ਪਰਵਾਸੀ ਮਜ਼ਦੂਰਾਂ ਬਾਰੇ ਅਫਵਾਹਾਂ ਫੈਲਾਉਣ ‘ਤੇ ਦੋ ਪੱਤਰਕਾਰਾਂ ਸਣੇ ਚਾਰ ਖਿਲਾਫ ਕੇਸ ਦਰਜ

0
201

ਚੇਨਈ : ਤਾਮਿਲਨਾਡੂ ਪੁਲਸ ਨੇ ਬਿਹਾਰ ਨਾਲ ਸੰਬੰਧਤ ਪਰਵਾਸੀ ਮਜ਼ਦੂਰਾਂ ‘ਤੇ ਹਮਲੇ ਨਾਲ ਸੰਬੰਧਤ ‘ਝੂਠੀ’ ਖਬਰ ਫੈਲਾਉਣ ਦੇ ਦੋਸ਼ ‘ਚ ਭਾਜਪਾ ਆਗੂ ਅਤੇ ਦੋ ਪੱਤਰਕਾਰਾਂ ਸਣੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਪੁਲਸ ਨੇ ਕਿਹਾ ਕਿ ਭਾਜਪਾ ਤਰਜਮਾਨ ਤੇ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਉਮਰਾਓ, ਦੈਨਿਕ ਭਾਸਕਰ ਦੇ ਇਕ ਸੰਪਾਦਕ, ਪਟਨਾ ਅਧਾਰਤ ਪੱਤਰਕਾਰ ਮੁਹੰਮਦ ਤਨਵੀਰ ਅਤੇ ਸ਼ੁਭਮ ਸ਼ੁਕਲਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ | ਪਰਵਾਸੀ ਕਾਮਿਆਂ ‘ਤੇ ਹਮਲੇ ਨਾਲ ਸੰਬੰਧਤ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਘੁੰਮਣ ਨਾਲ ਤਾਮਿਲਨਾਡੂ ‘ਚ ਕੰਮ ਕਰਦੇ ਪਰਵਾਸੀ ਕਾਮੇ ਖੌਫ ‘ਚ ਸਨ | ਇਨ੍ਹਾਂ ਵੀਡੀਓਜ਼ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਦੇ ਮੁੱਖ ਸਕੱਤਰ ਤੇ ਡੀ ਜੀ ਪੀ ਨੂੰ ਤਾਮਿਲਨਾਡੂ ਸਰਕਾਰ ਨਾਲ ਗੱਲਬਾਤ ਕਰਕੇ ਉਥੇ ਕੰਮ ਕਰ ਰਹੇ ਸੂਬੇ ਨਾਲ ਸੰਬੰਧਤ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਸੀ | ਉਨ੍ਹਾ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਕੋਲ ਇਸ ਬਾਰੇ ਚਿੰਤਾ ਵੀ ਜ਼ਾਹਰ ਕੀਤੀ ਸੀ | ਤਾਮਿਲਨਾਡੂ ਦੀ ਸਨਅਤ ਪਰਵਾਸੀ ਮਜ਼ਦੂਰਾਂ ਦੇ ਆਸਰੇ ਹੈ ਤੇ ਵੀਡੀਓਜ਼ ਤੋਂ ਬਾਅਦ ਕਈ ਮਜ਼ਦੂਰ ਕੰਮ ‘ਤੇ ਆਉਣੋਂ ਹਟ ਗਏ ਹਨ |
ਉਧਰ ਤਾਮਿਲਨਾਡੂ ਦੇ ਡੀ ਜੀ ਪੀ ਸ਼ੈਲੇਂਦਰ ਬਾਬੂ ਨੇ ਇਕ ਬਿਆਨ ‘ਚ ਸੋਸ਼ਲ ਮੀਡੀਆ ‘ਤੇ ਚੱਲ ਰਹੀ ਵੀਡੀਓ ਨੂੰ ਫਰਜ਼ੀ ਤੇ ਸ਼ਰਾਰਤ-ਭਰੀ ਕਰਾਰ ਦਿੱਤਾ ਹੈ | ਉਨ੍ਹਾ ਕਿਹਾ—ਕਿਸੇ ਨੇ ਬਿਹਾਰ ਤੋਂ ਦੋ ਸ਼ਰਾਰਤੀ ਵੀਡੀਓਜ਼ ਪੋਸਟ ਕਰ ਦਿੱਤੀਆਂ ਕਿ ਪਰਵਾਸੀ ਮਜ਼ਦੂਰਾਂ ‘ਤੇ ਹਮਲੇ ਹੋ ਰਹੇ ਹਨ | ਇਹ ਵੀਡੀਓ ਤਿਰੁਪੁਰ ਤੇ ਕੋਇੰਬਟੂਰ ਵਿਚ ਵਾਪਰੀਆਂ ਦੋ ਘਟਨਾਵਾਂ ਬਾਰੇ ਸਨ | ਇਕ ਵਿਚ ਬਿਹਾਰ ਦੇ ਦੋ ਪਰਵਾਸੀ ਮਜ਼ਦੂਰ ਲੜ ਰਹੇ ਹਨ, ਜਦਕਿ ਦੂਜੀ ਵਿਚ ਦੋ ਸਥਾਨਕ ਲੋਕ ਲੜ ਰਹੇ ਹਨ | ਡੀ ਜੀ ਪੀ ਨੇ ਕਿਹਾ ਕਿ ਦਹਿਸ਼ਤ ਪੈਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ |
ਅਖਬਾਰ ਨੇ ਤਾਮਿਲਨਾਡੂ ਦੇ ਇਕ ਬਿਹਾਰੀ ਬੰਦੇ ਦੇ ਫੋਨ ਦੇ ਆਧਾਰ ‘ਤੇ ਖਬਰ ਛਾਪ ਦਿੱਤੀ ਸੀ ਕਿ 15 ਬਿਹਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ | ਹਿੰਦੀ ਬੋਲਣ ਕਰਕੇ ਬਿਹਾਰੀਆਂ ‘ਤੇ ਹਮਲੇ ਕੀਤੇ ਜਾ ਰਹੇ ਹਨ | ਇਸ ਨੇ ਇਹ ਵੀ ਲਿਖਿਆ ਸੀ ਕਿ ਬਿਹਾਰੀਆਂ ‘ਤੇ ਤਾਲਿਬਾਨੀ ਸਟਾਈਲ ਵਿਚ ਹਮਲੇ ਹੋ ਰਹੇ ਹਨ |

LEAVE A REPLY

Please enter your comment!
Please enter your name here