ਦਿੰਦੇ ਹਨ |

Related Articles

LEAVE A REPLY

Please enter your comment!
Please enter your name here

Latest Articles